(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਕਈ ਵਾਰ ਕੋਈ ਅਜਿਹਾ ਮੌਕਾ ਤੇ ਸਬੱਬ ਕੁਦਰਤੀ ਤੌਰ ਉੱਤੇ ਅਜਿਹਾ ਬਣਦਾ ਹੈ ਕਿ ਜੋ ਆਪਾਂ ਵਿਰੋਧੀ ਹੁੰਦੇ ਹਨ ਉਹ ਵੀ ਜਨਤਾ ਸਾਹਮਣੇ ਆਪਸ ਵਿੱਚ ਜੱਫੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਹਨ ਜੀ ਹਾਂ ਅਜਿਹਾ ਹੀ ਸਭ ਕੁਝ ਅੱਜ ਜਲੰਧਰ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਧਰਮ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਸੀ ਤੇ ਇਸ ਮੌਕੇ ਪੰਜਾਬ ਦੀਆਂ ਉੱਘੀਆਂ ਸ਼ਖਸੀਅਤਾਂ ਇਸ ਸ਼ਰਧਾਜਲੀ ਸਮਾਗਮ ਦੇ ਵਿੱਚ ਪੁੱਜੀਆਂ ਜਿੱਥੇ ਹੋਰ ਅਹਿਮ ਵਿਅਕਤੀ ਪੁੱਜੇ। ਉੱਥੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਘੁੰਮ ਰਹੀ ਹੈ ਜਿਸ ਵਿੱਚ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੱਫੀ ਪਈ ਹੋਈ ਹੈ। ਆਪ ਸਭ ਨੂੰ ਚੰਗੀ ਤਰ੍ਹਾਂ ਪਤਾ ਹੀ ਹੋਵੇਗਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਜੰਗੇ ਆਜ਼ਾਦੀ ਯਾਦਗਾਰ ਕਰਤਾਰਪੁਰ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮੁੱਖ ਮੰਤਰੀ ਨੇ ਇਸ ਯਾਦਗਾਰ ਦੇ ਵਿੱਚ ਭਰਿਸ਼ਟਾਚਾਰ ਦੀਆਂ ਗੱਲਾਂ ਬਾਤਾਂ ਨੂੰ ਉਜਾਗਰ ਕੀਤਾ ਸੀ ਤੇ ਇਥੋਂ ਤੱਕ ਸਿੱਧੇ ਤੌਰ ਉੱਤੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਇਸ ਭਰਿਸ਼ਟਾਚਾਰ ਵਿੱਚ ਸ਼ਾਮਿਲ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਸੀ ਕਿ ਜੋ ਪ੍ਰਕਾਸ਼ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਨੇ ਇਹ ਯਾਦਗਾਰ ਬਣਾਈ ਸੀ ਉਸ ਸਮੇਂ ਇਸ ਯਾਦਗਾਰ ਦੇ ਕਰਤਾ ਧਰਤਾ ਬਰਜਿੰਦਰ ਸਿੰਘ ਹਮਦਰਦ ਹੀ ਸਨ ਤੇ ਵਿਜੀਲੈਂਸ ਵੱਲੋਂ ਕਾਰਵਾਈ ਅਰੰਭੀ ਗਈ ਇਸ ਯਾਦਗਾਰ ਦੀ ਜਾਂਚ ਪੜਤਾਲ ਕੀਤੀ ਗਈ ਤੇ ਉਸ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਨੂੰ ਸੰਮਣ ਵੀ ਜਾਰੀ ਹੋਏ ਪਰ ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਪਹਿਲਾਂ ਹੀ ਪੰਜਾਬ ਤੇ ਭਾਰਤ ਨਾਲ ਸੰਬੰਧਿਤ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਉਹਨਾਂ ਦੇ ਪ੍ਰਮੁੱਖ ਆਗੂਆਂ ਨੂੰ ਨਾਲ ਲੈ ਕੇ ਬਰਜਿੰਦਰ ਸਿੰਘ ਹਮਦਰਦ ਨੇ ਜਲੰਧਰ ਵਿੱਚ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ ਜਿਸ ਤੋਂ ਬਾਅਦ ਅਨੇਕਾਂ ਚਰਚਾਵਾਂ ਸ਼ੁਰੂ ਹੋਈਆਂ ਪਰ ਅੱਜ ਬੀਬੀ ਰੇਸ਼ਮ ਕੌਰ ਦੇ ਭੋਗ ਮੌਕੇ ਸਾਰੇ ਹੀ ਦੇਖ ਕੇ ਲੰਘ ਰਹਿ ਗਏ ਜਦੋਂ ਬਰਜਿੰਦਰ ਸਿੰਘ ਹਮਦਰਦ ਹੋਰਾਂ ਦੇ ਨਜ਼ਦੀਕ ਹੀ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਦੋਵਾਂ ਨੇ ਉੱਠ ਕੇ ਇੱਕ ਦੂਜੇ ਦੇ ਨੇੜੇ ਹੋ ਕੇ ਇੱਕ ਦੂਜੇ ਨੂੰ ਕਲਾਵੇ ਵਿੱਚ ਲਿਆ ਤੇ ਭਗਵੰਤ ਮਾਨ ਨੇ ਬਰਜਿੰਦਰ ਸਿੰਘ ਹਮਦਰਦ ਦੇ ਗੋਡੀ ਹੱਥ ਲਾਏ। ਸੋ ਭਾਈ ਪਤਾ ਨਹੀਂ ਲੱਗਦਾ ਕਦੋਂ ਕੀ ਕੁਝ ਹੋ ਜਾਵੇ ਇਸ ਲਈ ਐਵੇਂ ਕਿਸੇ ਉੱਤੇ ਗਲਤ ਦੂਸ਼ਣਬਾਜੀ ਲਾ ਕੇ ਕੋਈ ਭਰਮ ਵੀ ਨਹੀਂ ਰੱਖਣਾ ਚਾਹੀਦਾ ਬਾਕੀ ਸਭ ਕੁਝ ਤੁਹਾਡੇ ਸਾਹਮਣੇ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj