ਨਵੀਂ ਦਿੱਲੀ/ਯੇਰੂਸ਼ਲਮ (ਸਮਾਜ ਵੀਕਲੀ): ਪੈਗਾਸਸ ਪ੍ਰਾਜੈਕਟ ਮਾਮਲੇ ਦੀ ਜਾਂਚ ਲਈ ਫਰਾਂਸ ਵੱਲੋਂ ਇਜ਼ਰਾਈਲ ’ਤੇ ਦਬਾਅ ਬਣਾਏ ਜਾਣ ਤੋਂ ਇੱਕ ਦਿਨ ਬਾਅਦ ਅਮਰੀਕੀ ਅਧਿਕਾਰੀਆਂ ਨੇ ਵੀ ਇਜ਼ਰਾਈਲ ਦੇ ਸੀਨੀਅਰ ਅਧਿਕਾਰੀਆਂ ਕੋਲ ਇਹ ਮੁੱਦਾ ਚੁੱਕਿਆ ਹੈ। ਵਾਸ਼ਿੰਗਟਨ ਪੋਸਟ ਦੀ ਖ਼ਬਰ ਤੋਂ ਇਸ ਦਾ ਖੁਲਾਸਾ ਹੋਇਆ ਹੈ। ਵੱਖ ਵੱਖ ਮੁਲਕਾਂ ਵੱਲੋਂ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਦੀ ਲਗਾਤਾਰ ਮੰਗ ਕੀਤੇ ਜਾਣ ਕਾਰਨ ਇਜ਼ਰਾਇਲ ’ਤੇ ਦਬਾਅ ਵੱਧਦਾ ਜਾ ਰਿਹਾ ਹੈ ਹਾਲਾਂਕਿ ਭਾਰਤ ਨੇ ਅਜੇ ਤੱਕ ਇਸ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ। ਉੱਧਰ ਫਰਾਂਸ ਦੇ ਦਬਾਅ ਮਗਰੋਂ ਇਜ਼ਰਾਈਲ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਐੱਨਐੱਸਓ ਦੇ ਦਫ਼ਤਰਾਂ ਦੀ ਪੜਤਾਲ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਮੱਧ-ਪੂਰਬ ਦੇ ਸਲਾਹਕਾਰ ਬਰੈੱਟ ਮੈੱਕਗੁਰਕ ਨੇ ਵ੍ਹਾਈਟ ਹਾਊਸ ’ਚ ਇਜ਼ਰਾਇਲੀ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜ਼ੋਹਾਰ ਪਲਟੀ ਨਾਲ ਮੀਟਿੰਗ ਦੌਰਾਨ ਪੈਗਾਸਸ ਜਾਸੂਸੀ ਸਬੰਧੀ ਮੁੱਦੇ ’ਤੇ ਚਰਚਾ ਕੀਤੀ। ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਅਮਰੀਕਾ ਤੇ ਇਜ਼ਰਾਈਲ ਦੇ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੈਗਾਸਸ ਪ੍ਰਾਜੈਕਟ ਬਾਰੇ ਚਰਚਾ ਚੱਲ ਰਹੀ ਸੀ। ਦੂਜੇ ਪਾਸੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਤੋਂ ਮੰਗ ਕੀਤੀ ਹੈ ਕਿ ਜਾਸੂਸੀ ਸਾਫਟਵੇਅਰ ਦੀ ਦੁਰਵਰਤੋਂ ਰੋਕਣ ਲਈ ਨਵੇਂ ਨਿਯਮ ਤੇ ਪਾਬੰਦੀਆਂ ਲਿਆਂਦੀਆਂ ਜਾਣ ਅਤੇ ਇਸ ਮਾਮਲੇ ’ਚ ਸੰਘੀ ਜਾਂਚ ਕਰਵਾਈ ਜਾਵੇ।
ਕਾਂਗਰਸ ਮੈਂਬਰਾਂ ਜੋਕੁਇਨ ਕਾਸਤਰੋ, ਐਨਾ ਜੀ ਐਸ਼ੂ, ਟੌਮ ਮਾਲੀਨੋਵਸਕੀ ਤੇ ਕੈਟੀ ਪੋਰਟਰ ਵੱਲੋਂ ਦਸਤਖਤ ਕੀਤੇ ਪੱਤਰ ’ਚ ਕਿਹਾ ਗਿਆ ਹੈ, ‘ਐੱਨਐੱਸਓ ਗਰੁੱਪ ਦੇ ਸਾਫਵੇਟਰ ਦੀ ਦੁਰਵਰਤੋਂ ਸਬੰਧੀ ਜੋ ਰਿਪੋਰਟਾਂ ਪਿੱਛੇ ਜਿਹੇ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਦੇਖਦਿਆਂ ਅਜਿਹੀ ਸਨਅਤ ਨੂੰ ਕੰਟਰੋਲ ਹੇਠ ਲਿਆਉਣਾ ਚਾਹੀਦਾ ਹੈ।’ ਇੰਟੈਲੀਜੈਂਸ ਬਾਰੇ ਸੈਨੇਟ ਦੀ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਸੈਨੇਟਰ ਰੌਨ ਵਾਇਡਨ ਨੇ ਵੀ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਕੀਤੀ ਸੀ। ਕੌਮੀ ਇੰਟੈਲੀਜੈਂਸ ਦੇ ਪ੍ਰਿੰਸੀਪਲ ਡਿਪਟੀ ਡਾਇਰੈਕਟਰ ਦੇ ਅਹੁਦੇ ਲਈ ਬਾਇਡਨ ਵੱਲੋਂ ਨਾਮਜ਼ਦ ਕੀਤੇ ਗਏ ਸਟੈਸੀ ਡਿਕਸਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ (ਪੈਗਾਸਸ ਜਾਸੂਸੀ ਮਾਮਲਾ) ਘਟਨਾਵਾਂ ਨਾਲ ਨਜਿੱਠਣ ਲਈ ਮਜ਼ਬੂਤ ਪ੍ਰਸ਼ਾਸਨ ਦੀ ਲੋੜ ਹੈ।
ਉੱਧਰ ਪੈਗਾਸਸ ਜਾਸੂਸੀ ਕਾਂਡ ’ਚ ਐੱਨਐੱਸਓ ਗਰੁੱਪ ’ਤੇ ਲੱਗੇ ਦੋਸ਼ਾਂ ਦੀ ਇਜ਼ਰਾਈਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਈ ਸਰਕਾਰਾਂ ਵੱਲੋਂ ਉਸ ਦੇ ਸਪਾਈਵੇਅਰ ਦੀ ਗਲਤ ਵਰਤੋਂ ਦੇ ਦੋਸ਼ਾਂ ’ਤੇ ਅਧਿਕਾਰੀਆਂ ਨੇ ਸਾਈਬਰ ਸੁਰੱਖਿਆ ਕੰਪਨੀ ਦੇ ਦਫ਼ਤਰ ਦੀ ਜਾਂਚ ਕੀਤੀ। ਕਈ ਅਦਾਰਿਆਂ ਦੇ ਨੁਮਾਇੰਦਿਆਂ ਨੇ ਬੁੱਧਵਾਰ ਨੂੰ ਐੱਨਐੱਸਓ ਦਫ਼ਤਰ ਦਾ ਦੌਰਾ ਕੀਤਾ। ਇਜ਼ਰਾਇਲੀ ਰੱਖਿਆ ਮੰਤਰਾਲੇ ਦੇ ਤਰਜਮਾਨ ਤੋਂ ਜਾਂਚ ਸਬੰਧੀ ਵੇਰਵੇ ਮੰਗੇ ਗਏ ਤਾਂ ਉਸ ਨੇ ਕਿਹਾ ਕਿ ਇਸ ਸਮੇਂ ਉਹ ਵਿਸਥਾਰ ਨਾਲ ਜਾਣਕਾਰੀ ਨਹੀਂ ਦੇ ਰਹੇ ਹਨ। ਐੱਨਐੱਸਓ ਦੇ ਮੁੱਖ ਕਾਰਜਕਾਰੀ ਸ਼ਾਲੇਵ ਹੁਲੀਓ ਨੇ ਸਰਕਾਰੀ ਜਾਂਚ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਉਨ੍ਹਾਂ ’ਤੇ ਲੱਗੇ ਦੋਸ਼ਾਂ ਤੋਂ ਉਹ ਬਰੀ ਹੋ ਜਾਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly