ਪਟਿਆਲਾ (ਸਮਾਜ ਵੀਕਲੀ): ਇਥੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਪਲੇਠੀ ਸਿਆਸੀ ਫੇਰੀ ਦੌਰਾਨ ਘਨੌਰ ਵਿੱਚ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਸਮਾਣਾ ਵਿੱਚ ਵਿਧਾਇਕ ਰਾਜਿੰਦਰ ਸਿੰਘ ਦੇ ਹੱੱਕ ਵਿੱਚ ਕੀਤੀਆਂ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱੱਥੀਂ ਲਿਆ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਕਾਲੀ ਦਲ ਵਿੱਚ ਸੁਖਬੀਰ ਬਾਦਲ, ਬਿਕਰਮ ਮਜੀਠੀਆ ਵਰਗੇ ਆਗੂ ਮੌਜੂਦ ਰਹਿਣਗੇ, ਓਨੀ ਦੇਰ ਅਕਾਲੀ ਦਲ ਦੁਬਾਰਾ ਸੱਤਾ ਵਿੱਚ ਨਹੀਂ ਆ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਇੰਨੇ ਸਾਲ ਇਸ ਲਈ ਬਚਿਆ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ’ਤੇ ਪਰਚਾ ਦਰਜ ਨਹੀਂ ਹੋਣ ਦਿੱਤਾ ਪਰ ਉਨ੍ਹਾਂ ਨੂੰ ਜਦੋਂ ਮੌਕਾ ਮਿਲਿਆ, ਤਾਂ ਕੇਸ ਦਰਜ ਕਰ ਦਿੱਤਾ ਗਿਆ। ‘ਆਪ’ ਨੂੰ ਕਰੜੇ ਹੱਥੀਂ ਲੈਂਦਿਆਂ, ਉਨ੍ਹਾਂ ਕਿਹਾ ਨਸ਼ਿਆਂ ਦੇ ਮਾਮਲੇ ’ਚ ਕੇਜਰੀਵਾਲ ਨੇ ਮਜੀਠੀਆ ਅੱਗੇ ਗੋਡੇ ਟੇਕ ਦਿੱਤੇ ਸਨ। ਇਥੋਂ ਤੱਕ ਕਿ ਮੁਆਫ਼ੀ ਹੀ ਮੰਗ ਲਈ ਸੀ। ਉਨ੍ਹਾਂ ਕਿਹਾ ਕਿ ਨਵੇਂ ਸਾਲ ਵਿੱਚ ਪਟਿਆਲਾ ਜ਼ਿਲ੍ਹੇ ਦੀ ਸਬ-ਤਹਿਸੀਲ ਘਨੌਰ ਕੋਲ਼ ਤਹਿਸੀਲ ਦਾ ਦਰਜਾ ਹੋਵੇਗਾ। ਇਸੇ ਤਰ੍ਹਾਂ ਪਬਲਿਕ ਕਾਲਜ ਸਮਾਣਾ ਪਹਿਲੀ ਜਨਵਰੀ ਤੋਂ ਸਰਕਾਰ ਦੇ ਅਧੀਨ ਆ ਜਾਵੇਗਾ, ਜਦ ਕਿ ਉਸੇ ਹੀ ਦਿਨ ਤੋਂ ਪੰਜਾਹ ਬਿਸਤਰਿਆਂ ਵਾਲੇ ਸਿਵਲ ਹਸਪਤਾਲ਼ ਸਮਾਣਾ ਦੀ ਸਮਰੱਥਾ ਵੀ ਦੁੁੱਗਣੀ ਹੋ ਜਾਵੇਗੀ।
ਘਨੌਰ ਰੈਲੀ ’ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਦਨ ਜਲਾਲਪੁਰ ਦੇ ਮਜ਼ਬੂਤ ਲੋਕ ਆਧਾਰ ਦੀ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਅਗਲੀ ਸਰਕਾਰ ’ਚ ਜਲਾਲਪੁਰ ਨੂੰ ਮੰਤਰੀ ਬਣਾਏ ਜਾਣ ਦਾ ਐਲਾਨ ਵੀ ਕੀਤਾ। ਵਿਧਾਇਕ ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ।
ਉੱਧਰ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਦੇ ਹੱਕ ਵਿੱਚ ਕੀਤੀ ਰੈਲੀ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਅਜਿਹੇ ਸਿਆਸਤਦਾਨ ਨੂੰ ਉਹ ਜ਼ਰੂਰ ਮੁੜ ਤੋਂ ਜਿਤਾ ਕੇ ਵਿਧਾਨ ਸਭਾ ’ਚ ਭੇਜਣ। ਉਨ੍ਹਾਂ ਸਮਾਣਾ ਲਈ ਪੰਜ ਕਰੋੜ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly