ਵਿਆਹ ਦੀ ਵਰ੍ਹੇਗੰਢ ਮੌਕੇ ਏਡਜ਼ ਜਾਗਰੂਕਤਾ ਅਭਿਆਨ ਚਲਾਇਆ – ਲਾਇਨ ਸੋਮਿਨਾਂ ਸੰਧੂ

ਏਡਜ਼ ਦੀ ਬਿਮਾਰੀ ਖੁਦ ਨਹੀਂ ਹੁੰਦੀ, ਲੋਕ ਖੁਦ ਸਹੇੜਦੇ ਹਨ – ਲਾਇਨ ਅਸ਼ੋਕ ਬਬਿਤਾ ਸੰਧੂ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅਜੋਕੇ ਸਮੇਂ ਦੌਰਾਨ ਅਨੇਕਾਂ ਅਜਿਹੀਆਂ ਬਿਮਾਰੀਆਂ ਜਾਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਕਾਰਣ ਰੋਜ਼ਾਨਾ ਲੋਕ ਦਮ ਤੋੜ ਰਹੇ ਹਨ ਪਰ ਇਹਨਾਂ ਵਿੱਚ ਏਡਜ਼ ਦੀ ਬਿਮਾਰੀ ਬਹੁਤ ਹੀ ਖ਼ਤਰਨਾਕ ਹੈ ਜਿਸਦਾ ਰੋਗੀ ਭਿਆਨਕ ਮੌਤ ਤਾਂ ਮਰਦਾ ਹੀ ਹੈ ਬਲਕਿ ਬਦਨਾਮੀ ਭਰੀ ਮੌਤ ਵੀ ਮਰਦਾ ਹੈ, ਸੋ ਸਾਨੂੰ ਐਚ.ਆਈ.ਵੀ/ਏਡਜ਼ ਤੋਂ ਹਰ ਹਾਲ ਬੱਚਕੇ ਰਹਿਣਾ ਹੈ। ਇਹਨਾਂ ਅਹਿਮ ਗੱਲਾਂ ਦਾ ਪ੍ਰਗਟਾਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਆਪਣੇ ਮਾਤਾ ਪਿਤਾ ਲਾਇਨ ਅਸ਼ੋਕ ਬਬਿਤਾ ਸੰਧੂ ਦੇ ਵਿਆਹ ਦੀ 33ਵੀਂ ਵਰ੍ਹੇਗੰਢ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ‘ਤੇ ਮਨਾਉਂਦੇ ਹੋਏ ਕਹੇ। ਉਹਨਾਂ ਕਿਹਾ ਅਸੀਂ ਦੁਨੀਆਂ ਦੀ ਸਰਵੋਤਮ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਾਂ, ਹਰ ਕਾਰਜ ਵਿੱਚ ਸਮਾਜ ਸੇਵਾ ਦੇ ਮੌਕੇ ਲੱਭਣੇ ਸਾਡਾ ਮੁੱਖ ਉਦੇਸ਼ ਹੈ।

ਇਸ ਮੌਕੇ ਲਾਇਨ ਅਸ਼ੋਕ ਬਬਿਤਾ ਸੰਧੂ ਨੇ ਜਿੱਥੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਕੇਕ ਕੱਟਿਆ ਉੱਥੇ ਏਡਜ਼ ਦੇ ਲਾਲ ਰਿਬਨ ਵੀ ਲਗਾਏ ਅਤੇ ਖੁੱਲ੍ਹੇ ਅਸਮਾਨ ਵਿੱਚ ਏਡਜ਼ ਦੇ ਗੁਬਾਰੇ ਉਡਾਕੇ ਲੋਕਾਂ ਨੂੰ ਏਡਜ਼ ਤੋਂ ਖ਼ਬਰਦਾਰ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਏਡਜ਼ ਹੀ ਇਕਲੌਤੀ ਅਜਿਹੀ ਬਿਮਾਰੀ ਹੈ ਜੋ ਕਿਸੇ ਨੂੰ ਕੁਦਰਤੀ ਤੌਰ ‘ਤੇ ਨਹੀਂ ਹੁੰਦੀ ਸਗੋਂ ਲੋਕ ਖੁਦ ਹੀ ਜਾਗਰੂਕ ਨਾ ਹੋਣ ਕਾਰਨ ਸਹੇੜਦੇ ਹਨ ਜਿਨ੍ਹਾਂ ਦੇ ਪ੍ਰਮੁੱਖ ਤਿੰਨ ਕਾਰਣ ਹਨ ਜਿਵੇਂ 1. ਅਸੁਰੱਖਿਅਤ ਜਿਣਸੀ ਸੰਬੰਧ 2. ਦੂਸ਼ਿਤ ਲਹੂ-ਬਦਲੀ, ਭ੍ਰਿਸ਼ਟ ਸੂਈਆਂ ਦੀ ਵਰਤੋਂ, 3. ਏਡਜ਼ ਰੋਗੀ ਦਾ ਗਰਭਵਤੀ ਹੋਣਾ, ਬੱਚੇ ਨੂੰ ਜਨਮ ਦੇਣਾ ਅਤੇ ਦੁੱਧ-ਚੁੰਘਾਈ ਵੇਲੇ ਮਾਂ ਤੋਂ ਬੱਚੇ ਨੂੰ ਫੈਲਦਾ ਹੈ। ਕਲੱਬ ਦੇ ਪੀ.ਆਰ.ਓ ਲਾਇਨ ਦਿਨਕਰ ਸੰਧੂ, ਕਲੱਬ ਦੇ ਅਫ਼ਸਰ ਲਾਇਨ ਆਂਚਲ ਸੰਧੂ ਸੋਖਲ, ਲਾਇਨ ਜਸਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਵਕਤ ਛੋਟੀ ਉਮਰ ਦੇ ਬੱਚੇ ਐਚ.ਆਈ.ਵੀ/ਏਡਜ਼ ਤੋਂ ਪੀੜਤ ਹਨ ਅਤੇ ਪੰਜਾਬ ਵਿੱਚ ਇਹਨਾਂ ਦੀ ਸੰਖਿਆ ਵੱਧ ਰਹੀ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

ਨਤੀਜਨ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਜਿਨ੍ਹਾਂ ਹੋ ਸਕੇ ਲੋਕਾਈ ਨੂੰ ਜਾਗਰੂਕ ਕਰਕੇ ਐਚ.ਆਈ.ਵੀ/ਏਡਜ਼ ਤੋਂ ਬਚਾਇਆ ਜਾ ਸਕੇ। ਵਿਆਹ ਸਮੇਂ ਕੁੰਡਲੀਆਂ ਮਿਲਾਉਣ ਦੇ ਨਾਲ ਨਾਲ ਏਡਜ਼ ਦੇ ਟੈਸਟ ਕਰਵਾਉਣਾ ਵੀ ਲਾਜ਼ਮੀ ਸਮਝਿਆ ਜਾਣਾ ਚਾਹੀਦਾ ਹੈ। ਇਸ ਮੌਕੇ ਜਸਟ ਵਨ ਜਿੰਮ ਦੇ ਸੰਚਾਲਕ ਗੁਰਵਿੰਦਰ ਸੋਖਲ, ਸੀਤਾ ਰਾਮ ਸੋਖਲ, ਰਮਾ ਸੋਖਲ, ਭੂਸ਼ਣ ਸ਼ਰਮਾ, ਸੋਨੀਆ ਸੋਖਲ ਤੋਂ ਇਲਾਵਾ ਗੁਰਛਾਇਆ, ਗੁਰਅੰਸ਼ ਅਤੇ ਗੁਰਇੱਕ ਸੋਖਲ ਰੈੱਡ ਰਿਬਨ ਲਗਾਕੇ ਮੌਜੂਦ ਰਹੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਵਾਰ ਵਿਛੋੜਾ
Next articleਇਨਕਲਾਬ ਦੀ ਬੰਦੂਕ