ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੀਤੇ ਗਏ ਫੈਸਲੇ ਉਪਰ ਅਮਲ ਕਰਦਿਆਂ ਪਹਿਲਾਂ ਚਾਰੋਂ ਸਬ ਡਵੀਜਨਾਂ ਉਪਰ ਐਸ.ਡੀ.ਐਮਜ਼ ਰਾਹੀਂ ਪੰਜਾਬ ਸਰਕਾਰ ਨੂੰ ਆਪਣੀਆਂ ਭੱਖਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ। ਅੱਜ 24 ਫਰਵਰੀ 2025 ਨੂੰ ਸ਼ਹੀਦ ਧੰਨਾ ਸਿੰਘ ਬਹਿਬਲਪੁਰ ਪਾਰਕ ਹੁਸ਼ਿਆਰਪੁਰ ਵਿੱਚ ਇਕੱਠ ਕੀਤਾ ਗਿਆ, ਜਿਸ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਾਥੀਆਂ ਨੇ ਆਪਣੇ ਝੰਡੇ ਬੈਨਰ ਲੈ ਕੇ ਮਿਨੀ ਸਕੱਤਰੇਤ ਵੱਲ ਨੂੰ ਮਾਰਚ ਸ਼ੁਰੂ ਕੀਤਾ। ਆਪਣੇ ਮੰਗ ਪੱਤਰ ਦੇ ਆਧਾਰ ਤੇ ਸਾਥੀ ਜੋਰਦਾਰ ਨਾਹਰਿਆਂ ਰਾਹੀਂ ਪੰਜਾਬ ਸਰਕਾਰ ਪਾਸੋਂ ਮੰਗ ਕਰ ਰਹੇ ਸਨ-ਮਨਰੇਗਾ ਵਰਕਰਾਂ ਨੂੰ ਸਾਲ ਵਿੱਚ 250 ਦਿਨ ਕੰਮ ਅਤੇ ਦਿਹਾੜੀ 600 ਰੁਪਏ ਦਿੱਤੀ ਜਾਵੇ, ਬੇਘਰਿਆਂ ਅਤੇ ਤੰਗ ਮਕਾਨਾਂ ਵਾਲੇ ਪਰਿਵਾਰਾਂ ਨੂੰ 10 ਮਰਲੇ ਦਾ ਪਲਾਟ ਅਤੇ ਮਕਾਨ ਉਸਾਰੀ ਲਈ 5 ਲੱਖ ਰੁਪਏ ਗਰਾਂਟ ਦਿੱਤੀ ਜਾਵੇ, ਪਬਲਿਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ, ਖਾਣ ਵਾਲੀਆਂ ਸਾਰੀਆਂ ਵਸਤਾਂ ਅਤੇ ਰਸੋਈ ਗੈਸ ਸਸਤੇ ਭਾਅ ਦਿੱਤੀ ਜਾਵੇ, ਦਲਿਤਾਂ ਅਤੇ ਪੇਂਡੂ ਗਰੀਬਾਂ ਦੇ ਸਾਰੇ ਕਰਜ਼ੇ ਬਿਨ੍ਹਾਂ ਸ਼ਰਤ ਮੁਆਫ ਕੀਤੇ ਜਾਣ, ਜ਼ਮੀਨੀ ਸੁਧਾਰ ਕਰਕੇ ਬੇਜ਼ਮੀਨਿਆਂ ਨੂੰ ਜ਼ਮੀਨ ਵੰਡੀ ਜਾਵੇ, ਪਿੰਡਾਂ ਦੀ ਪੰਚਾਇਤੀ ਜ਼ਮੀਨ ਵਿਚੋਂ ਦਲਿਤ ਪਰਿਵਾਰਾਂ ਨੂੰ ਤੀਸਰਾ ਹਿੱਸਾ ਜ਼ਮੀਨ ਖੇਤੀ ਲਈ ਦਿੱਤੀ ਜਾਵੇ, ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਨਵੇਂ ਰੁਜ਼ਗਾਰ ਪੈਦਾ ਕਰਨ ਲਈ ਖੇਤੀ ਅਧਾਰਿਤ ਕਾਰਖਾਨੇ ਲਗਾਏ ਜਾਣ, ਦਲਿਤ ਔਰਤਾਂ ਨਾਲ ਹੋ ਰਹੇ ਧੱਕੇ ਅਤੇ ਜ਼ਬਰ ਬੰਦ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਜਗ੍ਹਾ ਦਾ ਮਾਲਕੀ ਹੱਕ ਦਿੱਤਾ ਜਾਵੇ। ਸਾਥੀਆਂ ਨੇ ਮਿਨੀ ਸਕੱਤਰੇਤ ਦੇ ਮੇਨ ਗੇਟ ਅੱਗੇ ਧਰਨਾ ਮਾਰ ਕੇ ਆਪਣੀਆਂ ਮੰਗਾਂ ਸਬੰਧੀ ਜ਼ੋਰਦਾਰ ਨਾਹਰੇ ਬੁਲੰਦ ਕੀਤੇ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਗਰੀਬ ਲੋਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੁਰੰਤ ਪ੍ਰਵਾਨ ਕਰਕੇ ਲਾਗੂ ਕਰਨ।ਇਸ ਮੌਕੇ ਕਾਮਰੇਡ ਗੁਰਮੇਸ਼ ਸਿੰਘ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ, ਮਹਿੰਦਰ ਸਿੰਘ ਭੀਲੋਵਾਲ ਪ੍ਰਧਾਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ, ਹਰਬੰਸ ਸਿੰਘ ਧੂਤ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ, ਸੀਟੂ ਦੇ ਸੂਬਾਈ ਆਗੂ ਮਹਿੰਦਰ ਕੁਮਾਰ ਬੱਢੋਆਣ ਅਤੇ ਮੋਹਨ ਲਾਲ ਬੀਣੇਵਾਲ ਨੇ ਇਕੱਠ ਨੂੰ ਸੰਬੋਧਨ ਕੀਤਾ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਗੈਰ ਮੌਜੂਦਗੀ ਵਿੱਚ ਤਹਿਸੀਲਦਾਰ ਹੁਸ਼ਿਆਰਪੁਰ ਨੇ ਧਰਨੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਅਖੀਰ ਵਿੱਚ ਸਾਥੀ ਹਰਬੰਸ ਸਿੰਘ ਧੂਤ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj