ਵਿਗਿਆਨਕ ਸੋਚ ਅਪਣਾਓ, ਤਾਂਤਰਿਕਾਂ ਦੇ ਭਰਮ ਜਾਲ ਤੋਂ ਬਾਹਰ, ਆਓ- ਤਰਕਸ਼ੀਲ

ਮਾਸਟਰ ਪਰਮਵੇਦ
(ਸਮਾਜ ