(ਸਮਾਜ ਵੀਕਲੀ)
ਭੁੱਲ ਕੇ ਦੁਬਾਰਾ ਨਾ ਤੂੰ ਆਈਂ ਬਾਬਾ ਨਾਨਕਾ ।
ਵਿਗੜਿਆਂ ਨੂੰ ਰਾਹ ਨਾ ਵਿਖਾਈਂ ਬਾਬਾ ਨਾਨਕਾ ।
ਓਸ ਵੇਲ਼ੇ ਗੱਲ ਕੁੱਝ ਹੋਰ ਸੀ ਜ਼ਮਾਨੇ ਦੀ ;
ਬਾਲੇ ਮਰਦਾਨੇ ਨੂੰ ਬਚਾਈਂ ਬਾਬਾ ਨਾਨਕਾ ।
ਅਮਲ ਨਈਓਂ ਕਰਨਾ ਕਿਸੇ ਨੇ ਤੇਰੀ ਗੱਲ ‘ਤੇ ;
ਮੱਝ ਅੱਗੇ ਬੀਨ ਨਾ ਵਜਾਈਂ ਬਾਬਾ ਨਾਨਕਾ ।
ਤੇਰਾ ਚਿੱਤ ਵੇਖ ਵੇਖ ਹੋਊਗਾ ਉਦਾਸ ਹੀ ;
ਧਰਮ ਅਸਥਾਨਾਂ ‘ਤੇ ਨਾ ਜਾਈਂ ਬਾਬਾ ਨਾਨਕਾ ।
ਗੁਰੂਆਂ ਤੋਂ ਚੇਲੇ ਅੱਗੇ ਸਮਝਦੇ ਨੇ ਆਪ ਨੂੰ ;
” ਸਮਝਿਆਂ ” ਨੂੰ ਨਾ ਤੂੰ ਸਮਝਾਈਂ ਬਾਬਾ ਨਾਨਕਾ ।
ਵੇਖ ਵੇਖ ਗੱਦੀਆਂ ‘ਤੇ ਬਾਬਰਾਂ ਨੂੰ ਅੱਜ ਵੀ ;
ਕਿਵੇਂ ਕਹਿਣਾ ਜਾਬਰ ਸਿਖਾਈਂ ਬਾਬਾ ਨਾਨਕਾ ।
ਅਜੇ ਵੀ ਲਕੀਰ ਦੇ ਫ਼ਕੀਰਾਂ ਦੀ ਕੋਈ ਤੋਟ ਨਾ ;
ਆ ਕੇ ਜਾਤ ਪਾਤ ਨਾ ਮਿਟਾਈਂ ਬਾਬਾ ਨਾਨਕਾ ।
ਕੋਈ ਕਹਿੰਦੈ ‘ਕੱਤੇ ਵਿੱਚ ਕਿਤੇ ਹੈ ਵੈਸਾਖ ‘ਚ ;
ਦੋ ਦੋ ਜਨਮ ਦਿਨ ਨਾ ਮਨਾਈਂ ਬਾਬਾ ਨਾਨਕਾ ।
ਬਾਣੀ ਰਾਹੀਂ ਸਦਾ ਸਾਡੇ ਅੰਗ ਸੰਗ ਰਹੇਂ ਤੂੰ ;
ਸਾਨੂੰ ਜਾਂਚ ਅਮਲ ਦੀ ਸਿਖਾਈਂ ਬਾਬਾ ਨਾਨਕਾ ।
ਤੇਰੀ ਦਿੱਤੀ ਸਿੱਖਿਆ ‘ਤੇ ਅਸੀਂ ਚੱਲ ਸਕੀਏ ;
ਸਾਡੇ ਖੋਪਰਾਂ ਨੂੰ ਰੁਸਨਾਈਂ ਬਾਬਾ ਨਾਨਕਾ ।
ਫ਼ੇਰ ਵੀ ਜੇ ਆਉਂਣਾ ਹੋਇਆ ਸੁਪਨੇ ‘ਚ ਆਣ ਕੇ ;
‘ ਰੰਚਣਾਂ ‘ ਵਾਲ਼ੇ ਨੂੰ ਸਮਝਾਈਂ ਬਾਬਾ ਨਾਨਕਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037