ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸਾਬਕਾ ਕੌਮੀ ਕੈਸ਼ੀਅਰ ਦੀ ਵਾਇਰਲ ਹੋਈ ਚਿੱਠੀ ਨੇ ਪਾਜ ਉੱਘਾੜੇ ”

ਸ਼੍ਰੀ ਖੁਰਾਲਗੜ੍ਹ ਸਾਹਿਬ ਜੀ
• ਸ਼੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਅਸਥਾਨ ਦੇ ਪ੍ਰਬੰਧਾਂ ‘ਤੇ ਕਾਬਿਜ਼ ਪਰਿਵਾਰ ਕਰ ਰਿਹਾ ਮਨਮਾਨੀ- 
                                             
  • ਕਰੋਨਾ ਤੋਂ ਪਹਿਲਾਂ ਰੋਜਾਨਾ ਹੁੰਦਾ ਸੀ ਸਾਰਾ  ਹਿਸਾਬ ਕਿਤਾਬ : ਸੰਤ ਸਤਵਿੰਦਰ ਹੀਰਾ                               
 • ਪ੍ਰਬੰਧਾਂ ਤੇ ਕਾਬਿਜ਼ ਸੰਤ ਸੁਰਿੰਦਰ ਦਾਸ ਨੇ ਪਰਿਵਾਰਵਾਦ ਦੇ ਦੋਸ਼ ਨਕਾਰੇ ; ਉਲਟਾ ਪੁਰਾਣੀ ਕਮੇਟੀ ਤੇ ਲਾਏ ਹੇਰਾਫੇਰੀ ਦੇ ਦੋਸ਼ 
 ਹੁਸ਼ਿਆਰਪੁਰ (ਸਮਾਜ ਵੀਕਲੀ) (  ਤਰਸੇਮ ਦੀਵਾਨਾ  ) ਪੂਰੇ ਭਾਰਤ ਵਿੱਚ ਪ੍ਰਸਿੱਧੀ ਪ੍ਰਾਪਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦਾ ਪ੍ਰਬੰਧ ਅੱਜਕਲ੍ਹ ਵਿਵਾਦਾਂ ਵਿੱਚ ਹੈ | ਭਾਵੇਂ ਸਮੇਂ ਸਮੇਂ ਤੇ ਵਿਵਾਦਾਂ ਵਿਚ ਰਹਿਣ ਕਰਕੇ ਕਈ ਵਾਰ ਸੰਗਤਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ । ਪਰ ਹਾਲ ਹੀ ਵਿੱਚ ਸ਼ੋਸ਼ਲ ਮੀਡੀਏ ਤੇ ਵਾਇਰਲ ਕੌਮੀ ਕੈਸ਼ਿਅਰ ਰਹਿ ਚੁੱਕੇ ਅਮਿਤ ਦੀ ਚਿੱਠੀ ਨੇ ਤਰੱਥਲੀ ਮਚਾ ਰੱਖੀ ਹੈ | ਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ ਪਹੁੰਚੀ ਇਸ ਚਿੱਠੀ ਵਿੱਚ ਅਮਿਤ ਵਲੋਂ ਪ੍ਰਬੰਧਕ ਕਮੇਟੀ ਤੋਂ ਪਿਛਲੇ ਸਾਲਾਂ ਦਾ ਹਿਸਾਬ ਪੁੱਛਣ ਅਤੇ ਕਮੇਟੀ ਵਲੋਂ ਕੋਈ ਹਿਸਾਬ ਪੇਸ਼ ਨਾ ਕਰਨ ਦਾ ਜਿਕਰ ਵੀ ਕੀਤਾ ਗਿਆ ਹੈ ਜਿਸ ਨੇ ਸੰਸਾਰ ਪੱਧਰ ਦੀਆਂ ਸੰਗਤਾਂ ਵਿਚਕਾਰ ਹਿਸਾਬ ਕਿਤਾਬ ਵਿੱਚ ਹੋ ਰਹੇ ਗਬਨ ਦਾ ਸ਼ੱਕ ਗਹਿਰਾ ਕਰ ਦਿੱਤਾ ਹੈ |
ਜ਼ਿਕਰਯੋਗ ਹੈ ਕਿ ਪ੍ਰਬੰਧਾਂ ਅਤੇ ਹਿਸਾਬ ਕਿਤਾਬ ਨੂੰ ਲੈ ਕੇ ਪ੍ਰਬੰਧਕਾਂ ਵਿਚਕਾਰ ਕਈ ਵਾਰ ਲੜਾਈ ਝਗੜੇ ਹੋਣ ਦੀਆਂ ਖਬਰਾਂ ਵੀ ਆਈਆਂ,ਪਿਛਲੇ ਦੋ ਦਹਾਕਿਆਂ ਦੌਰਾਨ ਗੁਰੂਘਰ ਦੇ ਦੋ ਧੜਿਆਂ ਦਰਮਿਆਨ ਹੋਏ ਝਗੜੇ ਵਿੱਚ ਪਰਚੇ ਦਰਜ ਵੀ ਹੋਏ,ਜਮਾਨਤਾਂ ਵੀ ਹੋਈਆਂ ਅਤੇ ਅਦਾਲਤ ਵਿੱਚ ਕੇਸ ਵੀ ਚੱਲ ਰਹੇ ਹਨ।ਪਿਛਲੇ ਸਮੇਂ ਤੋਂ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਆਪਸੀ ਵਿਵਾਦ ਕਾਫੀ ਚਰਚਾ ਵਿੱਚ ਹਨ।
ਕੌਮੀ ਕੈਸ਼ੀਅਰ ਦੀ ਵਾਇਰਲ ਚਿੱਠੀ ਨਾਲ ਵਿਵਾਦ ਭਖਿਆ :-
 ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਕਮੇਟੀ ਵਿਚਕਾਰ ਹੁਣ ਨਵਾਂ ਵਿਵਾਦ ਉਸ ਸਮੇਂ ਸਾਹਮਣੇ ਆਇਆ ਜਦੋਂ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸਾਬਕਾ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਨੇ ਇਕ ਚਿੱਠੀ ਪ੍ਰਬੰਧਕ ਕਮੇਟੀ ਗੁਰੂਘਰ ਨੂੰ ਪਾਲਕੀ ਸਾਹਿਬ ਅਤੇ ਆਦਿ ਧਰਮ ਮਿਸ਼ਨ ਦਾ ਹਿਸਾਬ ਪੁੱਛਣ ਦੇ ਜਵਾਬ ਵਿੱਚ ਲਿਖੀ ਗਈ ਜੋ ਕਿ ਅਮਿਤ ਪਾਲ ਵਲੋਂ ਕੌੰਮੀ ਕੈਸ਼ੀਅਰ ਦੀ ਜਿੰਮੇਵਾਰੀ ਨਿਭਾਉਂਦੇ ਸਮੇਂ ਖਰਚ ਕੀਤੇ ਪੈਸੇ ਦਾ ਹਿਸਾਬ ਅਤੇ ਆਪਣੀ ਜੇਬ ਵਿੱਚੋਂ ਖਰਚ ਕੀਤੇ ਪੈਸੇ ਲੈਣ ਲਈ ਲਿਖਿਆ ਗਿਆ ਹੈ। ਜਿਸ ਬਾਰੇ ਕੌਮੀ ਚੇਅਰਪ੍ਰਸਨ ਕਮਲੇਸ਼ ਕੌਰ ਘੇੜਾ,ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ,ਪੰਜਾਬ ਪ੍ਰਧਾਨ ਗਿਆਨ ਚੰਦ ਦੀਵਾਲੀ,ਗੁਰੂਘਰ ਦੇ ਪ੍ਰਧਾਨ ਸੁਰਿੰਦਰ ਕੁਮਾਰ,ਦਿੱਲੀ ਪ੍ਰਧਾਨ ਓਮ ਪ੍ਰਕਾਸ਼,ਗੁਰੂਘਰ ਦੇ ਚੇਅਰਮੈਨ ਅਜੀਤ ਰਾਮ ਖੈਤਾਨ,ਜਨਰਲ ਸੈਕਟਰੀ ਬਲਬੀਰ ਧਾਂਦਰਾ,ਸੈਕਟਰੀ ਰਾਮ ਕਿਸ਼ਨ ਪੱਲੀ ਝਿੱਕੀ ਅਤੇ ਦਰਜਾ ਬਾਦਰਜਾ ਸਾਰੇ ਅਹੁਦੇਦਾਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ।ਇਸ ਵਾਇਰਲ ਹੋਈ ਚਿੱਠੀ ਵਿੱਚ ਅਮਿਤ ਨੇ ਦੋਸ਼ ਲਾਇਆ ਕਿ ਮੈਨੂੰ ਪਰਾਣਾ ਹਿਸਾਬ ਦੇਣ ਦੀ ਵਜਾਏ ਬਿਨਾਂ ਕਿਸੇ ਨੋਟਿਸ ਦਿੱਤੇ ਕੇਂਦਰੀ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਚਿੱਠੀ ਅਨੁਸਾਰ 2019 ਵਿੱਚ ਇੱਕ ਮਤਾ ਪਾਸ ਕਰਕੇ ਪ੍ਰਚਾਰ ਲਈ ਪਾਲਕੀ ਸਾਹਿਬ ਖ੍ਰੀਦਣ ਅਤੇ ਇਸਨੂੰ ਤਿਆਰ ਕਰਾਉਣ ਤੇ ਲੋਨ ਆਪਣੇ ਨਾਮ ਤੇ ਕਰਾਉਣ ਲਈ ਕੌਮੀ ਕੈਸ਼ੀਅਰ ਅਮਿਤ ਪਾਲ ਨੂੰ ਜਿੰਮੇਵਾਰੀ ਸੰਭਾਲੀ ਗਈ ਸੀ।ਇਸ ਮਤੇ ਤੇ ਸੰਤ ਸਤਵਿੰਦਰ ਹੀਰਾ,ਅਜੀਤ ਰਾਮ ਖੈਤਾਨ,ਸੁਰਿੰਦਰ ਕੁਮਾਰ,ਨਾਜਰ ਰਾਮ ਮਾਨ,ਸਰੂਪ ਚੰਦ,ਪ੍ਰੈਸ ਸਕੱਤਰ ਬਲਵਿੰਦਰ ਨਾਨੋਵਾਲੀਆ,ਬਲਵੀਰ ਧਾਂਦਰਾ,ਰਾਮ ਕਿਸ਼ਨ ਪੱਲੀ ਝਿੱਕੀ,ਸੁਰਜੀਤ ਸਿੰਘ ਲਲਤੋਂ,ਅਮਰਜੀਤ ਸਿੰਘ ਲਲਤੋਂ,ਜਰਨੈਲ ਸਿੰਘ ਜਨਰਲ ਸਕੱਤਰ ਭਾਰਤ,ਰਾਮ ਰਤਨ,ਪੀ ਐਲ ਸੂਦ,ਗੇਜਾ ਰਾਮ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਹਾਮੀ ਭਰੀ ਤੇ ਸਹੀ ਮੰਨਣ ਦਾ ਚਿੱਠੀ ਵਿੱਚ ਜਿਕਰ ਹੈ।ਕੌਮੀ ਕੈਸ਼ੀਅਰ ਅਮਿਤ ਨੇ ਦੋਸ਼ ਲਾਇਆ ਕਿ ਲੋਨ ਮੇਰੇ ਨਾਮ ਤੇ ਹੋਣ ਕਰਕੇ ਪਾਲਕੀ ਸਾਹਿਬ ਦੇ ਲੋਨ ਦੀ ਕਿਸ਼ਤ 19350 ਰੁਪਏ ਮੈਂ ਖੁਦ ਜਮਾਂ ਕਰਾ ਰਿਹਾਂ ਹਾਂ ਗੁਰੂਘਰ ਕਮੇਟੀ ਵਲੋਂ ਬਾਰ ਬਾਰ ਕਹਿਣ ਤੇ ਵੀ ਕਿਸ਼ਤ ਨਹੀਂ ਦਿੱਤੀ ਜਾ ਰਹੀ।
 ਕੌਮੀ ਕੈਸ਼ੀਅਰ ਅਮਿਤ ਦੀ ਚਿੱਠੀ ਤੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਸ ਵੇਲੇ ਦੰਗ ਰਹਿ ਗਈਆਂ ਜਦੋਂ ਅਮਿਤ ਨੇ ਦੱਸਿਆ ਕਿ 12 ਅਪ੍ਰੈਲ 2024 ਨੂੰ 13 ਅਪ੍ਰੈਲ ਦੇ ਵਿਸਾਖੀ ਦੇ ਪ੍ਰੌਗਰਾਮਾਂ ਵਿੱਚ ਸ਼ਾਮਲ ਹੋਣ ਤੇ ਗੁਰੂਘਰ ਨਤਮਸਤੱਕ ਹੋਣ ਲਈ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਸਤਿਸੰਗ ਘਰ ਦੇ ਨਾਲ ਲਗਦੇ ਕਮਰਿਆਂ ਵਿੱਚ ਠਹਿਰੇ ਸੀ ਜਿਥੇ ਸੇਵਾਦਾਰ ਪ੍ਰੀਤਮ ਦਾਸ ਮੱਲ,ਨਿਰਪਿੰਦਰ ਕੁਮਾਰ,ਸੁਖਦੇਵ ਸਿੰਘ ਨੂਰਮਹਿਲ ਅਤੇ ਇੱਕ ਹੋਰ ਸਾਥੀ ਵੀ ਹਾਜਰ ਸਨ। 13 ਅਪ੍ਰੈਲ ਸਵੇਰੇ ਸਮਾਂ ਕਰੀਬ 6 ਵਜੇ ਸੁਖਦੇਵ ਸਿੰਘ ਨੂਰਮਹਿਲ ਪ੍ਰਧਾਨ ਸੁਰਿੰਦਰ ਦੇ ਲੜਕੇ ਲਾਡੀ ਤੋਂ ਬਿਜਲੀ ਬੰਦ ਹੋਣ ਸਬੰਧੀ ਪੁੱਛਗਿੱਛ ਕਰਨ ਗਿਆ ਤਾਂ ਲਾਡੀ ਨੇ ਪੁੱਛਿਆ ਕਿ ਤੁਹਾਡੇ ਕਮਰੇ ਵਿੱਚ ਕੋਣ ਕੋਣ ਸੁੱਤਾ ਸੀ ਤਾਂ ਮੇਰਾ ਨਾਮ ਲੈਣ ਤੇ ਉਸਨੇ ਕਿਹਾ ਕਿ ਉਸ ਚੋਰ ਨੂੰ ਕਮਰੇ ਵਿੱਚ ਕਿਉਂ ਸੁਲਾਇਆ ਹੈ ਉਹ ਤਾਂ ਗੁਰੂਘਰ ਦੇ ਅਕਾਊਂਟ ਵਿੱਚੋਂ 12 ਲੱਖ ਰੁਪਏ ਖਾ ਗਿਆ। ਇਥੇ ਹੀ ਬੱਸ ਨਹੀਂ ਸੁਰਿੰਦਰ ਦਾ ਵੱਡਾ ਲੜਕਾ ਕਹਿੰਦਾ ਹੈ ਕਿ ਜੂਨ 2023 ਨੂੰ ਅਮਿਤ ਨੇ ਗੁਰੂਘਰ ਦੇ ਅਕਾਊਂਟ ਵਿੱਚੋਂ ਤਿੰਨ ਲੱਖ ਰੁਪਏ ਕਢਵਾ ਕੇ ਆਪਣਾ ਲੜਕਾ ਕਨੈਡਾ ਭੇਜਿਆ ਹੈ।ਅਮਿਤ ਨੇ ਦੋਸ਼ਾਂ ਨੂੰ ਝੂਠ ਦਾ ਪਲੰਦਾ ਦੱਸਦਿਆਂ ਕਿਹਾ ਕਿ 11 ਜੂਨ 2023 ਨੂੰ ਲੁਧਿਆਣਾ ਵਿਖੇ ਹੋਏ ਆਦਿ ਧਰਮ ਸਮਾਗਮ ਤੇ 4 ਲੱਖ ਤੋਂ ਵੱਧ ਰੁਪਏ ਖਰਚ ਹੋਏ ਸਨ ਮੈਂ ਕਈ ਵਾਰ ਕਿਹਾ ਮੇਰੇ ਨਾਲ ਹਿਸਾਬ ਕਰੋ।