ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਨੂੰ ਨਕਦੀ ਘੋਟਾਲੇ ਕਾਰਨ ਵੱਡਾ ਝਟਕਾ ਲੱਗਾ ਹੈ। ਦਿੱਲੀ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਜਸਟਿਸ ਵਰਮਾ ਤੋਂ ਸਾਰੇ ਨਿਆਂਇਕ ਕੰਮ ਵਾਪਸ ਲੈਣ ਦਾ ਸਰਕੂਲਰ ਜਾਰੀ ਕਰ ਦਿੱਤਾ ਹੈ। ਇਹ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ।
ਸਰਕੂਲਰ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਜਸਟਿਸ ਯਸ਼ਵੰਤ ਵਰਮਾ ਦੀ ਬੈਂਚ ਹੁਣ ਕਿਸੇ ਕੇਸ ਦੀ ਸੁਣਵਾਈ ਨਹੀਂ ਕਰੇਗੀ। ਦਿੱਲੀ ਹਾਈਕੋਰਟ ਨੇ ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਫੈਸਲਾ ਲਿਆ ਹੈ ਅਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਅਦਾਲਤ ਨੇ ਇਹ ਵੀ ਦੱਸਿਆ ਕਿ ਡਿਵੀਜ਼ਨ ਬੈਂਚ-3 ਦਾ ਕੋਰਟ ਮਾਸਟਰ ਹੁਣ ਕੇਸਾਂ ਵਿੱਚ ਨਵੀਆਂ ਤਰੀਕਾਂ ਦੇਵੇਗਾ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਜਸਟਿਸ ਵਰਮਾ ਤੋਂ ਸਾਰੇ ਨਿਆਂਇਕ ਕੰਮ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਅੱਜ ਦਿੱਲੀ ਹਾਈ ਕੋਰਟ ਨੇ ਇਹ ਰਸਮੀ ਸਰਕੂਲਰ ਜਾਰੀ ਕੀਤਾ ਹੈ।
ਹਾਲ ਹੀ ਵਿੱਚ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀਕੇ ਉਪਾਧਿਆਏ ਨੇ ਜਸਟਿਸ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ‘ਤੇ ਲੱਗੀ ਅੱਗ ਬਾਰੇ ਸੀਜੇਆਈ ਸੰਜੀਵ ਖੰਨਾ ਨੂੰ ਇੱਕ ਵਿਸਥਾਰਤ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ਨੂੰ ਸੁਪਰੀਮ ਕੋਰਟ ਨੇ ਵੀ ਜਨਤਕ ਕੀਤਾ ਸੀ। ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਸੜੇ ਹੋਏ ਨੋਟਾਂ ਦੇ ਬੰਡਲ ਦਿਖਾਈ ਦੇ ਰਹੇ ਸਨ। ਹਾਲਾਂਕਿ ਜਸਟਿਸ ਵਰਮਾ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਕਿਸੇ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਜੇਆਈ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਜਸਟਿਸ ਸ਼ੀਲ ਨਾਗੂ, ਜਸਟਿਸ ਸੰਧਾਵਾਲੀਆ ਅਤੇ ਜਸਟਿਸ ਸ਼ਿਵਰਾਮਨ ਸ਼ਾਮਲ ਹਨ। ਸੀਜੇਆਈ ਸੰਜੀਵ ਖੰਨਾ ਨੇ ਪਹਿਲਾਂ ਹੀ ਜਸਟਿਸ ਵਰਮਾ ਨੂੰ ਨਿਆਂਇਕ ਕੰਮ ਤੋਂ ਦੂਰ ਰਹਿਣ ਲਈ ਕਿਹਾ ਸੀ।
ਦੱਸ ਦੇਈਏ ਕਿ 14 ਮਾਰਚ ਨੂੰ ਹੋਲੀ ਦੀ ਰਾਤ ਕਰੀਬ 11:35 ਵਜੇ ਜਸਟਿਸ ਵਰਮਾ ਦੇ ਸਰਕਾਰੀ ਬੰਗਲੇ ਵਿੱਚ ਅੱਗ ਲੱਗ ਗਈ ਸੀ। ਉਹ ਉਸ ਸਮੇਂ ਦਿੱਲੀ ਤੋਂ ਬਾਹਰ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਵੀ ਪਹੁੰਚ ਗਿਆ ਸੀ। ਇਸ ਦੌਰਾਨ ਉਥੇ ਕਥਿਤ ਤੌਰ ‘ਤੇ ਭਾਰੀ ਮਾਤਰਾ ‘ਚ ਨਕਦੀ ਬਰਾਮਦ ਹੋਈ। ਫਾਇਰ ਕਰਮੀਆਂ ਨੂੰ ਕਰੰਸੀ ਨੋਟਾਂ ਨਾਲ ਭਰਿਆ ਪੂਰਾ ਕਮਰਾ ਮਿਲਿਆ, ਜਿਸ ਤੋਂ ਬਾਅਦ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly