ਅਕਾਲੀ ਦਲ ਨੇ ਚੰਨੀ ’ਤੇ ਰੇਤ ਮਾਫੀਆ ਨੂੰ ਸਰਪ੍ਰਸਤੀ ਦੇਣ ਦੇ ਲਾਏ ਦੋਸ਼

ਚੰਡੀਗੜ੍ਹ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਈਡੀ ਦੇ ਛਾਪੇ ਦੌਰਾਨ ਚਰਚਾ ਵਿੱਚ ਆਏ ਉਨ੍ਹਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਵਿਚਕਾਰ ਵਪਾਰਕ ਹਿੱਤ ਸਾਂਝੇ ਹੋਣ ਦੇ ਦੋਸ਼ ਲਾਏ ਹਨ। ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਹਨੀ ਸਮੇਤ ਰੇਤ ਮਾਫੀਆ ਨਾਲ ਜੁੜੇ ਕਈ ਵਿਅਕਤੀਆਂ ਨਾਲ ਮੁੱਖ ਮੰਤਰੀ ਦੇ ਕਰੀਬੀ ਰਿਸ਼ਤਿਆਂ ਦੇ ਸਬੂਤ ਵਜੋਂ ਤਸਵੀਰਾਂ, ਵੀਡੀਓ ਅਤੇ ਆਡੀਓ ਵੀ ਜਨਤਕ ਕੀਤੇ। ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਤੇ ਗੈਰਕਾਨੂੰਨੀ ਢੰਗ ਨਾਲ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਮੰਗੀ ਹੈ।

ਮਜੀਠੀਆ ਨੇ ਵੀਡੀਓ ਤੇ ਆਡੀਓ ਰਿਕਾਰਡਿੰਗ ਨੂੰ ਆਧਾਰ ਬਣਾ ਕੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵੀਡੀਓ ਅਤੇ ਆਡੀਓ ਰਿਕਾਰਡਿੰਗਜ਼ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਹਨੀ, ਜਿਸ ਦੇ ਘਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਲ ਹੀ ਵਿਚ 10 ਕਰੋੜ ਰੁਪਏ ਨਗਦ ਤੇ ਵੱਡੀ ਮਾਤਰਾ ਵਿਚ ਸੋਨਾ ਬਰਾਮਦ ਕੀਤਾ ਹੈ, ਵਿਚਾਲੇ ਭਾਈਵਾਲੀ ਹੈ। ਮੁੱਖ ਮੰਤਰੀ ਦੇ ਦਾਅਵਿਆਂ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਨੀ ਅਤੇ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਲਈ ਇਹ ਤਸਵੀਰਾਂ ਕਾਫੀ ਹਨ।

ਮਜੀਠੀਆ ਨੇ ਸਾਲਾਪੁਰ ਪਿੰਡ ਦੇ ਸਰਪੰਚ ਇਕਬਾਲ ਸਿੰਘ ਤੇ ਉਸ ਦੇ ਪੁੱਤਰ ਬਿੰਦਰ ਦੀਆਂ ਆਡੀਓ ਰਿਕਾਰਡਿੰਗ ਵੀ ਜਾਰੀ ਕੀਤੀਆਂ। ਮਜੀਠੀਆ ਨੇ ਦਾਅਵਾ ਕੀਤਾ ਕਿ ਇਕਬਾਲ ਸਿੰਘ ਮੁੱਖ ਮੰਤਰੀ ਦਾ ਕਰੀਬੀ ਹੈ। ਇਨ੍ਹਾਂ ਆਡੀਓ ਰਿਕਾਰਡਿੰਗਜ਼, ਜੋ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਵੱਲੋਂ ਰਿਕਾਰਡ ਕੀਤੀਆਂ ਗਈਆਂ ਹਨ, ਵਿਚ ਇਕਬਾਲ ਸਿੰਘ ਮੁੱਖ ਮੰਤਰੀ ਦੀ ਸਰਪ੍ਰਸਤੀ ਹਾਸਲ ਹੋਣ ਬਾਰੇ ਗੱਲ ਕਰਦਾ ਸੁਣਾਈ ਦਿੰਦਾ ਹੈ। ਪ੍ਰੈੱਸ ਕਾਨਫਰੰਸ ਵਿੱਚ ਦਿਖਾਈ ਗਈ ਇੱਕ ਵੀਡੀਓ ’ਚ ਇਹ ਦਾਅਵਾ ਕੀਤਾ ਗਿਆ ਹੈ ਇੱਕ ਜੰਗਲਾਤ ਗਾਰਡ, ਜਿਸ ਨੇ ਜੰਗਲਾਤ ਦੀ ਜ਼ਮੀਨ ’ਤੇ ਮਾਈਨਿੰਗ ਦਾ ਵਿਰੋਧ ਕੀਤਾ ਸੀ, ਦੀ ਬਦਲੀ ਕਰਵਾ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਗਿਆ।

ਰਿਕਾਰਡਿੰਗਜ਼ ਵਿਚ ਇਹ ਵੀ ਸਾਹਮਣੇ ਆਇਆ ਕਿ ਮਾਫੀਆ ਦਰਿਆ ਵਿਚੋਂ ਰੇਤ ਕੱਢਣ ਵਾਸਤੇ ਕਿਸ਼ਤੀਆਂ ਤੇ ਪੋਰਕ ਮਸ਼ੀਨਾਂ ਦੀ ਵਰਤੋਂ ਵੀ ਕਰ ਰਿਹਾ ਸੀ। ਅਕਾਲੀ ਆਗੂ ਵੱਲੋਂ ਜਨਤਕ ਕੀਤੀ ਆਡੀਓ ਰਿਕਾਰਡਿੰਗਜ਼ ਵਿੱਚ ਇਕਬਾਲ ਸਿੰਘ ਤੇ ਇੱਕ ਡੀਐੱਫਓ ਦੇ ਸਬੰਧਾਂ ਦਾ ਵੀ ਖੁਲਾਸਾ ਹੁੰਦਾ ਹੈ। ਰਿਕਾਰਡਿੰਗਜ਼ ਤੋਂ ਜੰਮੂ ਦੇ ਇੱਕ ਰਾਕੇਸ਼ ਚੌਧਰੀ ਦੇ ਇਸ ਮਾਫੀਆ ਨਾਲ ਪ੍ਰਮੁੱਖ ਸਬੰਧ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ।ਮਜੀਠੀਆ ਨੇ ਇਸ ਗੈਰਕਾਨੂੰਨੀ ਧੰਦੇ ਦਾ ਸਬੰਧ ਆਲ ਇੰਡੀਆ ਕਾਂਗਰਸ ਕਮੇਟੀ ਨਾਲ ਵੀ ਜੋੜਿਆ ਤੇ ਕਿਹਾ ਕਿ ਇਸੇ ਕਾਰਨ ਕਾਂਗਰਸ ਹਾਈ ਕਮਾਨ ਤੇ ਹਰੀਸ਼ ਚੌਧਰੀ ਵਰਗੇ ਆਗੂ ਇਹ ਕਹਿ ਕੇ ਚੰਨੀ ਦਾ ਬਚਾਅ ਕਰ ਰਹੇ ਹਨ ਕਿ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਅਕਾਲੀ ਆਗੂ ਨੇ ਹਨੀ ਦੀ ਚੰਨੀ ਨਾਲ ਨੇੜਤਾ ਸਾਬਤ ਕਰਨ ਵਾਸਤੇ ਉਨ੍ਹਾਂ ਦੇ ਕਈ ਸਰਕਾਰੀ ਫੇਸਬੁੱਕ ਪੇਜਾਂ ਦਾ ਹਵਾਲਾ ਦਿੱਤਾ ਤੇ ਦੋਸ਼ ਲਾਇਆ ਕਿ ਹਨੀ ਨੂੰ ਬਲੈਕ ਕੈਟ ਕਮਾਂਡੋ ਦੀ ਸੁਰੱਖਿਆ ਤੇ ਇਕ ਜਿਪਸੀ ਐਸਕੌਰਟ ਵਾਸਤੇ ਮਿਲੀ ਹੋਈ ਹੈ। ਉਨ੍ਹਾਂ ਹਨੀ ਦੀ ਆਪਣੀ ਗੱਡੀ ’ਤੇ ਲਾਲ ਬੱਤੀ ਤੇ ਐੱਮਐੱਲਏ ਦੇ ਸਟਿੱਕਰ ਦੀ ਵਰਤੋਂ ਕਰਨ ਦੀਆਂ ਤਸਵੀਰਾਂ ਵੀ ਦਿਖਾਈਆਂ। ਮਜੀਠੀਆ ਨੇ  ਕਿਹਾ ਕਿ ਮੁੱਖ ਮੰਤਰੀ ਕੋਲ ਹੀ ਮਾਈਨਿੰਗ ਅਤੇ ਵਾਤਾਵਰਣ ਵਿਭਾਗ ਦਾ ਚਾਰਜ ਹੈ ਤੇ ਇਹ ਹਿੱਤਾਂ ਦੇ ਟਕਰਾਅ ਦਾ ਕੇਸ ਬਣਾ ਹੈ ਜਿਸ ਕਾਰਨ ਹੁਣ ਚੰਨੀ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀਪੁਰ ’ਚ ਗੋਲੀਬੰਦੀ ਦੇ ਸਮਝੌਤੇ ਦਾ ਪਾਲਣ ਕਰਨ ਵਾਲਿਆਂ ਨੂੰ ਵੋਟਾਂ ਪਾਉਣ ਦੀ ਇਜਾਜ਼ਤ
Next articleਚੰਨੀ ਵੱਲੋਂ ਮਜੀਠੀਆ ਦੇ ਦੋਸ਼ ਆਧਾਰਹੀਣ ਕਰਾਰ