ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼) (ਸਮਾਜ ਵੀਕਲੀ): ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਅਤਿਵਾਦ ਦੇ ਮਾਮਲਿਆਂ ’ਚ ਮੁਲਜ਼ਮ ਵਿਅਕਤੀਆਂ ਖ਼ਿਲਾਫ਼ ਕੇਸ ਵਾਪਸ ਲੈ ਕੇ ਲੋਕਾਂ ਨਾਲ ਧੋਖਾ ਕੀਤਾ ਹੈ।
ਸ੍ਰੀ ਨੱਢਾ ਨੇ ਪ੍ਰਤਾਪਗੜ੍ਹ ਵਿੱਚ ਇੱਕ ਚੋਣ ਮੀਟਿੰਗ ਵਿੱਚ ਕਿਹਾ, ‘‘ਅਖਿਲੇਸ਼ ਇਨ੍ਹੀਂ ਦਿਨੀਂ ਵੋਟਾਂ ਮੰਗ ਰਹੇ ਹਨ ਅਤੇ ਵਿਕਾਸ ਦੀ ਗੱਲ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ ਪਰ ਹੁਣ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉੱਤਰ ਪ੍ਰਦੇਸ਼ ਦਾ ਵਿਕਾਸ ਹੋਣਾ ਚਾਹੀਦਾ ਹੈ। ਉਹ ਸੂਬੇ ਦਾ ‘ਵਿਕਾਸ’ ਨਹੀਂ ਬਲਕਿ ‘ਵਿਨਾਸ਼’ ਕਰਨਗੇ।’’
ਭਾਜਪਾ ਨੇਤਾ ਨੇ ਸਵਾਲ ਕੀਤਾ, ‘‘ਕੀ ਅਖਿਲੇਸ਼ ਯਾਦਵ ਦੀ ਸਰਕਾਰ ਦੇ ਪੰਜ ਸਾਲਾਂ ਦੌਰਾਨ 200 ਤੋਂ ਵੱਧ ਦੰਗੇ ਨਹੀਂ ਹੋਏ? ਉਨ੍ਹਾਂ ਨੇ ਸਾਲ 2007 ਵਿੱਚ ਗੋਰਖਪੁਰ, ਅਯੁੱਧਿਆ, ਲਖਨਊ ਤੇ ਵਾਰਾਣਸੀ ਅਦਾਲਤ ਕੰਪਲੈਕਸ ਵਿੱਚ ਹੋਏ ਬੰਬ ਧਮਾਕਿਆਂ ਦੇ ਸਬੰਧ ’ਚ ਆਜ਼ਮਗੜ੍ਹ ਅਤੇ ਜੌਨਪੁਰ ਦੇ ਦੋ ਜਣਿਆਂ ਖ਼ਿਲਾਫ਼ ਅਤਿਵਾਦ ਦੇ ਮਾਮਲੇ ਵਾਪਸ ਲਏ ਜਾਣ ਦਾ ਹਵਾਲਾ ਦਿੰਦਿਆਂ ਕਿਹਾ, ‘‘ਮੈਂ, ਅਖਿਲੇਸ਼ ਯਾਦਵ ਤੋਂ ਇਹ ਸਵਾਲ ਪੁੱਛ ਰਿਹਾ ਹਾਂ।’’ ਨੱਢਾ ਨੇ ਕਿਹਾ ਕਿ ਉਹ (ਅਖਿਲੇਸ਼) ਜਦੋਂ ਇੱਥੇ ਆਉਣ ਤਾਂ ਮੀਡੀਆ ਨੂੰ ਉਨ੍ਹਾਂ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ।
ਉਨ੍ਹਾਂ ਕਿਹਾ, ‘‘ਕੀ ਤੁਸੀਂ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਸਕਦੇ ਹੋ, ਜਿਹੜੇ ਅਤਿਵਾਦੀਆਂ ਨੂੰ ਰਿਹਾਅ ਕਰਦਾ ਹੈ? ਉਨ੍ਹਾਂ ਕਿਹਾ ਕਿ ਰਾਮਪੁਰ ’ਚ ਸੀਆਰਪੀਐੱਫ ਕੈਂਪ ’ਤੇ ਹਮਲੇ ਦਾ ਕੇਸ ਵੀ 2012 ਵਿੱਚ ਵਾਪਸ ਲਿਆ ਗਿਆ ਸੀ ਅਤੇ ਤਤਕਾਲੀ ਮੁੱਖ ਮੰਤਰੀ ਨੇ ਅਤਿਵਾਦੀਆਂ ਨੂੰ ਕਥਿਤ ਪਨਾਹ ਦਿੱਤੀ ਸੀ, ੳਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਖ਼ਿਲਾਫ਼ ਕੇਸ ਵਾਪਸ ਲੲੇ। ਨੱਢਾ ਮੁਤਾਬਕ, ‘‘ਅਖਿਲੇਸ਼ ਨੇ ਕੇਸ ਵਾਪਸ ਲੈਣ ਦੇ ਹੁਕਮ ’ਚ ਕਿਹਾ ਸੀ ਕਿ ਇਹ ਫਿਰਕੂ ਏਕਤਾ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਮੈਂ ਅਜਿਹਾ ਦੇਸ਼ ਭਗਤ ਵਿਅਕਤੀ ਕਦੇ ਨਹੀਂ ਦੇਖਿਆ, ਕੀ ਤੁਸੀ ਅਜਿਹੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੀ ਸੇਵਾ ਕਰਨ ਦਿਓਗੇ? ਕੀ ਇਹ ਲੋਕਾਂ ਨੂੰ ਧੋਖਾ ਨਹੀਂ ਦੇ ਰਹੇ?’’ ਭਾਜਪਾ ਪ੍ਰਧਾਨ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਘਰ ਬਿਠਾਉਣਾ ਲੋਕਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਹੁਣ ‘ਭਾਰਤੀ’ ਜਾਂ ‘ਕੌਮੀ’ ਪਾਰਟੀ ਨਹੀਂ ਰਹੀ, ਬਲਕਿ ਇਹ ‘ਭੈਣ-ਭਰਾ’ ਦੀ ਪਾਰਟੀ ਬਣ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly