ਪਟਿਆਲਾ (ਸਮਾਜ ਵੀਕਲੀ): ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲੀਸ ਵੱਲੋਂ ਵਧਾਈ ਗਈ ਚੌਕਸੀ ਦੌਰਾਨ ਇੱਕ ਨਾਕੇ ’ਤੇ ਮੌਜੂਦ ਸੂਬਾ ਸਿੰਘ ਸੰਧੂ ਨਾਮ ਦੇ ਥਾਣੇਦਾਰ ਵੱਲੋਂ ਰੋਕਣ ’ਤੇ ਇੱੱਕ ਕਾਰ ਚਾਲਕ ਨੇ ਕਾਰ ਉਸ ਦੇ ਉਪਰ ਚੜ੍ਹਾ ਦਿੱਤੀ। ਇਸ ਦੌਰਾਨ ਥਾਣੇਦਾਰ ਕਾਰ ਦੇ ਬੋਨਟ ਉਪਰ ਡਿੱਗ ਗਿਆ ਤੇ ਕੁਝ ਹੀ ਦੂਰੀ ’ਤੇ ਜਾਣ ਮਗਰੋਂ ਥਾਣੇਦਾਰ ਬੋਨਟ ਤੋਂ ਹੇਠਾਂ ਡਿੱੱਗ ਗਿਆ। ਕਾਰ ਦਾ ਪਿਛਲਾ ਟਾਇਰ ਉਪਰੋਂ ਦੀ ਲੰਘਣ ਕਾਰਨ ਉਸ ਦੀ ਇੱਕ ਲੱਤ ਟੁੱਟ ਗਈ ਅਤੇ ਸੜਕ ’ਤੇ ਵੱਜਣ ਕਾਰਨ ਸਿਰ ’ਚ ਵੀ ਸੱਟ ਵੱਜੀ।
ਜਾਣਕਾਰੀ ਅਨੁਸਾਰ ਆਜ਼ਾਦੀ ਦਿਵਸ ਸਬੰਧੀ ਸਮਾਗਮਾਂ ਦੇ ਮੱਦੇਨਜ਼ਰ ਪੁਲੀਸ ਚੌਕੀ ਮਾਡਲ ਟਾਊਨ ਵਿੱਚ ਤਾਇਨਾਤ ਏਐੱਸਆਈ ਸੂਬਾ ਸਿੰਘ ਸੰਧੂ ਦੀ ਅਗਵਾਈ ਹੇਠਾਂ ਪੁਲੀਸ ਟੀਮ ਵੱਲੋਂ ਇਥੇ ਲੀਲਾ ਭਵਨ ਖੇਤਰ ਵਿੱਚ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲੀਸ ਦਾ ਤਰਕ ਹੈ ਕਿ ਕਾਰ ਚਾਲਕ ਜਦੋਂ ਗੈਰ ਸੰਜੀਦਗੀ ਨਾਲ ਕਾਰ ਚਲਾਉਂਦਾ ਹੋਇਆ ਨਾਕੇ ਤੋਂ ਲੰਘਣ ਲੱਗਾ ਤਾਂ ਪੁਲੀਸ ਟੀਮ ਨੇ ਉਸ ਨੂੰ ਰੋਕ ਲਿਆ। ਉਹ ਪੁਲੀਸ ਮੁਲਾਜ਼ਮਾਂ ਦੇ ਕਹਿਣ ’ਤੇ ਦਸਤਾਵੇਜ਼ ਵਿਖਾਉਣ ਤੋਂ ਇਨਕਾਰੀ ਹੋਣ ਸਮੇਤ ਕਥਿਤ ਦੁਰਵਿਹਾਰ ਵੀ ਕਰਨ ਲੱਗਾ।
ਉਹ ਕਾਰ ਨਾ ਭਜਾ ਕੇ ਲੈ ਜਾਵੇ, ਇਸ ਲਈ ਥਾਣੇਦਾਰ ਕਾਰ ਦੇ ਅੱਗੇ ਹੋ ਗਿਆ। ਇਸ ਤੋਂ ਪਹਿਲਾਂ ਕਿ ਥਾਣੇਦਾਰ ਨੂੰ ਲਾਂਭੇ ਹੋਣ ਦਾ ਮੌਕਾ ਮਿਲਦਾ ਕਾਰ ਚਾਲਕ ਨੇ ਕਾਰ ਭਜਾਉਂਦਿਆਂ ਥਾਣੇਦਾਰ ਨੂੰ ਕਾਰ ਦੀ ਟੱਕਰ ਮਾਰ ਦਿੱਤੀ। ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਥਾਣੇਦਾਰ ਸੂਬਾ ਸਿੰਘ ਸੰਧੂ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ ਇਰਾਦਾ ਕਤਲ ਦੀ ਧਾਰਾ 307 ਅਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly