(ਸਮਾਜ ਵੀਕਲੀ)
ਮੰਡੀ ਚ ਵਿਪਾਰੀਆਂ ਦਾ ਨਿੱਤ ਹੁੰਦਾ ਝਗੜਾ,
ਗਾਹਕਾਂ ਪਿੱਛੇ ਲੜਦੇ ਦੁਕਾਨਦਾਰ ਦੇਖੇ ਮੈਂ।
ਅੱਡੇ ਚ ਸਵਾਰੀਆਂ ਲਈ ਲੜਦੇ ਕੰਡਕਟਰ,
ਅਖਾੜਿਆਂ ਚ ਲੜਦੇ ਨਚਾਰ ਦੇਖੇ ਮੈਂ।
ਸੱਪ ਤੇ ਨਿਉਲੇ ਕਈ ਵਾਰ ਦੇਖੇ ਲੜਦੇ,
ਵੱਟਾਂ ਪਿੱਛੇ ਲੜਦੇ ਕਿਸਾਨ ਹਾਲੀ ਦੇਖੇ ਮੈਂ।
ਸਭਨਾਂ ਨੂੰ ਪਿੱਛੇ ਛੱਡ ਗਈ ਲੜਾਈ, ਜਦੋਂ
ਅਕਾਲੀਆਂ ਨਾ ਲੜਦੇ ਅਕਾਲੀ ਦੇਖੇ ਮੈਂ।
ਰਾਤ ਦੇ ਹਨੇਰੇ ਵਿੱਚ ਜਿਸਮਾਂ ਦੇ ਸੌਦੇ ਪਿੱਛੇ,
ਗਲੀਆਂ ਚ ਲੜਦੇ ਦਲਾਲ ਦੱਲੇ ਦੇਖੇ ਮੈਂ।
ਕੋਰਟਾਂ ਚ ਹਰ ਰੋਜ਼ ਲੜਦੇ ਵਕੀਲ ਦੇਖੇ,
ਸੱਚ ਲਈ ਲੜਦੇ ਹਮੇਸ਼ਾਂ ‘ਕੱਲੇ ਦੇਖੇ ਮੈਂ।
ਚੋਰ ਡਾਕੂ ਪੈਸੇ ਲਈ ਮਰਦੇ-ਮਰਾਉਂਦੇ ਦੇਖੇ,
ਕਈ ਭੇਡਾਂ ਪਿੱਛੇ ਲੜਦੇ ਇਯਾਲੀ ਦੇਖੇ ਮੈਂ।
ਸਭਨਾਂ ਨੂੰ ਪਿੱਛੇ ਛੱਡ ਗਈ ਲੜਾਈ,
ਜਦੋਂ ਅਕਾਲੀਆਂ ਨਾ ਲੜਦੇ ਅਕਾਲੀ ਦੇਖੇ ਮੈਂ!
ਕੁਰਸੀ ਲਈ ਲੀਡਰਾਂ ਚ ਨਿੱਤ ਡਾਂਗ ਖੜਕੇ,
ਹੱਦਾਂ ਪਿੱਛੇ ਲੜਦੇ ਗੁਆਂਢੀ ਦੇਸ਼ ਦੇਖੇ ਮੈਂ।
ਸੱਕਿਆਂ ਭਰਾਵਾਂ ਵਿੱਚ ਚੱਲਦੇ ਗੰਡਾਸੇ, ਬੜੇ
ਆਪੋ-ਵਿੱਚੀ ਸਿਰ ਵੱਡਵੇਂ ਕਲੇਸ਼ ਦੇਖੇ ਮੈਂ।
ਦੇਖੀ ਸੀ ਲੜਾਈ ਕਈ ਵਾਰ ਨੂੰਹ ਸੱਸ ਦੀ,
ਨਰਸਰੀਆਂ ‘ਚ ਲੜ ਰਹੇ ਮਾਲੀ ਦੇਖੇ ਮੈਂ।
ਸਭਨਾਂ ਨੂੰ ਪਿੱਛੇ ਛੱਡ ਗਈ ਲੜਾਈ,
ਜਦੋਂ ਅਕਾਲੀਆਂ ਨਾ ਲੜਦੇ ਅਕਾਲੀ ਦੇਖੇ ਮੈ।
ਡੇਰਿਆਂ ‘ਚ ਗੱਦੀ ਪਿੱਛੇ ਰੋਜ਼ ਡਾਂਗ ਖੜਕੇ,
ਆਪੋ ਵਿੱਚ ਸਿਰ ਪੜਵਾਉਂਦੇ ਚੇਲੇ ਦੇਖੇ ਮੈਂ।
ਸੱਥਾਂ ਵਿੱਚ ਬਿਨਾਂ ਗੱਲੋਂ ਜੱਟ ਦੇਖੇ ਲੜਦੇ,
‘ਭੁੱਲੜਾ’ ਕਚਹਿਰੀਆਂ ਚ ਮੇਲੇ ਲੱਗੇ ਦੇਖੇ ਮੈਂ।
ਉਗਰਾਹੀ ਪਿੱਛੇ ਬਾਬਿਆਂ ਦੇ ਟੋਲੇ ਦੇਖੇ ਲੜਦੇ,
ਫੇਸਬੁੱਕ ਉੱਤੇ ਹੁੰਦੇ ਗਾਲੋ-ਗਾਲੀ ਦੇਖੇ ਮੈਂ।
ਸਭਨਾਂ ਨੂੰ ਪਿੱਛੇ ਛੱਡ ਗਈ ਲੜਾਈ,
ਜਦੋਂ ਅਕਾਲੀਆਂ ਨਾ ਲੜਦੇ ਅਕਾਲੀ ਦੇਖੇ ਮੈਂ।
ਸੁਖਦੇਵ ਸਿੰਘ ਭੁੱਲੜ
ਸੁਰਜੀਤ ਪੁਰਾ ਬਠਿੰਡਾ
9417046117