ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਮੁੜ ਬਣੇ ਪ੍ਰਧਾਨ

 

  • ਅੰਤਰਿੰਗ ਕਮੇਟੀ ਦੇ 11 ਮੈਂਬਰਾਂ ’ਚ ਬੀਬੀ ਜਗੀਰ ਕੌਰ ਧੜੇ ਦੇ ਤਿੰਨ ਮੈਂਬਰ ਸ਼ਾਮਲ

ਅੰਮ੍ਰਿਤਸਰ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਈ ਹੋਈ ਚੋਣ ਵਿੱਚ ਆਪਣੇ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 62 ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਉਹ ਲਗਾਤਾਰ ਦੂਜੀ ਵਾਰ ਸਿੱਖ ਸੰਸਥਾ ਦੇ ਪ੍ਰਧਾਨ ਬਣੇ ਹਨ। ਅੱਜ ਹੋਈ ਇਸ ਚੋਣ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਅਤੇ ਬੀਬੀ ਜਗੀਰ ਕੌਰ ਨੂੰ ਸਿਰਫ 42 ਵੋਟਾਂ ਪ੍ਰਾਪਤ ਹੋਈਆਂ। ਹੋਰਨਾਂ ਅਹੁਦੇਦਾਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਵਜੋਂ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਵਜੋਂ ਅਵਤਾਰ ਸਿੰਘ ਅਤੇ ਜਨਰਲ ਸਕੱਤਰ ਵਜੋਂ ਭਾਈ ਗੁਰਚਰਨ ਸਿੰਘ ਗਰੇਵਾਲ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ।

ਇਸ ਦੌਰਾਨ ਅੰਤਰਿੰਗ ਕਮੇਟੀ ਦੇ 11 ਮੈਂਬਰਾਂ ਵਿੱਚ ਬੀਬੀ ਜਗੀਰ ਕੌਰ ਧੜੇ ਦੇ ਤਿੰਨ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਭੁਪਿੰਦਰ ਸਿੰਘ ਅਸੰਧ ਅਤੇ ਮਲਕੀਤ ਸਿੰਘ ਚੰਗਾਲ ਸ਼ਾਮਲ ਹਨ। ਬਾਕੀ ਦੇ ਅੱਠ ਅੰਤ੍ਰਿੰਗ ਕਮੇਟੀ ਮੈਂਬਰਾਂ ਵਿਚ ਮੋਹਨ ਸਿੰਘ ਬੰਗੀ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਤੁਗਲਵਾਲ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਨਾਮ ਸਿੰਘ ਜੱਸਲ, ਪਰਮਜੀਤ ਸਿੰਘ ਖਾਲਸਾ ਅਤੇ ਸ਼ੇਰ ਸਿੰਘ ਮੰਡਵਾਲਾ ਸ਼ਾਮਲ ਹਨ। ਅੱਜ ਦੇ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਕੁੱਲ 157 ਮੈਂਬਰਾਂ ਵਿੱਚੋਂ 146 ਮੈਂਬਰਾਂ ਨੇ ਵੋਟਾਂ ਪਾਈਆਂ ਹਨ, ਬਾਕੀ ਮੈਂਬਰ ਗ਼ੈਰਹਾਜ਼ਰ ਰਹੇ। ਇਨ੍ਹਾਂ ਵਿੱਚੋਂ ਕੁਝ ਮੈਂਬਰ ਵਿਦੇਸ਼ ਗਏ ਹੋਏ ਹਨ। ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅੱਜ ਹੋਏ ਇਜਲਾਸ ਦੌਰਾਨ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਤਾਈਦ ਮਜੀਦ ਨਵਤੇਜ ਸਿੰਘ ਕਾਉਣੀ ਨੇ ਕੀਤੀ।

ਇਸੇ ਦੌਰਾਨ ਦੂਜੇ ਧੜੇ ਵਲੋਂ ਅਮਰੀਕ ਸਿੰਘ ਸ਼ਾਹਪੁਰ ਨੇ ਬੀਬੀ ਜਗੀਰ ਕੌਰ ਦਾ ਨਾਂ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ। ਉਪਰੰਤ ਪਰਚੀ ਰਾਹੀਂ ਵੋਟਾਂ ਪਾਈਆਂ ਗਈਆਂ। ਚੋਣ ਮਗਰੋਂ ਸ੍ਰੀ ਧਾਮੀ ਨੇ ਚੁਣੇ ਹੋਏ ਨਵੇਂ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂਘਰ ਦਾ ਸ਼ੁਕਰਾਨਾ ਕੀਤਾ। ਮਿਲੀ ਜਾਣਕਾਰੀ ਮੁਤਾਬਕ ਬੀਬੀ ਜਗੀਰ ਕੌਰ ਨੂੰ ਪ੍ਰਾਪਤ ਹੋਈਆਂ 42 ਵੋਟਾਂ ਵਿਚ ਵਿਰੋਧੀ ਧਿਰਾਂ ਦੇ ਲਗਪਗ 20 ਤੋਂ 22 ਪਹਿਲੇ ਮੈਂਬਰ ਸ਼ਾਮਲ ਹਨ, ਜਦੋਂਕਿ ਬਾਕੀ ਮੈਂਬਰਾਂ ਵਿੱਚ ਹਰਿਆਣਾ ਦੇ ਕੁਝ ਮੈਂਬਰ ਤੇ ਬਾਕੀ ਬੀਬੀ ਸਮਰਥਕ ਮੈਂਬਰ ਸ਼ਾਮਲ ਹਨ। ਇਸ ਚੋਣ ਵਿੱਚ ਭਾਵੇਂ ਬੀਬੀ ਜਗੀਰ ਕੌਰ ਧੜੇ ਦੀ ਹਾਰ ਹੋਈ ਹੈ ਪਰ ਉਨ੍ਹਾਂ ਦੇ ਧੜੇ ਦੇ ਮੈਂਬਰਾਂ ਦੀ ਗਿਣਤੀ ਲਗਪਗ ਦੋ ਗੁਣਾ ਵਧ ਗਈ ਹੈ। ਇਹ ਗਿਣਤੀ ਪਹਿਲਾਂ 20 ਤੋਂ 25 ਤਕ ਸੀਮਤ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHimachal Pradesh elections: Will the rhythm of democracy survive?
Next articleਨਵੀਂ ਦਿੱਲੀ: ਅਦਾਲਤ ਨੇ ਅਦਾਕਾਰਾ ਜੈਕਲੀਨ ਦੀ ਜ਼ਮਾਨਤ ਬਾਰੇ ਫ਼ੈਸਲਾ ਰਾਖਵਾਂ ਰੱਖਿਆ