* ਲੋਕ ਆਵਾਜ਼ ਦਬਾਉਣ ਵਾਲੀ ਸਰਕਾਰ ਨੂੰ ਲੋਕ ਹੀ ਦੇਣਗੇ ਮੂੰਹ ਤੋੜ ਜਵਾਬ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਿਛਲੇ ਦਿਨੀਂ ਪੀ.ਏ.ਯੂ. ਦੀ ਅਥਾਰਟੀ ਵੱਲੋਂ ਬਿਨਾਂ ਕਾਰਨ ਪੀ.ਏ.ਯੂ. ਵਿੱਚ ਕੰਮ ਕਰਦੇ ਜੇਐਲਏ ਨੂੰ ਮੁਅੱਤਲ ਕਰਨ ਦੇ ਵਿਰੋਧ ਵਿੱਚ ਪੀ.ਏ.ਯੂ. ਕਰਮਚਾਰੀ ਯੂਨੀਅਨ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਮੁਲਾਜ਼ਮਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਧਾਨ ਬਲਦੇਵ ਸਿੰਘ ਵਾਲੀਆ ਸਮੇਤ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਸੁਣ ਕੇ ਪੀ.ਏ.ਯੂ. ਪੁੱਜੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਇਹ ਸੂਬਾ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਹੈ ਜਿਸ ਦੀ ਉਹ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ। ਐਡਵੋਕੇਟ ਘੁੰਮਣ ਨੇ ਕਿਹਾ ਕਿ ‘ਆਪ’ ਸਰਕਾਰ ਪਿਛਲੇ 3 ਸਾਲਾਂ ਤੋਂ ਲਗਾਤਾਰ ਆਪਣੇ ਹੱਕਾਂ ਲਈ ਲੜਾਈ ਲੜਨ ਵਾਲੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਉਹ ਆਪਣੇ ਸਮਰਥਕਾਂ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਅਤੇ ਨਗਰ ਨਿਗਮ ਦੀਆਂ ਚੋਣਾਂ ਲੜ ਚੁੱਕੇ ਕੌਂਸਲਰਾਂ ਨਾਲ ਇੱਥੇ ਪੁੱਜੇ ਤਾਂ ਪੁਲਿਸ ਨੇ ਆਪਣੀ ਤਾਕਤ ਦਾ ਵਿਰਾਟ ਰੂਪ ਦਿਖਾਉਂਦੇ ਹੋਏ ਰੋਸ ਪ੍ਰਦਰਸ਼ਨ ਕਰ ਰਹੇ ਪੀ.ਏ.ਯੂ. ਦੇ ਮੁਲਾਜ਼ਮਾਂ ਦੇ ਨਾਲ-ਨਾਲ ਸਾਡੇ ਕੌਂਸਲਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਹਲਕਾ ਪੱਛਮੀ ਤੋਂ ਚੋਣ ਲੜ ਰਹੇ ‘ਆਪ’ ਦੇ ਉਮੀਦਵਾਰ ਦੇ ਨਜ਼ਦੀਕੀ ਸਾਥੀ ਨਾਲ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਹੋਇਆ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਜਿਸ ਮੁਲਾਜ਼ਮ ਨੂੰ ਮੁਅੱਤਲ ਕੀਤਾ ਗਿਆ ਹੈ ਉਹ ਸਰਾਸਰ ਗਲਤ ਹੈ। ਉਸ ਨੂੰ ਮੁਅੱਤਲ ਕਰਨ ਦੀ ਜਗ੍ਹਾ ਉਸ ਤੇ ਸਸਪੈਂਸ਼ਨ ਆਡਰ ਇੰਸਟਾਲ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਐਡਵੋਕੇਟ ਹੋਣ ਦੇ ਨਾਤੇ ਉਹ ਅਪਣੇ ਵਕੀਲ ਭਾਈਚਾਰੇ ਦੀ ਟੀਮ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਪੀ.ਏ.ਯੂ. ਦੇ ਮੁਲਾਜ਼ਮਾਂ ਨੂੰ ਰਿਹਾਅ ਕਰਵਾਉਣ ਲਈ ਕਾਨੂੰਨੀ ਲੜਾਈ ਲੜਨਗੇ। ਐਡਵੋਕੇਟ ਘੁੰਮਣ ਨੇ ਕਿਹਾ ਕਿ ਉਹ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖ ਚੁੱਕੇ ਹਨ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ। ਪਰ ਇਹ ਸਰਕਾਰ ਪੁਲਿਸ ਨੂੰ ਰਾਜਨੀਤਕ ਲਾਹਾ ਲੈਣ ਲਈ ਵਰਤ ਰਹੀ ਹੈ ਜੋ ਡੈਮੋਕਰੇਸੀ ਦਾ ਸਰਾਸਰ ਘਾਣ ਹੈ। ਉਹਨਾਂ ਕਿਹਾ ਕਿ ਉਹ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਹਰ ਆਮ ਤੇ ਖਾਸ ਨਾਗਰਿਕ ਦਾ ਸਾਥ ਦੇਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj