ਕੀਵ ਵਿਚੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ: ਸ਼੍ਰਿੰਗਲਾ

ਨਵੀਂ ਦਿੱਲੀ (ਸਮਾਜ ਵੀਕਲੀ): ਰੂਸ ਤੇ ਯੂਕਰੇਨ ਵਿਚਾਲੇ ਜਾਰੀ ਸੰਕਟ ਦਰਮਿਆਨ ਭਾਰਤ ਨੇ ਅੱਜ ਯੂਕਰੇਨ ਦੀ ਰਾਜਧਾਨੀ ਕੀਵ ’ਚੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲੈਣ ਦਾ ਦਾਅਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮੀਂ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਭਾਰਤੀ ਨਾਗਰਿਕਾਂ ਨੂੰ ਜੰਗ ਦੇ ਝੰਬੇ ਮੁਲਕ ’ਚੋਂ ਸੁਰੱਖਿਅਤ ਵਾਪਸ ਲਿਆਉਣ ਦੇ ਅਮਲ ’ਤੇ ਚਰਚਾ ਕੀਤੀ ਗਈ। ਯੂਕਰੇਨ ਹਾਲਾਤ ਨੂੰ ਲੈ ਕੇ ਐਤਵਾਰ ਤੋਂ ਇਹ ਚੌਥੀ ਉੱਚ ਪੱਧਰੀ ਮੀਟਿੰਗ ਹੈ। ਮੀਟਿੰਗ ਮਗਰੋਂ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਕਰੇਨ ਤੋਂ ਗੁਆਂਢੀ ਮੁਲਕਾਂ ਵੱਲ ਕੂਚ ਕਰ ਗਏ ਭਾਰਤੀ ਨਾਗਰਿਕਾਂ ਨੂੰ ਅਗਲੇ ਤਿੰਨ ਦਿਨਾਂ ਵਿੱਚ 26 ਉਡਾਣਾਂ ਜ਼ਰੀਏ ਵਾਪਸ ਵਤਨ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਰੋਮਾਨੀਆ ਦੇ ਬੁਖਾਰੈਸਟ ਤੇ ਹੰਗਰੀ ਦੇ ਬੁਡਾਪੈਸਟ ਹਵਾਈ ਅੱਡਿਆਂ ਤੋਂ ਇਲਾਵਾ ਪੋਲੈਂਡ ਤੇ ਸਲੋਵਾਕੀਆ ਗਣਰਾਜ ਦੇ ਹਵਾਈ ਅੱਡੇ ਵੀ ਇਸ ਕੰਮ ਲਈ ਵਰਤੇ ਜਾਣਗੇ। ਸ਼ਿ੍ਰੰਗਲਾ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹੁਣ ਇਕ ਵੀ ਭਾਰਤੀ ਨਹੀਂ ਹੈ। ਮੀਟਿੰਗ ਵਿੱਚ ਸਿਖਰਲੀ ਅਫ਼ਸਰਸ਼ਾਹੀ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਵਣਜ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।

ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਅੱਜ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਗੋਲਾਬਾਰੀ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਜਾਨ ਜਾਂਦੀ ਰਹੀ ਤੇ ਰੂਸੀ ਫੌਜ ਯੂਕਰੇਨ ਦੇ ਧੁਰ ਅੰਦਰ ਦਾਖ਼ਲ ਹੋਣ ਦੇ ਨੇੜੇ ਪੁੱਜ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਉਥੋਂ ਵਾਪਸ ਲਿਆਉਣਾ ਸਰਕਾਰ ਦੀ ਸਿਖਰਲੀ ਤਰਜੀਹ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਜੰਗ ਦੀ ਮਾਰ ਹੇਠ ਆਏ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਸਬੰਧੀ ਜੇਕਰ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਜਾਂ ਕੋਈ ਫੋਨ ਆਉਂਦਾ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਨਾਲ ਸਿੱਧਾ ਰਾਬਤਾ ਕਰ ਸਕਦੇ ਹਨ। ਕੇਂਦਰੀ ਮੰਤਰੀ ਨੇ ਲੰਘੇ ਦਿਨ ਭੇਜੇ ਪੱਤਰ ਵਿੱਚ ਕਿਹਾ, ‘‘ਕ੍ਰਿਪਾ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੇ ਪੁੱਛਗਿੱਛ ਦਾ ਨੋਟਿਸ ਲਿਆ ਜਾਵੇ।’’ ਉਨ੍ਹਾਂ ਈ-ਮੇਲ ਆਈਡੀ ਤੇ ਵਟਸਐਪ ਨੰਬਰ ਵੀ ਸਾਂਝਾ ਕੀਤਾ, ਜਿਸ ’ਤੇ ਸੰਸਦ ਮੈਂਬਰ ਤਫ਼ਸੀਲ ਸਾਂਝੀ ਕਰ ਸਕਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePutin will pay high price for invading Ukraine: Biden
Next articleThousands fight to get on trains out of Kiev