(ਸਮਾਜ ਵੀਕਲੀ)
ਟੁੱਟਿਆ ਪੁਰਾਣਾ ਲੋਹਾ ,ਪਾਟੀਆਂ ਪੁਰਾਣੀਆਂ ਬੋਰੀਆਂ, ਬੂਟ ਚੱਪਲਾਂ ਵੇਚ ਲੈ, ਕਵਾੜ ਖ੍ਰੀਦਣ ਵਾਲੇ ਕਵਾੜੀਏ ਨੇ ਦੁਪਹਿਰ ਵੇਲੇ ਸਾਡੀ ਗਲੀ ਵਿੱਚ ਇਹ ਹੋਕਾਂ ਲਾਇਆ। ਸਾਡੀ ਗੁਆਂਢਣ ਬੰਤੇ ਦੇ ਘਰ ਵਾਲੀ ਪ੍ਰਤਾਪੀ ਨੇ ਅੰਦਰੋਂ ਆਵਾਜ਼ ਦਿੱਤੀ । “ਵੇ ਭਾਈ ਖੜੀ,
ਥੋੜਾ ਜੇਹਾ ਸਮਾਨ ਵੇਚਣਾ ,”
“ਲਿਆਓ ਭਾਈ” ਕਵਾੜੀਏ ਨੇ ਆਪਣਾ ਸਾਇਕਲ ਕੰਧ ਨਾਲ ਲਾਉਂਦੇ ਹੋਏ ਕਿਹਾ, ਤੇ ਆਪਣੀ ਖੁਰਜੀ ਵਿੱਚੋਂ ਤੱਕੜੀ ਵੱਟੇ ਕੱਢਣ ਲੱਗ ਪਿਆ। ਪ੍ਰਤਾਪੀ ਬੱਠਲ ਚ ਟੁੱਟੀਆਂ ਚੱਪਲਾਂ, ਜਗਾਲੀਆਂ ਪੱਤੀਆਂ ਤੇ ਹੋਰ ਨਿਕਸੁਕ ਕੱਠਾ ਕਰਕੇ ਲ਼ੈ ਆਈ। “ਵੇ ਭਾਈ ਦੱਸ ਕੀ ਰੇਟ ਲਵੇਗਾ” ਪ੍ਰਤਾਪੀ ਨੇ ਬੱਠਲ ਭੋਂਇ ਤੇ ਰੱਖਦੀ ਹੋਈ ਨੇ ਕਿਹਾ। “ਰੇਟ ਨੂੰ ਕਿਹੜਾ ਮਾਈ ਤੂੰ ਟਰਾਲੀ ਦਾ ਡਾਲਾ ਵੇਚਣ ਲੱਗੀ ਆ” ਭਾਈ ਨੇ ਮੁਸਕਰਾ ਕੇ ਲੋਹਾ ਤੱਕੜੀ ਦੇ ਪਲੜੇ ਵਿੱਚ ਪਾਉਂਦੇ ਹੋਏ ਨੇ ਕਿਹਾ। “ਲ਼ੈ ਦੱਸ, ਜੈ ਖਣੇ ਦਿਆ ਲੋਹਾ ਤਾਂ ਲੋਹਾ ਈ ਐ” ਪ੍ਰਤਾਪੀ ਥੋੜਾ ਖਿਝ ਕੇ ਬੋਲੀ।
“ਲ਼ੈ ਮਾਈ ਲੋਹਾ ਤੇਰਾ ਦੱਸ ਰੁਪਏ ਦਾ ਹੋ ਗਿਆ, ਤੇ ਇੱਕ ਰੁਪਏ ਦੀਆਂ ਚੱਪਲਾਂ ” “ਲਿਆ ਫੜਾ ਪੈਸੇ” ਪ੍ਰਤਾਪੀ ਨੇ ਪੈਸੇ ਫੜ ਭਾਈ ਤੋ ਗੀਝੇ ਵਿੱਚ ਪਾਉਣ ਲੱਗੀ ਨੇ ਕਿਹਾ, “ਵੇ ਭਾਈ ਵੇਖਾਂ ਤੇਰੀ ਖੁਰਜੀ ਚੋ ਕੋਈ ਕੰਮ ਦੀ ਚੀਜ਼ ਈ ਮਿਲ ਜਾਵੇ”, ਉਸ ਨੇ ਖੁਰਜੀ ਚ ਹੱਥ ਮਾਰਿਆ ਇੱਕ ਟੁੱਟਿਆ ਹੋਇਆ ਪੁਰਾਣਾ ਦੀਵਾ ਨਿਕਲਿਆ , “ਲ਼ੈ ! ਵੇਖ ਵੇ ਭਾਈ, ਤੂੰ ਤਾਂ ਅਲਾਦੀਨ ਦਾ ਚਿਰਾਗ ਲਈ ਫਿਰਦਾ” ਕਵਾੜੀਏ ਨੇ ਹੱਸ ਦੇ ਹੋਏ ਕਿਹਾ। “ਮਾਈ ਜੇ ਅਲਾਦੀਨ ਦਾ ਚਿਰਾਗ, ਮੇਰੀ ਖੁਰਜੀ ਚ ਹੁੰਦਾ, ਤਾਂ ਤੇਰੀਆਂ ਟੁੱਟੀਆਂ ਚੱਪਲਾਂ ਨੀ ਸੀ ਖਰੀਦ ਦਾ, ਫੇਰ ਸਭ ਕੁੱਝ ਘਰੇ ਬੈਠੇ ਬਿਠਾਇਆ ਨੂੰ ਮਿਲ ਜਾਣਾ ਸੀ”।
ਇਹ ਗੱਲ ਕਹਿ ਕਵਾੜੀਆ ਸਾਇਕਲ ਲ਼ੈ ਕੇ ਅਗਲੀ ਗਲੀ ਵਿੱਚ ਵੜ ਗਿਆ ਤੇ ਹੋਕਾਂ ਦਿੰਦੇ ਦੀ ਅਵਾਜ਼ ਮੈਨੂੰ ਘਰੇ ਫਿਰਦੇ ਨੂੰ ਸੁਣ ਰਹੀ ਸੀ, ਤੇ ਮੈਂ ਸੋਚ ਰਿਹਾ ਸੀ, ਕਿ ਮਿਹਨਤੀ ਬੰਦਾ ਕਿਹੜਾ ਅਲਾਦੀਨ ਦੇ ਚਿਰਾਗ ਨਾਲੋਂ ਘੱਟ ਹੁੰਦਾ ਮਿਹਨਤ ਕਰੇ ਜੋ ਮਰਜ਼ੀ ਬਣਾ ਲਵੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417