ਸ਼ਾਹਕੋਟ ਲੰਗਰ ਕਮੇਟੀ ਦੇ ਸੇਵਾਦਾਰਾਂ ਦਾ ਕੀਤਾ ਨਿੱਘਾ ਸਵਾਗਤ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਇਲਾਕੇ ਦੀ ਇੱਕ ਅਜਿਹੀ ਮਸ਼ਹੂਰ ਧਾਰਮਿਕ ਸੰਸਥਾ ਹੈ ਜੋ ਸਾਲ 2006 ਤੋਂ ਦਾਨਵੀਰਾਂ ਦੇ ਵੱਡਮੁੱਲੇ ਸਹਿਯੋਗ ਨਾਲ ਲਗਾਤਾਰ ਸ਼ਿਵ ਭਗਤਾਂ ਨੂੰ ਸ਼੍ਰੀ ਅਮਰਨਾਥ ਜੀ ਦੀ ਪਾਵਣ ਯਾਤਰਾ ਅਤੇ ਸ਼੍ਰੀ ਹਿਮ-ਸ਼ਿਵਲਿੰਗ ਜੀ ਦੇ ਦਰਸ਼ਨ ਬੜੇ ਸ਼ਰਧਾ ਭਾਵ ਅਤੇ ਅਨੁਸ਼ਾਸਨ ਭਰੇ ਸਲੀਕੇ ਨਾਲ ਕਰਵਾ ਰਹੀ ਹੈ। ਦੇਸ਼-ਵਿਦੇਸ਼ ਤੋਂ ਯਾਤਰੀ ਹਰ ਸਾਲ ਮੰਡਲ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਸਮੇਤ ਪਰਿਵਾਰ ਪਾਵਣ ਯਾਤਰਾ ਕਰਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਜਦੋਂ ਯਾਤਰੀ ਪਾਵਣ ਗੁਫ਼ਾ ਤੱਕ ਪਹੁੰਚਦੇ ਹਨ ਤਾਂ ਸ਼ਾਹਕੋਟ ਲੰਗਰ ਕਮੇਟੀ ਯਾਤਰੀਆਂ ਦਾ ਭਰਮਾਂ ਸਵਾਗਤ ਕਰਦੀ ਹੈ। ਸ਼ਾਹਕੋਟ ਤੋਂ ਸ਼੍ਰੀ ਚਰਨ ਦਾਸ ਜੀ ਜੋ ਸ਼ਿਵ ਦੇ ਦਾਸ ਬਣਕੇ ਭੰਡਾਰਾ ਲਗਾਉਂਦੇ ਹਨ ਅਤੇ ਲੱਖਾਂ ਯਾਤਰੀਆਂ ਨੂੰ ਸ਼ਿਵ ਕਿਰਪਾ ਨਾਲ ਖਾਣ-ਪਾਣ, ਰਹਿਣ-ਸਹਿਣ ਦੇ ਉਚਿੱਤ ਪ੍ਰਬੰਧ ਕਰਦੇ ਹਨ। ਸਮੁੰਦਰ ਤਲ ਤੋਂ 14000 ਫੁੱਟ ਉੱਚੇ ਸਥਾਨ ਤੱਕ ਨਿਰਸਵਾਰਥ ਭਾਵ ਨਾਲ ਸੇਵਾ ਪ੍ਰਦਾਨ ਕਰਨੀ ਇੱਕ ਬਹੁਤ ਹੀ ਕਾਬਿਲ-ਏ-ਤਾਰੀਫ਼ ਗੱਲ ਹੈ।
ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਕੋਵਿਡ-19 ਕਾਰਣ ਸਾਲ 2020 ਅਤੇ 2021 ਵਿੱਚ ਯਾਤਰਾ ਨਹੀਂ ਹੋ ਸਕੀ ਫ਼ਿਰ ਵੀ ਸ਼ਾਹਕੋਟ ਲੰਗਰ ਕਮੇਟੀ ਦੇ ਸੇਵਾਦਾਰ ਸ਼੍ਰੀ ਮੁਨੀਸ਼ ਜੀ ਸ਼੍ਰੀ ਹਿਮ ਸ਼ਿਵਲਿੰਗ ਜੀ ਦੇ ਦਰਸ਼ਨ ਕਰਨ ਵਿੱਚ ਸਫਲ ਹੋਏ ਅਤੇ ਬਾਬਾ ਬਰਫ਼ਾਨੀ ਜੀ ਨੇ ਉਹਨਾਂ ਪਾਸ ਆਪਣਾ ਅਲੌਕਿਕ ਪ੍ਰਸਾਦ ਭੇਜਿਆ। ਮੁਨੀਸ਼ ਜੀ ਅਤੇ ਉਹਨਾਂ ਦੇ ਸਾਥੀ ਸੰਦੀਪ ਜੀ ਨੇ ਮੰਡਲ ਪ੍ਰਧਾਨ ਅਸ਼ੋਕ ਸੰਧੂ ਦੇ ਘਰ ਤੱਕ ਪ੍ਰਸਾਦ ਪਹੁੰਚਾਇਆ। ਪ੍ਰਸਾਦ ਦੀ ਕਿਰਪਾ ਪਾਕੇ ਮੰਡਲ ਪ੍ਰਧਾਨ ਬਾਗੋ-ਬਾਗ ਹੋ ਗਏ ਅਤੇ ਸ਼ਿਵ ਕਿਰਪਾ ਅੱਗੇ ਨਤਮਸਤਕ ਹੋਏ। ਇਸ ਮੌਕੇ ਮੰਡਲ ਪ੍ਰਧਾਨ ਅਸ਼ੋਕ ਸੰਧੂ ਅਤੇ ਮੰਡਲ ਮੈਂਬਰ ਆਂਚਲ ਸੰਧੂ ਸੋਖਲ ਨੇ ਮੁਨੀਸ਼ ਜੀ ਅਤੇ ਉਹਨਾਂ ਦੇ ਸਾਥੀ ਦਾ ਭਰਮਾਂ ਸਵਾਗਤ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly