(ਸਮਾਜ ਵੀਕਲੀ)
ਬਿਲਕੁੱਲ,ਅੱਜ ਜਦੋਂ ਭੁਚਾਲ ਦੇ ਝੱਟਕੇ ਲੱਗੇ ਤਾਂ ਮੈਨੂੰ ਬਹੁਤ ਸਾਲ ਪਹਿਲਾਂ ਆਏ ਗੁਜਰਾਤ ਦੇ ਭੁਚਾਲ ਦੀ ਯਾਦ ਆ ਗਈ।ਬੈਡ ਦਾ ਹਿੱਲਣਾ, ਪੱਖਿਆਂ ਦਾ ਹਿੱਲਣਾ ਅਤੇ ਡਰਾਇੰਗ ਰੂਮ ਵਿੱਚ ਲੱਗੀਆਂ ਲਾਈਟਾਂ ਦੀ ਅਵਾਜ਼ ਨੇ ਥੋੜ੍ਹਾ ਤਾਂ ਹਿਲਾ ਦਿੱਤਾ।ਕੁਝ ਘਟਨਾਵਾਂ ਜਾਂ ਕੁਝ ਪੱਲ ਜ਼ਿੰਦਗੀ ਵਿੱਚ ਅਜਿਹੇ ਜ਼ਰੂਰ ਹੁੰਦੇ ਹਨ ਜਿੰਨ੍ਹਾਂ ਨੂੰ ਯਾਦ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਵੇ ਜਾਂ ਡਰ ਜਿਹਾ ਲੱਗੇ। ਖੈਰ ਮੈਨੂੰ ਜੋਂ ਅੱਜ ਯਾਦ ਆਇਆ ਉਹ ਗੁਜਰਾਤ ਵਿੱਚ ਤਕਰੀਬਨ ਵੀਹ ਸਾਲ ਪੁਰਾਣੇ ਭੁਚਾਲ ਦੀ ਹੈ।ਛੱਬੀ ਜਨਵਰੀ ਦਾ ਦਿਨ ਕਿੰਨੇ ਲੋਕਾਂ ਦੇ ਘਰ ਤਬਾਹ ਕਰ ਗਿਆ। ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਗਏ।ਗੱਲ ਕੀ ਇੱਕ ਵਾਰੀ ਤਾਂ ਜ਼ਿੰਦਗੀ ਲੀਹੋਂ ਉੱਤਰ ਗਈ।
ਮੇਰੇ ਪਤੀ ਭਾਰਤੀ ਸੈਨਾ ਵਿੱਚ ਅਫ਼ਸਰ ਹਨ।ਉਸ ਵੇਲੇ ਉਨ੍ਹਾਂ ਦੀ ਨੌਕਰੀ ਗਾਂਧੀ ਨਗਰ ਗੁਜਰਾਤ ਵਿੱਚ ਸੀ। ਉਥੇ ਏਅਰਫੋਰਸ ਸਟੇਸ਼ਨ ਨਹੀਂ ਸੀ।ਇਸ ਕਰਕੇ ਅਸੀਂ ਸਾਰੇ ਸਿਵਲ ਵਿੱਚ ਹੀ ਏਅਰਫੋਰਸ ਵੱਲੋਂ ਲਏ ਘਰਾਂ ਵਿੱਚ ਰਹਿ ਰਹੇ ਸੀ। ਉਥੇ ਕੰਮ ਕਰਨ ਵਾਲਿਆਂ ਦੀ ਵੀ ਘਾਟ ਸੀ ਇਸ ਕਰਕੇ ਵਧੇਰੇ ਕੰਮ ਖ਼ੁਦ ਹੀ ਕਰਨਾ ਪੈਂਦਾ ਸੀ।ਛੱਬੀ ਜਨਵਰੀ ਦੀ ਝੰਡਾ ਲਹਿਰਾਉਣ ਦੀ ਰਸਮ ਗਾਂਧੀਨਗਰ ਹੀ ਹੋਣੀ ਸੀ। ਸਿਆਸਤਦਾਨਾਂ, ਏਅਰਫੋਰਸ,ਫੌਜ ਅਤੇ ਸਿਵਲ ਦੇ ਅਫ਼ਸਰ ਉਥੇ ਹੀ ਸਨ।ਜਾਣ ਤੋਂ ਪਹਿਲਾਂ ਮੇਰੇ ਪਤੀ ਨੇ ਮੈਨੂੰ ਨਾਲ ਜਾਣ ਲਈ ਕਿਹਾ ਪਰ ਮੈਂ ਘਰ ਦੇ ਕੰਮ ਕਰਨ ਕਰਕੇ ਨਹੀਂ ਗਈ। ਮੈਂ ਰਸੋਈ ਵਿੱਚ ਖੜ੍ਹੀ ਸਬਜ਼ੀਆਂ ਬਣਾਉਣ ਦੀ ਤਿਆਰੀ ਕਰ ਰਹੀ ਸੀ। ਦੁੱਧ ਦਾ ਪਤੀਲਾ ਗੈਸ ਤੇ ਸੀ। ਮੈਨੂੰ ਇਵੇਂ ਲੱਗਿਆ ਜਿਵੇਂ ਮੈਨੂੰ ਚੱਕਰ ਆ ਰਹੇ ਹਨ,ਉਸੇ ਵੇਲੇ ਮੈਂ ਵੇਖਿਆ ਕਿ ਦੁੱਧ ਦਾ ਪਤੀਲਾ ਸਿਰ ਰਿਹਾ ਹੈ।
ਅਸੀਂ ਦੂਸਰੀ ਮੰਜ਼ਿਲ ਤੇ ਰਹਿੰਦੇ ਸੀ ਦਰਵਾਜ਼ੇ ਖੁੱਲੇ ਹੋਏ ਸਨ ਅਤੇ ਬਾਹਰੋਂ ਜ਼ੋਰ ਜ਼ੋਰ ਦੀ ਆਵਾਜ਼ ਆਉਣ ਲੱਗ ਗਈ,”ਭੂਕਮ ਆ ਗਿਆ,ਬਾਹਰ ਨਿਕਲੋ।”ਮੈਂ ਤੇਜ਼ੀ ਨਾਲ ਆਪਣੇ ਬੇਟੇ ਦੇ ਕਮਰੇ ਵੱਲ ਗਈ, ਉਸਨੂੰ ਵੀ ਸਮਝ ਆ ਚੁੱਕੀ ਸੀ। ਅਸੀਂ ਬੜੀ ਤੇਜ਼ੀ ਨਾਲ ਹੇਠਾਂ ਵੱਲ ਨੂੰ ਭੱਜੇ। ਬਿੰਨਾਂ ਚੁੰਨੀ ਅਤੇ ਬਿੰਨਾਂ ਕੁਝ ਹੋਰ ਦੇ। ਜਦੋਂ ਅਸੀਂ ਹੇਠਾਂ ਚਲੇ ਗਏ ਤਾਂ ਮੇਰੇ ਬੇਟੇ ਨੇ ਵੇਖਿਆ ਕਿ ਸਾਡਾ ਜਰਮਨ ਸ਼ੈਫਰਡ ਕੁੱਤਾ ਸੁਲਤਾਨ ਸਾਡੇ ਨਾਲ ਆਇਆ ਸੀ ਨਹੀਂ। ਮੇਰੇ ਮਨ੍ਹਾਂ ਕਰਦੇ ਕਰਦੇ ਮੇਰਾ ਬੇਟਾ ਉਸਨੂੰ ਲੈਣ ਚਲਾ ਗਿਆ। ਮੈਂ ਡਰੀ ਹੋਈ ਉਸਨੂੰ ਜਲਦੀ ਆਉਣ ਲਈ ਆਵਾਜ਼ਾਂ ਦੇ ਰਹੀ ਸੀ। ਵਾਹਿਗੁਰੂ ਦੀ ਕ੍ਰਿਪਾ ਨਾਲ ਉਹ ਦੋਨੋਂ ਸਹੀ ਸਲਾਮਤ ਹੇਠਾਂ ਆ ਗਏ।
ਮੈਂ ਆਪਣੀਆਂ ਅੱਖਾਂ ਨਾਲ ਬਿਲਡਿੰਗ ਨੂੰ ਬੜੀ ਤੇਜ਼ੀ ਨਾਲ ਝੂਲਦੇ ਵੇਖਿਆ।ਬਿਜਲੀ ਦੇ ਖੰਭਿਆਂ ਨੂੰ ਤਕਰੀਬਨ ਸੱਠ ਡਿਗਰੀ ਤੇ ਆਉਂਦੇ ਵੇਖਿਆ। ਬੇਹੱਦ ਡਰਾਉਣਾ ਅਤੇ ਅਜੀਬ ਜਿਹਾ ਮਾਹੌਲ ਸੀ। ਕਿਸੇ ਦੇ ਕੋਲ ਕੁਝ ਵੀ ਨਹੀਂ ਸੀ। ਦੁਪੱਟਿਆਂ ਤੋਂ ਬਗੈਰ ਤਾਂ ਤਕਰੀਬਨ ਸਾਰੀਆਂ ਔਰਤਾਂ ਸਨ ਕਿਉਂਕਿ ਸਵੇਰੇ ਸਵੇਰੇ ਸੱਭ ਘਰਦੇ ਕੰਮਾਂ ਵਿੱਚ ਲੱਗੇ ਹੋਏ ਸੀ। ਪੈਰਾਂ ਤੋਂ ਵੀ ਨੰਗੇ ਸੀ। ਹਾਂ,ਉਸ ਦਿਨ ਇਹ ਅਹਿਸਾਸ ਜ਼ਰੂਰ ਹੋਇਆ ਕਿ ਜਾਨ ਬਹੁਤ ਪਿਆਰੀ ਹੈ। ਆਪਣੀ ਅਤੇ ਆਪਣਿਆਂ ਦੀ ਜਾਨ ਤੋਂ ਬਗੈਰ ਕੁਝ ਵੀ ਬਚਾਉਣ ਦੀ ਸੋਚ ਨਹੀਂ ਆਉਂਦੀ। ਅਸੀਂ ਖਾਲੀ ਹੱਥ ਖੜ੍ਹੇ ਆਪਣੇ ਬੱਚਿਆਂ ਨੂੰ ਨਾਲ ਲਗਾਈ,ਉਸ ਸਾਰੇ ਨੂੰ ਵੇਖ ਰਹੇ ਸੀ।ਕੁਝ ਸਮੇਂ ਬਾਅਦ ਸਾਰੇ ਉਸ ਪ੍ਰੋਗਰਾਮ ਤੋਂ ਘਰਾਂ ਨੂੰ ਆ ਗਏ।ਬੜੀ ਹਿੰਮਤ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਗਏ।
ਬਹੁਤ ਸਾਰਿਆਂ ਨੇ ਖਾਣ ਪੀਣ ਦਾ ਸਮਾਨ ਕਾਰਾਂ ਵਿੱਚ ਰੱਖਿਆ ਅਤੇ ਖਾਸ ਕਰਕੇ ਰਾਤਾਂ ਹੈਲੀਪੈਡ ਵਿੱਚ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਦਿਨਾਂ ਤੱਕ ਛੋਟੇ ਛੋਟੇ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਰਹੇ।ਕਦੇ ਰਾਤ ਨੂੰ ਰੌਲਾ ਪੈ ਜਾਣਾ ਅਤੇ ਕਦੇ ਦਿਨ ਵੇਲੇ।ਬਿਜਲੀ,ਪਾਣੀ ਟੈਲੀਫੋਨ ਸੱਭ ਕੁਝ ਠੱਪ ਹੋ ਗਿਆ। ਸਾਰੇ ਦੇਸ਼ ਵਿੱਚ ਅੱਗ ਵਾਂਗ ਇਹ ਖ਼ਬਰ ਫੈਲ ਗਈ।ਸੱਭ ਦੇ ਘਰਦਿਆਂ ਨੂੰ ਫ਼ਿਕਰ ਸੀ ਅਤੇ ਆਪਣਿਆਂ ਦੀ ਖ਼ਬਰਸਾਰ ਲੈਣ ਲਈ ਤੜਫ਼ ਰਹੇ ਸੀ। ਬਹੁਤ ਕੁਝ ਕਰਨ ਅਤੇ ਹੱਥ ਪੈਰ ਮਾਰਨ ਤੋਂ ਬਾਦ ਸਾਡੇ ਘਰਦਿਆਂ ਦੀ ਚਾਰ ਕੁਝ ਦਿਨਾਂ ਬਾਦ ਗੱਲ ਹੋਈ।
ਵਾਹਿਗੁਰੂ ਦੀ ਮਿਹਰ ਨਾਲ ਗਾਂਧੀਨਗਰ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਹਾਂ,ਇੰਜ ਜ਼ਰੂਰ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਡਾ ਦੂਸਰਾ ਜਨਮ ਹੀ ਹੈ। ਅਹਿਮਦਾਬਾਦ ਵਿੱਚ ਬਹੁਤ ਸਾਰੀਆਂ ਇਮਾਰਤਾਂ ਨੁਕਸਾਨੀਆਂ ਗਈਆਂ। ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਗਏ। ਜਾਮਨਗਰ ਏਅਰਫੋਰਸ ਸਟੇਸ਼ਨ ਤੇ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਹੋਇਆ।ਲੋਕ ਜਿਵੇਂ ਮਲਬੇ ਹੇਠਾਂ ਦੱਬੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀ ਤਾਂ ਲੂੰ ਕੰਢੇ ਖੜੇ ਹੋ ਜਾਂਦੇ ਸੀ।
ਹਾਂ,ਕੀ ਵਾਰ ਮੁਸੀਬਤਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਜਾਂਦਾ ਹੈ। ਅਸੀਂ ਜਦੋਂ ਇਹ ਮਹਿਸੂਸ ਕੀਤਾ ਕਿ ਹੁਣ ਠੀਕ ਹੈ ਤਾਂ ਉਪਰ ਆ ਰਹੇ ਸੀ ਤਾਂ ਪਹਿਲੀ ਮੰਜ਼ਿਲ ਤੇ ਰਹਿੰਦੇ ਗੁਜਰਾਤੀ ਪਰਿਵਾਰ ਦੇ ਬਜ਼ੁਰਗ ਮਾਤਾ ਜੀ ਜੋਂ ਕਿ ਅੱਸੀ ਸਾਲ ਤੋਂ ਉਪਰ ਨੇ ਖੜਾ ਕਰਕੇ ਸਮਝਾਇਆ ਕਿ ਜਦੋਂ ਇਵੇਂ ਭੂਚਾਲ ਆਵੇ ਤਾਂ ਭੱਜੀ ਦਾ ਨਹੀਂ ਕਮਰੇ ਦੀ ਨੁੱਕਰ ਵਿੱਚ ਜਾਂ ਚੁਗਾਠ ਹੇਠਾਂ ਖੜੇ ਹੋ ਜਾਈਦਾ ਹੈ। ਅਸੀਂ ਕਦੇ ਇਵੇਂ ਦੀ ਸਥਿਤੀ ਵੇਖੀ ਨਹੀਂ ਸੀ,ਇਸ ਕਰਕੇ ਸਾਨੂੰ ਇਸ ਬਾਰੇ ਪਤਾ ਨਹੀਂ ਸੀ। ਹਾਂ ਜਦੋਂ ਬਾਦ ਵਿੱਚ ਖ਼ਬਰਾਂ ਪੜ੍ਹੀਆਂ ਤਾਂ ਪਤਾ ਲੱਗਾ ਕਿ ਬਹੁਤੇ ਲੋਕਾਂ ਦੀ ਮੌਤ ਪੌੜੀਆਂ ਵਿੱਚ ਉੱਤਰਦਿਆਂ ਹੋਈ। ਪੌੜੀਆਂ ਦੀ ਛੱਤ ਡਿੱਗੀ ਅਤੇ ਸਾਰੇ ਲੋਕਾਂ ਨੂੰ ਸਦਾ ਦੀ ਨੀਂਦ ਸਵਾਂ ਦਿੱਤਾ।
ਅੱਜ ਫੇਰ ਲੰਮੇ ਝਟਕੇ ਨੇ ਉਹ ਡਰਾਉਣਾ ਦ੍ਰਿਸ਼ ਯਾਦ ਕਰਵਾ ਦਿੱਤਾ। ਹਾਂ,ਜੋਂ ਮੈਂ ਸਿਖਿਆ ਤੁਸੀਂ ਵੀ ਯਾਦ ਰੱਖਣਾ। ਪੌੜੀਆਂ ਰਾਹੀਂ ਬਾਹਰ ਭੱਜਣ ਦੀ ਬਜਾਏ ਕਮਰੇ ਦੀ ਨੁੱਕਰ ਜਾਂ ਚੁਗਾਠਾਂ ਹੇਠਾਂ ਖੜੇ ਹੋ ਜਾਉ।ਬਾਕੀ ਕੁਦਰਤ ਦੇ ਰੰਗ ਨਿਆਰੇ ਨੇ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
Contact No. 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly