ਬਹਿਰਾਈਚ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਹੁਕਮਰਾਨ ਭਾਜਪਾ ’ਤੇ ਮਹਿੰਗਾਈ ਦੇ ਮੁੱਦੇ ਉਪਰ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਵਿਧਾਨ ਸਭਾ ਚੋਣਾਂ ਦਾ ਅਮਲ ਖ਼ਤਮ ਹੋਣ ਮਗਰੋਂ ਈਂਧਣ ਦੀਆਂ ਕੀਮਤਾਂ ’ਚ ਵਾਧਾ ਕਰੇਗੀ। ਪ੍ਰਯਾਗਪੁਰ ਵਿਧਾਨ ਸਭਾ ਹਲਕੇ ’ਚ ਪਾਰਟੀ ਉਮੀਦਵਾਰ ਮੁਕੇਸ਼ ਸ੍ਰੀਵਾਸਤਵ ਲਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਮਹਿੰਗੀਆਂ ਕਰ ਦਿੱਤੀਆਂ ਹਨ ਕਿ ਗਰੀਬ ਲੋਕਾਂ ਨੂੰ ਆਪਣੇ ਵਾਹਨ ਤੱਕ ਚਲਾਉਣਾ ਮੁਸ਼ਕਲ ਹੋ ਗਿਆ ਹੈ। ‘ਕਿਸਾਨ ਵੀ ਆਪਣੇ ਟਰੈਕਟਰ ਖੇਤਾਂ ’ਚ ਚਲਾਉਣ ਦੇ ਸਮਰੱਥ ਨਹੀਂ ਰਹੇ। ਇਹ ਗੱਲ ਵੀ ਧਿਆਨ ’ਚ ਰੱਖਣਾ, ਅਖ਼ਬਾਰਾਂ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਵੇਂ ਹੀ ਚੋਣਾਂ ਖ਼ਤਮ ਹੋਣਗੀਆਂ, ਭਾਜਪਾ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲਿਟਰ ਤੱਕ ਵਧਾ ਦੇਵੇਗੀ।’
ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਵਤੀਰੇ ਅਤੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਚੋਣਾਂ ’ਚ ਹਾਰ ਦੇ ਖ਼ਤਰੇ ਨੂੰ ਦੇਖਦਿਆਂ ਉਹ ਹੁਣ ਹਿੰਸਾ ’ਤੇ ਉਤਰ ਆਏ ਹਨ। ‘ਭਾਜਪਾ ਆਗੂਆਂ ਦਾ ਰਵੱਈਆ ਹਾਰਨ ਵਾਲੇ ਭਲਵਾਨਾਂ ਵਰਗਾ ਹੋ ਗਿਆ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੇ ਚਾਰ ਗੇੜਾਂ ’ਚ ਸਮਾਜਵਾਦੀ ਪਾਰਟੀ ਨੇ ਦੂਹਰਾ ਸੈਂਕੜਾ ਜੜ੍ਹ ਦਿੱਤਾ ਹੈ ਤੇ ਪੰਜਵੇਂ ’ਚ ਭਾਜਪਾ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਾਲੋਂ ਅੱਜ ਦੀ ਰੈਲੀ ’ਚ ਇਕੱਠ ਕਿਤੇ ਜ਼ਿਆਦਾ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਸਮੇਂ ਲਾਵਾਰਸ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਜਾਗਣਾ ਪੈਂਦਾ ਹੈ। ‘ਗਊ ਮਾਤਾ ਭੁੱਖੀ ਹੈ ਤੇ ਮਰ ਰਹੀ ਹੈ। ਉਸ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ।’ ਉਨ੍ਹਾਂ ਕਿਹਾ ਕਿ ਜੇਕਰ ਸਪਾ ਦੀ ਸਰਕਾਰ ਬਣੀ ਤਾਂ ਉਹ ਪਸ਼ੂਆਂ ਦੀ ਸੁਰੱਖਿਆ ਦੇ ਪ੍ਰਬੰਧ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly