HOME ਅਤੀਤ

ਅਤੀਤ

ਗੁਰਦੀਪ ਸਿੰਘ ਮੁਕੱਦਮ

  (ਸਮਾਜ ਵੀਕਲੀ)  ਕੁਲਤਾਰ ਸਿੰਘ  ਕੱਪੜਿਆਂ ਵਾਲੀ ਅਲਮਾਰੀ ਖੋਹਲ ਕੇ ਅਜੇ ਸੋਚ ਹੀ ਰਿਹਾ ਸੀ ਕਿ ਅੱਜ ਲੱਕੀ ਦੇ ਵਿਆਹ ਤੇ ਜਾਣ ਲਈ ਉਹ ਕਿਹੜਾ ਸੂਟ ਪਾਵੇ, ਤਾਂ ਪਿਛੇ ਖੜੀ ਉਸ ਦੀ ਘਰਵਾਲੀ ਨਰਾਜ਼ਗੀ ਜਹੀ ਨਾਲ ਕਹਿਣ ਲੱਗੀ ਕਿ ਕਿਹਾ ਸੀ ਨਾ ਕਿ ਵਿਆਹ ਲਈ ਨਵਾਂ ਸੂਟ ਸਿਲਾ ਲਓ। ” ਰਣਜੀਤ ਕੌਰੇ ਇਹ ਕੋਟ ਪਿੰਟ, ਸਾਲ ਚ ਕਿਤੇ ਇੱਕ ਦੋ ਵਾਰ ਪਾ ਹੁੰਦੇ ਆ, ਕੀ ਫਾਇਦਾ ਅਲਮਾਰੀਆਂ ਭਰਨ ਦਾ।” ” ਲੋਕ ਪਾਉਦੇ ਈ ਆ, ਤੁਹਾਡੇ ਤੋਂ ਪਤਾ ਨਹੀਂ ਕਿਉਂ ਨਹੀਂ ਪਾਏ ਜਾਂਦੇ। ਸੌਹਰਿਆਂ ਦੇ ਘਰ ਵਿਆਹ ਸੀ, ਇੱਕ ਨਵਾਂ ਕੋਟ ਪਿੰਡ ਸੁਆ ਲੈਂਦੇ ਤਾਂ ਕੀ ਫਰਕ ਪੈ ਜਾਣਾਂ ਸੀ?” ਰਣਜੀਤ ਕੌਰ ਨਰਾਜ਼ ਹੋ ਰਹੀ ਸੀ।
ਰਣਜੀਤ ਕੌਰ ਦੀ ਗੱਲ ਸੁਣ ਕੇ ਪਤਾ ਨਹੀਂ ਕਿਉਂ ਅੱਜ ਕੁਲਤਾਰ ਨੂੰ ਆਪਣਾਂ ਅਤੀਤ ਯਾਦ ਆ ਗਿਆ ਸੀ। ਉਸ ਦੇ ਦਿਲ ਚ ਇੱਕ ਉਬਾਲ ਜਿਹਾ ਉਠਿਆ ਜੋ ਗੋਲਾ ਜਿਹਾ ਬਣ ਕੇ ਉਸ ਦੇ ਦਿਮਾਗ ਤੇ ਛਾ ਗਿਆ। ਉਸ ਦੇ ਚੇਹਰੇ ਤੇ ਉਦਾਸੀ ਭਰ ਗਈ ਤੇ ਉਸ ਦੀਆਂ ਅੱਖਾਂ ਨਮ ਹੋ ਗਈਆਂ। ਉਸ ਦੀਆਂ ਲੱਤਾਂ ਲੜਖੜਾ ਗਈਆਂ। ਆਪਣੇ ਆਪ ਨੂੰ ਸੰਭਾਲਦਾ ਹੋਇਆ ਉਹ ਲਾਗੇ ਪਈ ਕੁਰਸੀ ਤੇ ਬਹਿ ਗਿਆ ।
ਉਸ ਦੀ ਹਾਲਤ ਦੇਖ ਕੇ ਰਣਜੀਤ ਕੌਰ ਘਬਰਾ ਗਈ, ” ਕੀ ਹੋਇਆ?” ਕੰਬਦੀ ਅਵਾਜ਼ ਚ ਉਹ ਮਸਾਂ ਹੀ ਪੁੱਛ ਸਕੀ। ” ਕੁੱਝ ਨਹੀਂ, ਪਤਾ ਨਹੀਂ ਕਿਉਂ ਅੱਜ ਅਤੀਤ ਯਾਦ ਆ ਗਿਆ। ਜਦੋਂ ਨਵੇਂ ਨਵੇਂ ਕੱਪੜੇ ਪਾਉਣ ਦਾ ਸੌਂਕ ਤੇ ਉਮਰ ਸੀ, ਉਸ ਦਿਨ ਕੱਪੜੇ ਨਹੀਂ ਸੀ। ਹਾੜੀ ਸਾਉਂਣੀ ਇੱਕ ਪਿੰਟ ਕਮੀਜ਼ ਮਿਲਦੀ ਸੀ, ਜੇ ਮੱਕੀ ਮਰ ਗਈ ਤਾਂ ਉਹ ਵੀ ਨਹੀਂ। ਅੱਜ ਜਦੋਂ ਨਵੇਂ ਨਵੇਂ ਕੱਪੜੇ ਪਾਉਣ ਦਾ ਸੌਂਕ/ਉਮਰ ਨਹੀਂ ਰਹੀ, ਤਾਂ ਕੱਪੜਿਆਂ ਨਾਲ ਅਲਮਾਰੀਆਂ ਭਰੀਆਂ ਪਈਆਂ। ਯਾਦ ਹੈ ਇਸੇ ਲੱਕੀ ਦੀ ਲੋਹੜੀ ਤੇ ਮੈਂ ਮੰਗਵੀ ਕੋਟੀ ਪਾ ਕੇ ਗਿਆ ਸੀ। ” ਆਪਣਾ ਅਤੀਤ ਯਾਦ ਕਰਦਿਆਂ ਕੁਲਤਾਰ ਦੀਆਂ ਅੱਖਾਂ ਭਰ ਆਈਆਂ।
ਲੱਕੀ ਦੀ ਲੋਹੜੀ ਦਾ ਦਿਨ ਯਾਦ ਆਉਂਦਿਆਂ ਹੀ ਰਣਜੀਤ ਕੌਰ ਦੇ ਦਿਲ ਚੋਂ ਆਹ ਨਿਕਲ ਗਈ। ” ਚਲੋ ਛੱਡੋ ਹੁਣ ਉਨ੍ਹਾਂ ਗੱਲਾਂ ਨੂੰ। ਤੁਸੀਂ ਤਿਆਰ ਹੋਵੋ। ਜਿਹੜਾ ਮਰਜ਼ੀ ਸੂਟ ਪਾ ਲਓ। ” ਇੰਨਾ ਕਹਿੰਦੇ ਹੋਏ ਰਣਜੀਤ ਕੌਰ ਕਾਹਲੀ ਨਾਲ ਕਮਰੇ ਵਿੱਚੋਂ ਬਾਹਰ ਨਿਕਲ ਗਈ। ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੇ ਚੇਹਰੇ ਤੇ ਉਭਰਿਆ ਅਤੀਤ ਦਾ ਦਰਦ ਦੇਖ ਕੇ ਕੁਲਤਾਰ ਸਿੰਘ ਹੋਰ ਉਦਾਸ ਹੋਏ।
ਗੁਰਦੀਪ ਸਿੰਘ ਮੁਕੱਦਮ ਪਿੰਡ ਲਧਾਣਾ ਝਿੱਕਾ
9878160133

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਭਰਥਲਾ ਵਿਖੇ ਅਧਿਆਪਕਾਂ ਦੇ ਪਹਿਲੇ ਗਰੁੱਪ ਦਾ ਸੈਮੀਨਾਰ ਸਮਾਪਤ
Next articleਲਾਈਵ ਕਹਾਣੀ ਦਰਬਾਰ