(ਸਮਾਜ ਵੀਕਲੀ)
ਦੁਨੀਆਂ ਪੈਸੇ ਦੀ , ਹਰ ਕੋਈ ਪੈਸਾ ਪੈਸਾ ਕਰਦਾ ਫਿਰਦਾ। ਇਹ ਅੱਜ ਤੋਂ ਨਹੀਂ ਜਦੋਂ ਦੀ ਮਨੁੱਖ ਜਾਤੀ ਨੇ ਸੁਰਤ ਸੰਭਾਲੀ ਹੈ ਓਦੋਂ ਤੋਂ ਹੀ ਪੈਸੇ ਦਾ ਜਾਂ ਵਸਤਾਂ ਦਾ ਮੋਹ ਮਨੁੱਖ ਦੇ ਦਿਲ ਅਤੇ ਦਿਮਾਗ ਤੇ ਛਾ ਗਿਆ ਹੈ। ਕੇਵਲ ਪਸ਼ੂ ਪੰਛੀ ਹੀ ਆਪਣੇ ਭੋਜਨ ਅਤੇ ਬੱਚਿਆਂ ਤੋਂ ਇਲਾਵਾ ਕੋਈ ਪੈਸੇ ਦੀ ਫ਼ਿਕਰ ਨਹੀਂ ਕਰਦੇ। ਮਨੁੱਖ ਦੀ ਜਿਆਦਾ ਸਿਆਣਪ ਹੀ ਇਸ ਨੂੰ ਪੈਸੇ ਅਤੇ ਚੀਜਾਂ ਦੇ ਦਿਖਾਵੇ ਦਾ ਗੁਲਾਮ ਬਣਾਈ ਜਾ ਰਹੀ ਹੈ। ਜਿੰਦਗੀ ਵਿੱਚ ਅੱਗੇ ਵਧਦੇ ਰਹਿਣਾ ਅਤੇ ਤਰੱਕੀ ਕਰਨੀ ਬਹੁਤ ਜ਼ਰੂਰੀ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਨਸਾਨ ਤਰੱਕੀ ਕੇਵਲ ਪੈਸੇ ਪੱਖੋਂ ਹੀ ਕਰ ਰਿਹਾ ਹੈ ਜਿਸ ਕਾਰਨ ਉਸ ਦਾ ਇਨਸਾਨੀ ਸੁਭਾਅ ਖਤਮ ਹੁੰਦਾ ਜਾ ਰਿਹਾ ਹੈ। ਪੈਸੇ ਦੀ ਅਜਿਹੀ ਦੌੜ ਚੱਲ ਰਹੀ ਹੈ ਜਿਸ ਨਾਲ ਅਸੀਂ ਆਪਣੇ ਰਿਸ਼ਤੇ ਨਾਤੇ , ਸੰਗ ਸ਼ਰਮ ਲਾਹ ਸੁੱਟੀ ਹੈ।
ਬੱਸ ਦਿਖਾਵਾ ਹੀ ਪੱਲੇ ਰਹਿ ਗਿਆ ਹੈ। ਅੰਦਰੋਂ ਸਾਨੂੰ ਇਸ ਪੈਸੇ ਅਤੇ ਦਿਖਾਵੇ ਨੇ ਖੋਖਲੇ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਅਸੀਂ ਛੋਟੀ ਜਿਹੀ ਗੱਲ ਤੇ ਗੁੱਸੇ ਹੋ ਜਾਂਦੇ ਹਾਂ ਅਤੇ ਅੰਦਰਲੇ ਖਾਲੀਪਣ ਕਾਰਨ ਖਾਲੀ ਪੀਪੇ ਵਾਂਗ ਖੜਕਣ ਵੀ ਬਹੁਤ ਛੇਤੀ ਲੱਗ ਜਾਂਦੇ ਹਾਂ। ਇਸ ਪੈਸੇ ਦੀ ਅੰਨੀ ਦੌੜ ਵਿੱਚ ਸਾਡੀਆਂ ਛੋਟੀਆਂ ਖੁਸ਼ੀਆਂ ਖੂੰਜੇ ਲੱਗ ਗਈਆਂ ਅਤੇ ਅਸੀਂ ਵੱਡੀ ਖੁਸ਼ੀ ਦੀ ਭਾਲ ਵਿੱਚ ਜਿੰਦਗੀ ਦਾ ਵੱਡਾ ਹਿੱਸਾ ਤਬਾਹ ਕਰੀ ਜਾ ਰਹੇ ਹਾਂ। ਅੱਜ ਮਨੁੱਖ ਕੋਲ ਜੇਕਰ ਲੋੜ ਜਿੰਨ ਧੰਨ ਹੋਵੇ ਚੰਗੀ ਆਮਦਨ ਹੋਵੇ ਅਤੇ ਜਰੂਰਤਾਂ ਪੂਰੀਆਂ ਹੋਣ ਤਾਂ ਵੀ ਉਸ ਨੂੰ ਟਿਕਾਅ ਨਹੀਂ ਆਉਂਦਾ । ਹਰ ਵਖਤ ਦਿਮਾਗ ਵਿੱਚ ਸਾਡੀਆਂ ਖਵਾਇਸ਼ਾਂ ਤੜਥੱਲੀ ਮਚਾਈ ਰੱਖਦੀਆਂ ਹਨ। ਨਤੀਜੇ ਵਜੋਂ ਜੋ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਜਾਂ ਸਾਡੀ ਮਿਹਨਤ ਨਾਲ ਮੌਜੂਦ ਹੈ ਉਸ ਨੂੰ ਅਸੀਂ ਮੰਨਦੇ ਹੀ ਨਹੀਂ। ਏਥੋਂ ਤੱਕ ਲੋਕਾਂ ਕੋਲ ਦੁਨੀਆਂ ਦਾ ਅਣਮੁੱਲਾ ਖਜਾਨਾ ਓਹਨਾਂ ਦੇ ਬੱਚੇ ਜਿਨ੍ਹਾਂ ਲਈ ਸਾਡੇ ਕੋਲ ਟਾਈਮ ਹੀ ਨਹੀਂ।
ਸਾਡੇ ਨਾਲੋਂ ਚੰਗੇ ਤਾਂ ਪੰਛੀ ਹਨ ਜੋ ਆਪਣੇ ਬੱਚਿਆਂ ਲਈ ਪੂਰਾ ਟਾਈਮ ਤਾਂ ਕੱਢ ਲੈਂਦੇ ਹਨ ਨਾਲੇ ਓਹਨਾਂ ਕੋਲ ਕੋਈ ਬੈਂਕ ਐੱਫ ਡੀ ਨਹੀਂ ਹੁੰਦੀ। ਅਸੀਂ ਆਪਣੇ ਘਰ ਦੀ ਪਰਵਾਹ ਕੀਤੇ ਬਿਨਾਂ ਬਾਕੀ ਸਭ ਕਾਸੇ ਦੀ ਪਰਵਾਹ ਕਰੀ ਜਾਨੇ ਹਾਂ। ਸਾਡੇ ਆਪਣੇ ਘਰ ਭਲਾਂ ਬਣਦੀ ਨਾ ਹੋਵੇ ਪਰ ਬਾਹਰ ਅਸੀਂ ਬਹੁਤ ਲੋਕਾਂ ਨੂੰ ਫ਼ਿਕਰਮੰਦ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਾਂ। ਆਖ਼ਰ ਮਨੁੱਖ ਕਿੰਨਾ ਕੂ ਪੈਸਾ ਹੋਣ ਤੇ ਸਬਰ ਵਿੱਚ ਆ ਸਕਦਾ ਹੈ ਇਹ ਅੰਦਾਜਾ ਲਗਾਉਣਾ ਮੁਸ਼ਕਿਲ ਹੈ ਕਿ ਕਿਸੇ ਅੰਦਰ ਕਿੰਨਾ ਕੂ ਖਾਲੀਪਣ ਹੈ। ਸੋ ਜਰੂਰਤ ਹੈ ਸਾਨੂੰ ਥੋੜਾ ਸਬਰ ਰੱਖਣ ਦੀ ਅਤੇ ਜੋ ਕੋਲ ਹੈ ਉਸ ਨੂੰ ਮਾਨਣਾ ਚਾਹੀਦਾ ਹੈ। ਕਿਤੇ ਬਹੁਤੇ ਆਉਣ ਦੀ ਆਸ ਵਿੱਚ ਇਹ ਜੀਵਨ ਏਦਾਂ ਹੀ ਬੇਕਾਰ ਨਾ ਨਿਕਲ ਜਾਏ । ਜੋ ਹੈ ਉਸ ਵਿੱਚ ਸਬਰ ਹੋਣਾ ਚਾਹੀਦਾ ਹੈ ਅਤੇ ਤਰੱਕੀ ਲਈ ਯੋਗ ਯਤਨ ਕਰਨੇ ਚਾਹੀਦੇ ਹਨ । ਕਹਿਣ ਤੋਂ ਭਾਵ ਕਿ ਮਨੁੱਖੀ ਜੀਵਨ ਵਿੱਚ ਸੱਜਣਾ ਮਿੱਤਰਾਂ , ਅਤੇ ਆਪਣੇ ਪਰਿਵਾਰ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਪੈਸੇ ਦੀ ਦੌੜ ਵਿੱਚ ਆਪਣਾ ਅਣਮੁੱਲਾ ਜੀਵਨ ਵਿਅਰਥ ਨਾ ਗਵਾਈਏ ਅਤੇ ਆਪਣੇ ਘਰ ਪਰਿਵਾਰ ਪ੍ਰਤੀ ਇਮਾਨਦਾਰ ਰਹੀਏ ਤਾਂ ਕਿ ਦਿਖਾਵੇ ਦੇ ਚੱਕਰਾਂ ਵਿੱਚ ਅਸੀਂ ਕਿਤੇ ਆਪਣੀ ਬਣਦੀ ਜ਼ਿੰਮੇਵਾਰੀ ਜਾਂ ਆਪਣਾ ਸਮਾਜਿਕ ਰਸੂਖ ਨਾ ਗਵਾ ਬੈਠੀਏ। ਸਭ ਆਪਣੇ ਵਿੱਚ ਮਿਹਨਤ ਕਰਨ ਦਾ ਮੋਹ ਰੱਖਣ ਅਤੇ ਸਬਰ ਸੰਤੋਖ ਨਾਲ ਅੱਗੇ ਵਧਦੇ ਜਾਈਏ ਤਾਂ ਕਿ ਜਿਹੜਾ ਸਾਡੇ ਕੋਲ ਹੈ ਉਸ ਦਾ ਖੂਬ ਅਨੰਦ ਲਈਏ। ਸਭ ਦੇ ਖੁਸ਼ਹਾਲ ਜੀਵਨ ਦੀ ਆਸ ਬਰਕਰਾਰ ਰਹਿਣੀ ਚਾਹੀਦੀ ਹੈ ਚੀਜਾਂ ਦਾ ਮੋਹ ਅਤੇ ਪੈਸੇ ਦੀ ਲਾਲਸਾ ਇਸ ਖੁਸ਼ਹਾਲੀ ਵਿੱਚ ਵੱਡੀ ਰੁਕਾਵਟ ਹੈ। ਸੋ ਮਿਹਨਤ ਕਰਦੇ ਹੋਏ ਜੀਵਨ ਦੀਆਂ ਛੋਟੀਆਂ ਖੁਸ਼ੀਆਂ ਨੂੰ ਵੀ ਸਾਂਝੇ ਕਰਦੇ ਰਹੀਏ ਜਿਵੇਂ ਦੋ ਕੂ ਦਹਾਕੇ ਪਹਿਲਾਂ ਸਸਤੀ ਜਿਹੀ ਚੀਜ਼ ਵੀ ਯਾਰਾਂ ਦੋਸਤਾਂ ਨੂੰ ਦਿਖਾ ਕੇ ਖੁਸ਼ੀ ਮਹਿਸੂਸ ਕਰਦੇ ਸੀ ਅੱਜ ਮਹਿਗੀਆਂ ਚੀਜਾਂ ਖਰੀਦ ਕੇ ਵੀ ਮਨੁੱਖ ਖੁਸ਼ ਨਹੀਂ ਹੁੰਦਾ ਇਸ ਦਾ ਕਾਰਨ ਇਹੀ ਹੈ ਕਿ ਉਹ ਬੇਲੋੜੀਆਂ ਵਸਤਾਂ ਖਰੀਦ ਕੇ ਪੈਸਾ ਖਰਾਬ ਕਰ ਰਿਹਾ ਹੈ। ਜਰੂਰਤ ਹੈ ਸਮਾਂ ਰਹਿੰਦੇ ਹੀ ਸਮਝ ਜਾਈਏ ਨਹੀਂ ਤਾਂ ਜਦ ਚਿੜੀਆ ਚੁਗ ਗਈ ਖੇਤ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ।
ਧਰਮਿੰਦਰ ਸਿੰਘ ਮੁੱਲਾਂਪੁਰੀ
987200461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly