(ਸਮਾਜ ਵੀਕਲੀ)
ਉਂਝ ਤੇ ਭੀੜਾਂ ਬੜੀਆਂ ਵਧ ਚੜ੍ਹ ਆਈਆਂ ਨੇ,
ਮਨ ਦੇ ਵਿਹੜੇ ਐਪਰ ਕਿਉਂ ਤਨਹਾਈਆਂ ਨੇ।
ਪੁੱਠੇ ਪਾਠ ਪੜ੍ਹਾਏ ਭਲਿਆਂ ਲੋਕਾਂ ਨੇ,
ਆਖਰ ਅਕਲਾਂ ਠੇਡੇ ਖਾ ਕੇ ਆਈਆਂ ਨੇ।
ਬੇਬੇ-ਬਾਪੂ ਵੱਲੇ ਕੋਈ ਵੇਂਹਦਾ ਨਹੀਂ,
ਕੱਟੇ-ਵੱਛੇ ਤੱਕ ਉਂਝ ਵੰਡ ਲਏ ਭਾਈਆਂ ਨੇ।
ਮਾਵਾਂ ਨਾਲ਼ ਮੁਹੱਬਤ ਰੁਖ਼ਸਤ ਹੋ ਜਾਂਦੀ,
ਰੀਝਾਂ ਕਦੋਂ ਪੁਗਾਈਆਂ ਚਾਚੀਆਂ-ਤਾਈਆਂ ਨੇ।
ਦਿਲ ਕਰਦਾ ਹੈ ਦਿਲ ਨੂੰ ਖੋਲ੍ਹ ਦਿਖਾ ਦੇਵਾਂ,
ਰੀਝਾਂ ਜਿਹੜੀਆਂ ਦਿਲ ਦੇ ਵਿੱਚ ਲੁਕਾਈਆਂ ਨੇ।
ਦੁੱਖ-ਸੁੱਖ ਵੰਡੀਏ ਵਿੱਚ ਮੁਸੀਬਤ ਯਾਰਾਂ ਦੇ,
ਸਭ ਨੇ ਜਾਣਾ ਜਿਸ ਦਿਨ ਚਿੱਠੀਆਂ ਆਈਆਂ ਨੇ।
ਭੇਤ ਦਿਲਾਂ ਦੇ ਦੱਸੀਏ ਨਾ ਰਾਹ ਜਾਂਦੇ ਨੂੰ,
ਗ਼ੈਰਾਂ ਨੇ ਕਦ ਲੱਗੀਆਂ ਤੋੜ ਨਿਭਾਈਆਂ ਨੇ।
ਸਰਬਜੀਤ ਕੌਰ ਭੁੱਲਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly