ਪੰਜਾਬ ਵਿੱਚ ਝੋਨੇ ਦੇ ਸਾਰੇ ਖ਼ਰੀਦ ਕੇਂਦਰ ਅੱਜ ਤੋਂ ਬੰਦ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿਚ ਭਲਕ ਤੋਂ ਸਾਰੇ ਖ਼ਰੀਦ ਕੇਂਦਰ ਬੰਦ ਹੋ ਜਾਣਗੇ ਜਿਸ ਕਰਕੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦੀ ਫ਼ਸਲ ਵੇਚਣ ਲਈ ਵੱਡੀ ਬਿਪਤਾ ਖੜ੍ਹੀ ਹੋ ਗਈ ਹੈ| ਅਗਾਮੀ ਚੋਣਾਂ ਤੋਂ ਪਹਿਲਾਂ ਝੋਨੇ ਦੀ ਖ਼ਰੀਦ ਵਿਚ ਆਈ ਮੁਸ਼ਕਲ ਪੰਜਾਬ ਸਰਕਾਰ ਲਈ ਵੀ ਸਮੱਸਿਆ ਖੜ੍ਹੀ ਕਰ ਸਕਦੀ ਹੈ| ਪੰਜਾਬ ਸਰਕਾਰ ਨੇ 30 ਨਵੰਬਰ ਤੱਕ ਝੋਨੇ ਦੀ ਖ਼ਰੀਦ ਕਰਨੀ ਸੀ ਪਰ ਸਰਕਾਰ ਸਮੇੇਂ ਤੋਂ ਪਹਿਲਾਂ ਹੀ ਖ਼ਰੀਦ ਕੇਂਦਰ ਬੰਦ ਕਰ ਰਹੀ ਹੈ| ਵੀਰਵਾਰ ਨੂੰ ਖ਼ਰੀਦ ਕੇਂਦਰਾਂ ’ਤੇ ਆਖ਼ਰੀ ਖ਼ਰੀਦ ਹੋਵੇਗੀ|

ਕਿਸਾਨ ਧਿਰਾਂ ਦਾ ਕਹਿਣਾ ਹੈ ਕਿ 15 ਤੋਂ 20 ਫੀਸਦੀ ਝੋਨੇ ਦੀ ਫ਼ਸਲ ਹਾਲੇ ਵੀ ਖੇਤਾਂ ਵਿਚ ਖੜ੍ਹੀ ਹੈ ਅਤੇ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਗਈ ਹੈ| ਪੰਜਾਬ ਸਰਕਾਰ ਤਰਫੋਂ ਹੁਣ ਤੱਕ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਅੱਜ ਵੀ ਕਰੀਬ 5 ਲੱਖ ਮੀਟ੍ਰਿਕ ਟਨ ਫਸਲ ਮੰਡੀਆਂ ਵਿਚ ਪੁੱਜੀ ਹੈ| ਐਤਕੀਂ ਕੇਂਦਰ ਨੇ ਪੰਜਾਬ ’ਚੋਂ 170 ਲੱਖ ਮੀਟ੍ਰਿਕ ਟਨ ਫ਼ਸਲ ਖਰੀਦ ਕਰਨ ਦਾ ਟੀਚਾ ਦਿੱਤਾ ਸੀ ਜਦੋਂ ਕਿ ਪੰਜਾਬ ਸਰਕਾਰ ਨੇ 191 ਲੱਖ ਮੀਟ੍ਰਿਕ ਟਨ ਦੀ ਮੰਗ ਰੱਖੀ ਸੀ|

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਕਿ ਹੈ ਕਿ ਝੋਨੇ ਦੀ ਖ਼ਰੀਦ ਦੇ ਟੀਚੇ ਵਿਚ ਵਾਧਾ ਕੀਤਾ ਜਾਵੇ| ਕੇਂਦਰ ਨੇ ਮੰਗ ਨਾ ਮੰਨੀ ਤਾਂ ਰਾਜ ਸਰਕਾਰ ਨੂੰ ਆਪਣੇ ਪੱਲਿਓਂ ਖਰੀਦ ਕਰਨੀ ਪਵੇਗੀ| ਅੱਜ ਦੇਰ ਸ਼ਾਮ ਵਿੱਤ ਕਮਿਸ਼ਨਰ ਡੀ.ਕੇ. ਤਿਵਾੜੀ ਨੇ ਉੱਚ ਪੱਧਰੀ ਵਰਚੁਅਲ ਮੀਟਿੰਗ ਕੀਤੀ ਹੈ ਜਿਸ ਵਿਚ ਭਾਰਤੀ ਖੁਰਾਕ ਨਿਗਮ ਨੇ ਮੰਡੀਆਂ ਵਿਚ ਵੱਧ ਫ਼ਸਲ ਆਉਣ ’ਤੇ ਉਂਗਲ ਖੜ੍ਹੀ ਕੀਤੀ ਹੈ| ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਧ ਫ਼ਸਲ ਆਉਣ ਬਾਰੇ ਰਾਜ ਸਰਕਾਰ ਤੋਂ ਪੁੱਛ ਪੜਤਾਲ ਕਰ ਸਕਦੀ ਹੈ|

ਖੁਰਾਕ ਤੇ ਸਪਲਾਈਜ਼ ਵਿਭਾਗ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਉਨ੍ਹਾਂ ਕਿਸਾਨਾਂ ਦੀ ਸ਼ਨਾਖਤ ਕੀਤੀ ਜਾਵੇ ਜਿਨ੍ਹਾਂ ਦੀ ਜ਼ਮੀਨ ਦੇ ਇੱਕੋ ਖਸਰਾ ਨੰਬਰ ਦੀ ਮੈਪਿੰਗ ਵੱਖ-ਵੱਖ ਆੜ੍ਹਤੀਆਂ ਵੱਲੋਂ ਕਰਾਈ ਗਈ ਹੈ| ਭਾਵ ਇੱਕ ਤੋਂ ਵੱਧ ਦੋ ਜਾਂ ਤਿੰਨ ਥਾਵਾਂ ’ਤੇ ਹੋਈ ਹੈ| ਪਤਾ ਲੱਗਾ ਹੈ ਕਿ ਓਨਾ ਸਮਾਂ ਸਰਕਾਰ ਅਦਾਇਗੀ ਵੀ ਰੋਕ ਸਕਦੀ ਹੈ| ਪੰਜਾਬ ਸਰਕਾਰ ਨੇ ਅੱਜ ਵੀ ਭਾਰਤੀ ਖੁਰਾਕ ਨਿਗਮ ਨੂੰ ਤਰਕ ਦਿੱਤੇ ਹਨ ਕਿ ਹਰਿਆਣਾ ਵਿਚ ਝੋਨੇ ਦੀ ਆਮਦ ਘਟੀ ਹੈ ਅਤੇ ਇਹ ਫ਼ਸਲ ਪੰਜਾਬ ਵਿਚ ਵਿਕੀ ਹੋ ਸਕਦੀ ਹੈ| ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਆਖ ਰਹੇ ਹਨ ਕਿ ਭਾਵੇਂ ਖਰੀਦ ਕੇਂਦਰ ਬੰਦ ਕਰ ਰਹੇ ਹਾਂ ਪਰ ਕਿਸਾਨਾਂ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ| ਜਾਣਕਾਰੀ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਹਾਲੇ ਖੇਤਾਂ ਵਿਚ ਖੜ੍ਹੀ ਹੈ, ਉਨ੍ਹਾਂ ਕਿਸਾਨਾਂ ਵਿਚ ਚੰਨੀ ਸਰਕਾਰ ਖ਼ਿਲਾਫ਼ ਰੋਹ ਪੈਦਾ ਹੋ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਹਿੰਸਾ: ਕੇਂਦਰੀ ਮੰਤਰੀ ਦੇ ਪੁੱਤਰ ਕੋਲੋਂ ਮਿਲੇ ਹਥਿਆਰ ਵਿਚੋਂ ਗੋਲੀ ਚੱਲਣ ਦੀ ਪੁਸ਼ਟੀ
Next article‘ਅਫ਼ਗਾਨਿਸਤਾਨ ਦੀ ਧਰਤੀ ਅਤਿਵਾਦ ਲਈ ਨਾ ਵਰਤੀ ਜਾਵੇ’