ਲਖਨਊ (ਸਮਾਜ ਵੀਕਲੀ): ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਬਾਰਾਬੰਕੀ ਤੋਂ ਪਾਰਟੀ ਦੀ ‘ਪ੍ਰਤਿੱਗਿਆ ਯਾਤਰਾ’ ਨੂੰ ਰਵਾਨਾ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਵਿਚ ਆਈ ਤਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਯਾਤਰਾ ਤਿੰਨ ਵੱਖ-ਵੱਖ ਰੂਟਾਂ ਤੋਂ ਜਾਵੇਗੀ। ਇਹ ਯਾਤਰਾ 23 ਅਕਤੂਬਰ ਤੋਂ ਪਹਿਲੀ ਨਵੰਬਰ ਤਕ ਬਾਰਾਬੰਕੀ ਤੋਂ ਬੁੰਦੇਲਖੰਡ, ਸਹਾਰਨਪੁਰ ਤੋਂ ਮਥੁਰਾ ਅਤੇ ਵਾਰਾਨਸੀ ਤੋਂ ਰਾਏ ਬਰੇਲੀ ਤਕ ਜਾਵੇਗੀ। ਇਸ ਯਾਤਰਾ ਦਾ ਨਾਅਰਾ ‘ਹਮ ਵਚਨ ਨਿਭਾਏਂਗੇ’ ਹੋਵੇਗਾ।
ਪ੍ਰਿਯੰਕਾ ਨੇ ਪਹਿਲਾਂ ਹੀ ਔਰਤਾਂ ਨੂੰ ਵਿਧਾਨ ਸਭਾ ਚੋਣਾਂ ਵਿਚ 40 ਫੀਸਦੀ ਟਿਕਟਾਂ ਦੇਣ, ਬਾਰ੍ਹਵੀਂ ਪਾਸ ਲੜਕੀਆਂ ਨੂੰ ਸਮਾਰਟ ਫੋਨ ਦੇਣ ਤੇ ਗਰੈਜੂੲੇਸ਼ਨ ਕਰਨ ਵਾਲੀਆਂ ਲੜਕੀਆਂ ਨੂੰ ਈ-ਸਕੂਟੀ ਦੇਣ ਦੇ ਵਾਅਦੇ ਕੀਤੇ ਸੀ। ਇਸ ਤੋਂ ਇਲਾਵਾ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2500 ਰੁਪਏ, ਵੀਹ ਲੱਖ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ ਆਦਿ ਚੋਣ ਵਾਅਦੇ ਕੀਤੇ। ਪ੍ਰਿਯੰਕਾ ਨੇ ਕਰੋਨਾ ਮਹਾਮਾਰੀ ਦੌਰਾਨ ਵਿੱਤੀ ਸੰਕਟ ਵਿਚ ਘਿਰੇ ਹਰੇਕ ਪਰਿਵਾਰ ਨੂੰ 25 ਹਜ਼ਾਰ ਰੁਪਏ ਵੀ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਲਈ ਵੱਖਰਾ ਚੋਣ ਮੈਨੀਫੈਸਟੋ ਅਗਲੇ ਹਫਤੇ ਜਾਰੀ ਕੀਤਾ ਜਾਵੇਗਾ। –
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly