ਪੀੜਾਂ ਵਿੰਨੀ ਉਡੀਕ

ਮਨਪ੍ਰੀਤ ਕੌਰ ਸੰਧੂ 

(ਸਮਾਜ ਵੀਕਲੀ) 

ਮੀਤੋ ਨੀ ਕੀ ਹੋਇਆ ਕੁੜ੍ਹੇ ,ਫਿੱਟੇਹਾਲ ,ਨੀ ਹੋਸ਼ ਕਰ ,ਕਾੜ੍ਹਨੀ ਦਾ ਸਾਰਾ ਦੁੱਧ ਉਬਾਲ਼ ਮਾਰ ਬਾਹਰ ਡੁੱਲੀ ਜਾਂਦਾ,

ਫੋਟ…ਜੈਂਖਾਣੀ ਨੂੰ ਅਜੇ ਵੀ ਨਹੀਂ ਸੁਣਦਾ,
ਮੀਤੋ ਨੀ ਮੀਤੋ,
ਮੀਤੋ ਦੀ ਸੱਸ ਨੇ ਅੱਗ ਉੱਤੇ ਪਾਣੀ  ਦੇ ਕੁੱਝ ਛਿੱਟੇ ਮਾਰ ਅੱਗ ਮੱਠੀ ਕਰਦੇ ਹੋਏ ਮੀਤੋ ਦੇ ਮੌਢੇ ਹਲੂਨ ਕੇ ਕਿਹਾ ,
ਨੀ ਖੇਖਣ ਜਿਹੇ ਨਾ ਕਰਿਆ ਕਰ , ਅੱਜ ਰਾਣੋ ਕੋਲੇ ਜਾਣਾ ਮੈਂ ,, ਸੁੱਖ ਨਾਲ ਸੰਧਾਰਾ ਦੇਣ ,ਮੈਂ ਸੋਚਦੀ ਸੀ ਸੇਰ ਦੋ ਸੇਰ ਦੁੱਧ ਵੀ   ਫੜੀ ਜਾਂਦੀ ਨਾਲ ,ਪਰ ਤੂੰ ਨਕਫ਼ਨੀ ਨੇ ਦੁੱਧ  ਸਾਰਾ ਅੱਗ ਲਾ ਦਿੱਤਾ ,ਚਲ ਉੱਠ ਮੈਨੂੰ ਫੜਾ ਸਮਾਨ ਤੇਰੇ ਕੰਜਰਖਾਨੇ ਚ ਮੇਰੀ ਲਾਰੀ ਹੀ  ਨਾ ਲੰਘ ਜਾਵੇ ਇਕ ਤਾਂ ਜੈਖਾਨੀ ਹੋਰ ਆਉਣੀ ਵੀ ਨਹੀਂ ਦੂਜੀ ਵਾਰ।
‘ਫੜੋਨੀ ਆ ਬੇਬੇ ‘ ਏਨਾ ਕਹਿ ਮੀਤੋ ਸਬਾਤ ਵਿੱਚੋ ਇਕ ਝੋਲ਼ਾ ਬੇਬੇ ਨੂੰ ਫੜਾ ਬੋਲੀ’ਬੇਬੇ ਨੇਰਾ ਨਾ  ਕਰੀਂ, ਪਰਛਾਵੇਂ ਢਲਣ ਸਾਰ ਤੁਰ ਪਈ ਉਥੋਂ, ਅੱਗੋ ਬਾਹਰਲੀ ਫ਼ਿਰਨੀ ਉਤੇ ਤੇਰਾ ਪੁੱਤ  ਤੈਨੂੰ ਸ਼ੈਕਲ (ਸਾਇਕਲ) ਤੇ ਲੈਣ ਆਉ ਘਰ ਨੂੰ ,ਨਾਲੇ ਇਹ ਰੱਤਾ ਸੂਟ ਰਾਣੋ ਨੂੰ ਕਹੀ ਸਵਾਂ ਕੇ ਪਾਵੇ,ਮੈਂ ਹੱਥੀ ਛਿੰਦੀ ਬੂਟੀ ਨਾਲ ਕੱਢਿਆ ਇਹ’
ਬੇਬੇ ਨੇ ਇੰਝ ਘੂਰਿਆ ਜਿਵੇਂ ਪਤਾ  ਨਹੀਂ ਕੀ ਕਹਿਰ ਹੋ ਗਿਆ ,ਸੂਟ ਪਰ੍ਹੇ ਵਗਾਹ ਮਾਰਦੀ ਬੁੜ ਬੁੜ ਕਰਨ ਲੱਗੀ ‘ ਨੀ ਰਹਿਣ ਦੇ ,ਰੱਖ ਤੂੰ ਅਪਣਾ ਖੱਫਣ ਆਪਦੇ ਕੋਲ , ਮੇਰੀ ਮੀਤੋ ਨੂੰ ਦੇਣ ਨੂੰ ਬਥੇਰਾ ਕੁੱਝ ਹੈਗਾ ਮੇਰੇ ਕੋਲ਼,ਆਪਣਾ ਵੇਖ਼ ਔਂਤਰੀ ਨੰਗ ਲਾਣੇ ਦੀ , ਨੀ ਕਿੱਧਰ ਗਏ ਤੇਰੇ ਵੱਡੇ ਹੇਜੀ,ਕਦੀ ਵੱਤੀ ਨਹੀਂ ਵਾਹੀ ,ਏਨਾ ਕਹਿ ਬੇਬੇ ਬਾਰ ਵਿਚੋਂ ਬਾਹਰ ਨਿਕਲ ਗਈ