ਅਮਿਤ ਨੇ ਦੱਸਿਆ ਕਿ ਮੈਂ ਸਾਰਾ ਹਿਸਾਬ ਕਮੇਟੀ ਹਵਾਲੇ ਕੀਤਾ ਹੈ ਪਰ ਮੇਰੀ 356509 ਰੁਪਏ ਰਾਸ਼ੀ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲ ਬਕਾਇਆ ਹੈ ਅਤੇ ਪਾਲਕੀ ਸਾਹਿਬ ਲਈ ਖਰਚ ਕੀਤੇ 192773.60 ਰੁਪਏ ਲੈਣੇ ਹਨ। ਭਾਂਵੇ ਕਿ ਇਹ ਚਿੱਠੀਆਂ ਸ਼ੋਸ਼ਲ ਮੀਡੀਏ ਤੇ ਲੱਖਾਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੇ ਪੜ ਲਈਆਂ ਹਨ ਪਰ ਗੁਰੂਘਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਸਲਾਨਾ ਕਰੋੜਾਂ ਦਾ ਚੜਾਵਾ ਹੈ ਤੇ ਹਿਸਾਬ ਜਨਤਕ ਕਰਨ ਲਈ ਗੁਰੂਘਰ ਪ੍ਰਬੰਧਕ ਕਮੇਟੀ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਦੋਵੇਂ ਦੜ ਵੱਟਕੇ ਪੱਲਾ ਝਾੜ ਰਹੇ ਹਨ।
ਸੰਤ ਸਤਵਿੰਦਰ ਹੀਰਾ ਦਾ ਪੱਖ :-
ਇਸ ਸੰਬੰਧੀ ਸੰਪਰਕ ਕਰਨ ਤੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਕਿਹਾ ਕਿ ਵਾਇਰਲ ਹੋਈ ਚਿੱਠੀ ਵਿੱਚ ਕੌਮੀ ਕੈਸ਼ੀਅਰ ਅਮਿਤ ਵੱਲੋਂ ਦੱਸੀਆਂ ਗਈਆਂ ਗੱਲਾਂ ਕਾਫੀ ਹੱਦ ਤੱਕ ਵਾਜਿਬ ਹਨ | ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਾ ਉਹਨਾਂ ਨੇ ਦੱਸਿਆ ਕਿ ਕਰੋਨਾ ਸ਼ੁਰੂ ਹੋਣ ਤੱਕ ਰੋਜਾਨਾ ਹਿਸਾਬ ਹੁੰਦਾ ਸੀ ਤੇ ਡੇਅਲੀ ਡੇ ਬੁੱਕ ਤੇ ਚੜਦਾ ਸੀ ਕਿਉਂਕਿ ਉਸ ਸਮੇਂ ਮੈਨੇਂਜਰ,ਕੈਸ਼ੀਅਰ ਤਨਖਾਹ ਤੇ ਰੱਖੇ ਹੋਏ ਸਨ। ਜਦੋਂ ਇਹ ਪੁੱਛਿਆ ਕਿ ਜੇ ਹਿਸਾਬ ਠੀਕ ਹੈ ਤਾਂ ਕੌਮੀ ਕੈਸ਼ੀਅਰ ਅਮਿਤ ਨਾਲ ਬੈਠ ਕੇ ਹਿਸਾਬ ਕਿਉਂ ਨਹੀਂ ਕਰਦੇ ਤਾਂ ਸੰਤ ਹੀਰਾ ਨੇ ਕਿਹਾ ਇਹ ਮੌਜੂਦਾ ਪ੍ਰਬੰਧਕ ਕਮੇਟੀ ਦਾ ਕੰੰਮ ਹੈ।  ਉਹਨਾਂ ਦੱਸਿਆ ਕਿ 28 ਅਗਸਤ ਨੂੰ ਹੋਈ ਮੀਟਿੰਗ ਵਿੱਚ ਸੰਤ ਸੁਰਿੰਦਰ ਦਾਸ ਨੇ ਮੰਨਿਆ ਕਿ ਅਸੀਂ ਬਕਾਇਆ ਰਹਿੰਦੇ ਪੈਸੇ ਅਦਾ ਕਰ ਦਿਆਂਗੇ |
  ਸਾਬਕਾ ਕੈਸ਼ੀਅਰ ਰਾਮ ਲਾਲ ਵਿਰਦੀ ਦਾ ਪੱਖ:-ਇਸ ਸਬੰਧੀ ਗੁਰੂਘਰ ਦੇ ਸਾਬਕਾ ਕੈਸ਼ੀਅਰ ਰਾਮ ਲਾਲ ਵਿਰਦੀ ਨੇ ਕਿਹਾ ਕਿ ਉਹ 2012 ਤੋਂ 2016 ਤੱਕ ਕੈਸ਼ੀਅਰ ਰਹੇ ਅਤੇ ਉਸ ਸਮੇਂ ਸਾਰਾ ਹਿਸਾਬ ਰੋਜਾਨਾ ਰਜਿਸਟਰ ਤੇ ਦਰਜ ਹੁੰਦਾ ਸੀ ।ਉਨਾਂ ਦੱਸਿਆ ਕਿ 2016 ਵਿੱਚ ਗੁਰੂਘਰ ਦੀ ਸਲਾਨਾ ਆਮਦਨ ਕਰੀਬ ਇੱਕ ਕਰੋੜ ਰੁਪਏ ਤੱਕ ਪਹੁੰਚ ਚੁੱਕੀ ਸੀ ਅਤੇ ਮੈਂ ਸਾਰਾ ਹਿਸਾਬ ਨਵ ਨਿਯੁੱਕਤ ਕੈਸ਼ੀਅਰ ਤੇ ਪ੍ਰਬੰਧਕ ਕਮੇਟੀ ਨੂੰ ਸੋਂਪ ਦਿੱਤਾ ਸੀ
ਕੀ ਕਹਿੰਦੇ ਨੇ ਸੰਤ ਸੁਰਿੰਦਰ ਦਾਸ :-
 ਇਸ ਸਬੰਧੀ ਚਰਨਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਅਸਥਾਨ ਤੇ ਕਾਬਜ਼ ਸੰਤ ਸਰਿੰਦਰ ਦਾਸ ਨੇ ਦੱਸਿਆ ਕਿ ਉਹਨਾਂ ਉੱਤੇ ਲਗਾਏ ਗਏ ਪਰਿਵਾਰਵਾਦ ਦੇ ਦੋਸ਼ ਬਿਲਕੁਲ ਨਿਰਮੂਲ ਹਨ। ਵਾਇਰਲ ਹੋਈ ਚਿੱਠੀ ਵਿੱਚ ਲਾਏ ਦੋਸ਼ਾਂ ਬਾਰੇ ਉਹਨਾਂ ਦੱਸਿਆ ਕਿ ਉਹ ਖੁਦ ਕਹਿੰਦੇ ਹਨ ਕਿ ਕੌਮੀ ਸਕੱਤਰ ਰਹਿ ਚੁੱਕੇ ਅਮਿਤਪਾਲ ਨੂੰ ਸਾਡੇ ਕੋਲ ਆ ਕੇ ਹਿਸਾਬ ਦੇਣਾ ਚਾਹੀਦਾ ਹੈ ਪਰ ਉਹ ਆਉਣ ਲਈ ਤਿਆਰ ਨਹੀਂ | ਉਹਨਾਂ ਉਲਟਾ ਸਵਾਲ ਕੀਤਾ ਕਿ ਉਹ ਮੌਜੂਦਾ ਕੈਸ਼ਿਅਰ ਨੂੰ ਅਧਾ ਅਧੂਰਾ ਹਿਸਾਬ ਦੇ ਕੇ ਗਿਆ ਹੈ। ਸਾਡੇ ਕੋਲ ਬੈਂਕਾਂ ਦੀਆਂ ਪੂਰੀਆਂ ਸਟੇਟਮੈਂਟਾਂ ਹਨ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਜੇਕਰ ਸਾਡੇ ਵੱਲ ਬਕਾਇਆ ਨਿਕਲਦੇ ਹਨ ਤਾਂ ਅਸੀਂ ਪੂਰੀ ਤਰਹਾਂ ਦੇਣਦਾਰ ਹੋਵਾਂਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਦਾਰਨੀ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਨਮਾਨ ਦਾ ਐਲਾਨ
Next articleदयाल सिंह मजीठिया उच्च कोटि के एक पत्रकार, स्तंभकार एवं संपादक : एक विश्लेषण