ਮੁਅੱਤਲੀ ਤੋਂ ਬਾਅਦ ਡੈਰੇਕ ਵੀ 12 ਮੈਂਬਰਾਂ ਨਾਲ ਧਰਨੇ ’ਤੇ ਬੈਠੇ

ਨਵੀਂ ਦਿੱਲੀ (ਸਮਾਜ ਵੀਕਲੀ):  ਰਾਜ ਸਭਾ ’ਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਸਦਨ ’ਚੋਂ ਮੁਅੱਤਲੀ ਤੋਂ ਬਾਅਦ ਅੱਜ ਸੰਸਦੀ ਕੰਪਲੈਕਸ ’ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ 12 ਸੰਸਦ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ’ਚ ਸ਼ਮੂਲੀਅਤ ਕੀਤੀ। ਡੈਰੇਕ ਨੂੰ ਮੰਗਲਵਾਰ ਨੂੰ ਰਾਜ ਸਭਾ ’ਚ ਚੋਣ ਸੁਧਾਰਾਂ ਬਾਰੇ ਬਿੱਲ ’ਤੇ ਬਹਿਸ ਦੌਰਾਨ ਉਨ੍ਹਾਂ ਦੇ ਵਿਵਹਾਰ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਵੱਖ ਵੱਖ ਪਾਰਟੀਆਂ ਦੇ 12 ਰਾਜ ਸਭਾ ਮੈਂਬਰਾਂ ਨੂੰ ਅਗਸਤ ’ਚ ਹੋਏ ਇਜਲਾਸ ਦੌਰਾਨ ਮਾੜੇ ਵਤੀਰੇ ਲਈ ਸੰਸਦ ਦੇ ਪੂਰੇ ਸਰਦ ਰੁੱਤ ਇਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ ਸੀ।

ਡੈਰੇਕ ਨੇ ਕਿਹਾ ਕਿ ਭਾਜਪਾ ਵੱਲੋਂ ਸੰਸਦ ਦਾ ਮਖੌਲ ਉਡਾਇਆ ਜਾ ਰਿਹਾ ਹੈ ਅਤੇ ਧੱਕੇ ਨਾਲ ਬਿੱਲ ਪਾਸ ਕਰਵਾਏ ਜਾ ਰਹੇ ਹਨ। ਮੁਅੱਤਲੀ ਤੋਂ ਬਾਅਦ ਡੈਰੇਕ ਨੇ ਟਵੀਟ ਕਰਕੇ ਕਿਹਾ ਕਿ ਪਿਛਲੀ ਵਾਰ ਉਹ ਉਸ ਸਮੇਂ ਰਾਜ ਸਭਾ ’ਚੋਂ ਮੁਅੱਤਲ ਹੋਏ ਸਨ ਜਦੋਂ ਸਰਕਾਰ ਨੇ ਖੇਤੀ ਕਾਨੂੰਨ ਲਾਗੂ ਕੀਤੇ ਸਨ। ‘ਸਾਰੇ ਜਾਣਦੇ ਹਨ ਕਿ ਬਾਅਦ ’ਚ ਉਨ੍ਹਾਂ ਦਾ ਕੀ ਹਸ਼ਰ ਹੋਇਆ। ਅੱਜ ਮੈਨੂੰ ਇਸ ਕਰਕੇ ਮੁਅੱਤਲ ਕੀਤਾ ਗਿਆ ਕਿਉਂਕਿ ਮੈਂ ਭਾਜਪਾ ਵੱਲੋਂ ਸੰਸਦ ਦਾ ਮਖੌਲ ਉਡਾਉਣ ਦਾ ਵਿਰੋਧ ਕਰ ਰਿਹਾ ਸੀ। ਮੈਨੂੰ ਆਸ ਹੈ ਕਿ ਚੋਣ ਕਾਨੂੰਨ ਬਿੱਲ 2021 ਵੀ ਛੇਤੀ ਹੀ ਵਾਪਸ ਲੈਣਾ ਪਵੇਗਾ।’ ਉਧਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਜਲਦਬਾਜ਼ੀ ’ਚ ਬਿੱਲ ਪਾਸ ਕਰਾਉਣ ਲਈ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ। ਸਦਨ ਦੇ ਆਗੂ ਪਿਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਨੇ ਸੋਚਿਆ ਸੀ ਕਿ ਵਿਰੋਧੀ ਧਿਰ ਕੁਝ ਸਬਕ ਸਿੱਖੇਗੀ ਪਰ ਮੁੜ ਇਹੋ ਘਟਨਾ ਦੁਹਰਾਈ ਗਈ। ਉਨ੍ਹਾਂ ਦਾਅਵਾ ਕੀਤਾ ਕਿ ਡੈਰੇਕ ਓ’ਬ੍ਰਾਇਨ ਨੇ ਨੇਮਾਂ ਵਾਲੀ ਕਿਤਾਬ ਸੁੱਟੀ ਸੀ। ਉਨ੍ਹਾਂ ਮੁਅੱਤਲ 12 ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਮੁਆਫ਼ੀ ਮੰਗਣ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਵੱਡਾ ਧਮਾਕਾ
Next articleਜਲੰਧਰ ਦੇ ਪੀਐੱਨਬੀ ਬੈਂਕ ’ਚ ਡਾਕਾ, 16 ਲੱਖ ਲੁੱਟੇ