ਮੀਤੋ ਨੇ ਦੋ ਮੁੱਕੀਆਂ ਪੂਰੇ ਜ਼ੋਰ ਨਾਲ ਆਪਣੇ ਢਿੱਡ ਚ ਮਾਰੀਆਂ ਤੇ ਨਾਲ ਦੇ ਜੰਮੇ ਨੂੰ ਕੋਸਦੀ ਅੰਦਰ ਵੜ ਲੰਮੀ ਪੈ ਗਈ,
ਇਕ ਵੀਰ ਓਹ ਹੈ ਜਿਹੜਾ ਰੱਬ ਕੋਲ ਜਾਂਦਾ ਰਿਹਾ ,ਉਹ ਆ ਨਹੀਂ ਸਕਦਾ , ਇਕ ਵੀਰ ਓਹ ਹੈ ਜਿਸਨੂੰ ਘਰ ਦੇ ਉਲਝਾ ਤੇ ਕੰਮਕਾਰ ਕਰਕੇ ਲੱਗਦਾ ਮੀਤੋ ਯਾਦ ਨਹੀਂ ਰਹੀ ਹੋਣੀ,ਚਲ ਓਹ ਜਾਣੇ, ਕੀ ਹੋਜੂ ਇਸ ਸੰਧਾਰੇ ਨਾਲ,ਨਾਲੇ ਬੇਬੇ ਦਾ ਕੀ ਹੈ ਇਹ ਤਾਂ ਉੱਤੋਂ ਉੱਤੋਂ ਬੋਲਦੀ ਹੈ ,ਮੇਰਾ ਤਾਂ ਮੁੜ੍ਹਕਾ ਨਹੀਂ ਸਹਿੰਦੀ,
ਬਸ ਸੱਚ ਨੂੰ ਝੂਠ ਮੰਨ ਰੋਟੀ ਦਾ ਆਹਰ ਕਰਦੀ ਮੀਤੋ ਅੰਦਰੋ  ਕਿੰਨੀ ਕੋ ਵਾਰ ਬੂਹੇ ਵੱਲ ਦੇਖ ਰਹੀ ਸੀ  ਤੇ ਭੁਲੇਖਾ ਲੱਗਦਾ ਕਿ ਵੀਰ ਸਿਰ ਉਤੇ ਪੀਪਾ ਰੱਖ ਆ ਰਿਹਾ ਸੰਧਾਰਾ ਦੇਣ ,ਫੇਰ ਝੌਲਾ ਪੈਂਦਾ , ਚਾਚੀ ਬਚਨੀ ਨੂੰ ਆਉਂਦੀ ਦੇਖ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਮੀਤੋ  ਅੱਖ ਚ  ਕਣ ਪੈਣ ਦਾ ਬਹਾਨਾ ਲਗਾ ਰੱਜ ਕੇ ਰੋਈ , ਦਿਲ ਵੀ ਹੌਲ਼ਾ ਹੋ ਗਿਆ ,
ਪਰ ਮਲਮਲ ਦੀ ਚੁੰਨੀ ਵਿੱਚੋ ਹੁਣ ਵੀ ਵਾਰ ਵਾਰ ਬੂਹੇ ਵੱਲ ਵੇਖ  ਹਾਉਕੇ ਲੈ ਰਹੀ ਸੀ
ਮਨਪ੍ਰੀਤ ਕੌਰ ਸੰਧੂ 
ਮੁੰਬਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਰੰਗ -ਤਮਾਸ਼ਾ
Next articleਸਾੜਨੀ ਨਹੀਂ ਪਰਾਲੀ