ਅਜਮੇਰ ਸ਼ਰੀਫ਼ ਦਾ ਪਹਿਰਾ

ਡਾ ਇੰਦਰਜੀਤ ਕਮਲ 
ਡਾ ਇੰਦਰਜੀਤ ਕਮਲ 
(ਸਮਾਜ ਵੀਕਲੀ)  ਇੱਕ ਦਿਨ ਮੈਂ ਦੁਪਹਿਰ ਨੂੰ ਮਰੀਜਾਂ ਤੋਂ ਵਿਹਲਾ ਹੋ ਕੇ ਕਿਸੇ ਕੰਮ ਵਿੱਚ ਲੱਗਾ ਹੋਇਆ ਸਾਂ ਕਿ ਚਾਰ ਜਣੇ ਆ ਕੇ ਕਲੀਨਿਕ ਅੰਦਰ ਬੈਠ ਗਏ । ਇੱਕ ਅਧੇੜ ਉਮਰ ਦਾ ਜੋੜਾ , ਇੱਕ ਨੌਜਵਾਨ ਤੇ ਇੱਕ ਉੱਤਰੇ ਅਤੇ ਭੋਲੇ ਜਿਹੇ ਚਿਹਰੇ ਵਾਲੀ , ਪਰ ਸਰੀਰਕ ਤੌਰ ‘ਤੇ ਤੰਦਰੁਸਤ ਦਿੱਸਣ ਵਾਲੀ ਮੁਟਿਆਰ ਬੱਚੀ  ਵੇਖਦਿਆਂ ਹੀ ਸਮਝ ਆ ਗਈ ਕਿ ਮਰੀਜ਼ ਉਹ ਮੁਟਿਆਰ ਹੀ ਸੀ । ਮੈਂ ਉਹਨੂੰ ਇਸ਼ਾਰੇ ਨਾਲ ਆਪਣੇ ਨੇੜੇ ਰੱਖੀ ਕੁਰਸੀ ਉੱਤੇ ਬੈਠਣ ਲਈ ਕਿਹਾ ਤਾਂ ਉਹਨੂੰ ਉਠਦੀ ਨੂੰ ਵੇਖਕੇ ਉਹਦਾ ਭਰਾ ਉਹਨੂੰ ਬਾਂਹ ਤੋਂ ਫੜ ਕੇ ਸਹਾਰਾ ਦੇ ਕੇ ਲਿਆਉਣ ਲੱਗਾ,ਤਾਂ ਮੈਂ ਉਹਨੂੰ ਉਹਦੀ ਬਾਂਹ ਛੱਡ ਕੇ ਆਪਣੀ ਥਾਂ ‘ਤੇ ਬੈਠਣ ਦਾ ਇਸ਼ਾਰਾ ਕੀਤਾ । ਮੁਟਿਆਰ ਆਪਣੇ ਆਪ ਮੇਰੇ ਕੋਲ ਰੱਖੀ ਕੁਰਸੀ ਤੱਕ ਪਹੁੰਚ ਗਈ , ਪਰ ਬੈਠਣ ਲੱਗੀ ,” ਅੱਬੂ , ਮੈਂ ਗਈ !“ ਕਹਿ ਕੇ ਕੁਰਸੀ ਉੱਪਰ ਢੇਰੀ ਹੋ ਗਈ ਤੇ ਉਹਦਾ ਪਿਓ ਇੱਕ ਦੰਮ ਉਹਦੇ ਵੱਲ ਲਪਕਿਆ । ਮੈਂ ਉਹਦੇ ਪਿਓ ਨੂੰ  ,” ਚਿੰਤਾ ਨਾ ਕਰੋ , ਤੁਸੀਂ ਆਪਣੀ ਥਾਂ ‘ਤੇ ਬੈਠੋ ।” ਕਹਿਕੇ ਵਾਪਸ ਭੇਜ ਦਿੱਤਾ । ਮੈਂ ਉਹਨੂੰ ਥੋੜਾ ਸਖਤ ਲਹਿਜੇ ਵਿੱਚ ਸਿੱਧੀ ਹੋ ਕੇ ਬੈਠਣ ਲਈ ਕਿਹਾ ਤਾਂ  ਉਹ ਅੱਖਾਂ ਖੋਲ੍ਹਕੇ ਆਰਾਮ ਨਾਲ ਬੈਠ ਗਈ ।
                        ਵੇਰਵਾ ਲੈਣ ਤੋਂ ਪਤਾ ਲੱਗਾ ਕਿ ਉਹਦੇ ਅੰਦਰ ਵੱਖ ਵੱਖ ਤਰ੍ਹਾਂ ਦੇ ਲੋਕ ਆ ਕੇ ਬੋਲਦੇ ਹਨ ਤੇ ਸਾਰੇ ਇਹੋ ਕਹਿੰਦੇ ਹਨ ਕਿ ਇਹਨੂੰ ਲੈਕੇ ਜਾਣਾ ਹੈ ! ਵੰਨ ਸੁਵੰਨੇ ਬਾਬਿਆਂ ਨੇ ਆਪਣੇ ਆਪਣੇ ਹਿਸਾਬ ਨਾਲ ਵੱਖ ਵੱਖ ਨਾਂ ਵਾਲੀਆਂ ਓਪਰੀਆਂ ਚੀਜ਼ਾਂ ਦੇ ਹੋਣ ਦਾ ਸ਼ੱਕ ਪੱਕਾ ਕੀਤਾ । ਖੈਰ ! ਬਾਬਿਆਂ ਕੋਲੋਂ ਲੁਟਦੇ-ਲੁਟਾਉਂਦੇ ਮੇਰੇ ਕੋਲ ਪਹੁੰਚ ਗਏ !
                   ਘਰਦਿਆਂ ਨੇ ਲੜਕੀ ਨੂੰ ਅਠਵੀਂ  ਤੋਂ ਬਾਅਦ ਸਕੂਲ ਤੋਂ ਹਟਾ ਲਿਆ ਸੀ । ਕੁਝ ਦਿਨ ਠੀਕ ਬੀਤੇ ਪਰ ਹੌਲੀ ਹੌਲੀ ਉਹ ਕਦੇ ਕਦੇ ਬੈਠੀ ਬੈਠੀ ਬੇਹੋਸ਼ ਹੋਣ ਲੱਗੀ । ਘਰ ਦੇ ਡਾਕਟਰੀ ਇਲਾਜ ਦੀ ਥਾਂ ਸਿੱਧੇ ਬਾਬਿਆਂ ਦੇ ਦਰਾਂ ‘ਚ ਜਾ ਡਿੱਗੇ । ਬੱਸ ! ਜਿਓਂ ਜਿਓਂ ਬਾਬਾ ਬਦਲਦੇ ਗਏ , ਲੜਕੀ ਦੀ ਹਾਲਤ ਵਿਗੜਦੀ ਗਈ ਤੇ ਬੇਹੋਸ਼ ਹੋਣ ਦੇ  ਨਾਲ ਨਾਲ ਉਹਦੇ ਅੰਦਰ ਬਾਬਿਆਂ ਵੱਲੋਂ ਦਿਮਾਗ ‘ਚ ਭਰੀਆਂ ਚੀਜ਼ਾਂ ਬੋਲਣ ਲੱਗ ਪਈਆਂ ਕਿ ਇਹਨੂੰ ਲੈ ਕੇ ਜਾਣਾ ਹੈ ! ਲੜਕੀ ਨੂੰ ਪੜ੍ਹਣ ਬਾਰੇ ਬਾਰ ਬਾਰ ਪੁੱਛਿਆ ਤਾਂ ਉਹ ਆਪਣੇ ਬਾਪ ਵੱਲ ਟੇਢੀ ਅੱਖ ਨਾਲ ਵੇਖ ਕੇ  ਆਖ ਦੇਵੇ ਕਿ ਉਹਦਾ ਪੜ੍ਹਣ ਨੂੰ ਬਿਲਕੁਲ ਮਨ ਨਹੀਂ ਕਰਦਾ ।
                         ਮੈਂ ਉਹਨੂੰ ਸੰਮੋਹਨ ਕਰਕੇ ਉਹਦੇ ਦਿਮਾਗ ‘ਚ ਵੜੀਆਂ ਓਪਰੀਆਂ ਚੀਜ਼ਾਂ ਨੂੰ ਭਸਮ ਕਰ ਦਿੱਤਾ , ਪਰ ਥੋੜੀ ਦੇਰ ਬਾਅਦ ਹੀ ਹੋਰ ਨਵੀਂ ਚੀਜ਼ ਬੋਲਣ ਲੱਗ ਪਈ, ਜਿਹਨੇ ਦੱਸਿਆ ਕਿ ਉਹ  ਖਤਮ ਨਹੀਂ ਹੋ ਸਕਦੇ , ਉਹਨਾਂ ਦੇ  ਉਸਤਾਦ ਜੀ ਹੋਰ ਭੇਜ ਦੇਣਗੇ । ਮੈਂ ਉਸਤਾਦ ਸਮੇਤ ਸਾਰੀਆਂ ਓਪਰੀਆਂ ਚੀਜ਼ਾਂ ਨੂੰ ਸਾਹਮਣੇ ਬੁਲਾਕੇ ਭਸਮ ਕਰ ਦਿੱਤਾ । ਤਿੰਨ ਦਿਨ ਸ਼ਾਂਤੀ ਰਹਿਣ ਤੋਂ ਬਾਅਦ ਲੜਕੀ ਦੇ ਬਾਪ ਦਾ ਫੋਨ ਆਇਆ ਕਿ ਅੱਜ ਫਿਰ ਇੱਕ ਚੀਜ਼ ਉਹਦੇ ਅੰਦਰ ਬੋਲੀ ਹੈ, ਜਿਸ ਨੇ ਕਿਹਾ ਹੈ ਕਿ ਇਹਦੇ ਜਿੰਨੇ ਝਾੜੇ ਕਰਵਾਓਗੇ ਅਸੀਂ ਉੰਨਾਂ ਹੀ ਇਹਨੂੰ ਤੰਗ ਕਰਾਂਗੇ । ਮੈਂ ਉਹਨਾਂ ਨੂੰ ਇੱਕ ਵਾਰ ਹੋਰ ਲੈਕੇ ਆਉਣ ਲਈ ਕਿਹਾ
                   ਇੰਨੇ ਚਿਰ ਨੂੰ ਮੈਂ ਆਪਣੇ ਸੀਨੀਅਰ ਤਰਕਸ਼ੀਲ ਆਗੂ ਤੇ ‘ ਭੂਤ ਸਪੈਸ਼ਲਿਸਟ ‘ ਉਸਤਾਦ  Lecturer Balwant Singh ਜੀ  ਨਾਲ ਵੀ ਇਸ ਕੇਸ ਬਾਰੇ ਸਲਾਹ ਕਰ ਲਈ । ਇਸ ਵਾਰ ਮੈਂ ਲੜਕੀ ਦੇ ਬਾਪ ਤੋਂ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਉਹ ‘ ਅਜਮੇਰ ਸ਼ਰੀਫ਼ ‘ ਨੂੰ ਮੰਨਦੇ ਹਨ , ਜਿਸ ਦੀ ਉਹ ਆਪਣੇ ਘਰ ਵਿੱਚ ਹੀ ਪਿਛਲੇ ਚਾਲੀ ਵਰ੍ਹਿਆਂ ਤੋਂ ਪਾਨ, ਦੁੱਧ ,ਘਿਓ ਆਦਿ ਨਾਲ ਹਾਜਰੀ ਭਰਦੇ ਹਨ । ਮੈਂ ਉਸ ਲੜਕੀ ਨੂੰ ਸੰਮੋਹਿਤ ਕਰਕੇ ਵਿਸ਼ਵਾਸ ਦਵਾਇਆ  ਕਿ ਮੈਂ ਉਹਦੇ ਉੱਪਰ ਅਜਮੇਰ ਸ਼ਰੀਫ਼ ਦਾ ਪਹਿਰਾ ਲਗਾ ਦਿੱਤਾ ਹੈ , ਹੁਣ ਦੁਨੀਆਂ ਦੀ ਕੋਈ ਵੀ ਓਪਰੀ ਚੀਜ਼ ਉਹਦੇ ਆਸਪਾਸ ਵੀ ਨਹੀਂ ਆ ਸਕਦੀ ।
                 ਲੜਕੀ ਨੂੰ ਸੰਮੋਹਿਤ ਨੀਂਦ ਤੋਂ ਜਗਾਉਣ ਤੋਂ ਬਾਅਦ ਵੀ ਮੇਰੀ ਮਾਨਸਿਕ ਸੰਤੁਸ਼ਟੀ ਨਾ ਹੋਈ ਤਾਂ ਮੈਂ ਇੱਕ ਛੋਟਾ ਜਿਹਾ ਕਾਗਜ਼ ਅਤੇ ਪੈੰਨ  ਦੇ ਕੇ ਉਸ ਲੜਕੀ ਨੂੰ ਆਪਣੀ ਮਰਜ਼ੀ ਦਾ ਇੱਕ ਵਾਕ ਲਿਖਣ ਲਈ ਕਿਹਾ ਤੇ ਨਾਲ ਹੀ ਹੱਲਾਸ਼ੇਰੀ ਵੀ ਦਿੱਤੀ ਕਿ ਜੋ ਵੀ ਉਹਦੇ ਮਨ ਵਿੱਚ ਹੈ, ਇੱਕ ਵਾਕ ਵਿੱਚ ਲਿਖ ਦੇਵੇ , ਅਗਰ ਗੱਲ ਕੋਈ ਨਿੱਜੀ ਵੀ ਹੋਵੇਗੀ ਤਾਂ ਉਹਦੇ ਬਾਪ ਨੂੰ ਵੀ ਨਹੀਂ ਦੱਸੀ ਜਾਵੇਗੀ । ਲੜਕੀ ਨੇ ਕਾਗਜ਼ ਉੱਪਰ ਲਿਖਿਆ ,” ਮੈਨੂੰ ਸਕੂਲ ਜਾਣਾ ਚੰਗਾ ਲਗਦਾ ਸੀ , ਪਰ ਮੈਂ ਸਕੂਲ ਛੱਡ ਦਿੱਤਾ , ਹੁਣ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਕੋਈ ਵੀ ਆਪਣੀ ਪੜ੍ਹਾਈ ਨਾ ਛੱਡੇ ।” ਬਾਰ ਬਾਰ ਪੁੱਛਣ ‘ਤੇ ਮਨ੍ਹਾਂ ਕਰਨ ਵਾਲੀ ਗੱਲ ਨੂੰ ਉਹਨੇ ਆਪਣੀ ਲਿਖਤ ਵਿੱਚ ਕਬੂਲ ਲਿਆ ।
               ਮੈਂ ਲੜਕੀ ਦੇ ਬਾਪ ਨੂੰ ਪੜ੍ਹਾਈ ਦੀ ਅਹਮੀਅਤ ਦੱਸਦੇ ਹੋਏ ਲੜਕੀ ਦੇ ਭਵਿੱਖ ਬਾਰੇ ਗੱਲ ਕੀਤੀ  ਤਾਂ ਉਹ ਪੜ੍ਹਾਉਣ ਲਈ ਮੰਨ ਗਿਆ । ਲੜਕੀ ਨੂੰ ਮਾਨਸਿਕ ਤੌਰ ‘ਤੇ ਹੋਰ ਪੱਕਾ ਕਰਨ ਲਈ ਮੈਂ ਉਹਦੇ ਨਾਲ ਵਾਅਦਾ ਕੀਤਾ ਕਿ ਉਹਦੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਕਰਾਂਗਾ । ਇੰਨੀ ਗੱਲ ਸੁਣ ਕੇ ਉਹਦੇ ਚਿਹਰੇ ਉੱਪਰ ਰੌਣਕ ਵੇਖਣ ਵਾਲੀ ਸੀ । ਕਈ ਦਿਨ ਬੀਤ ਜਾਣ ਬਾਅਦ ਸਭ ਕੁਝ ਠੀਕ ਹੈ । ਹੁਣ ਉਹ ਅਗਲੇ ਸਾਲ ਤੋਂ ਸਕੂਲ ਜਾਏਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਕੋਸ਼ਿਸ਼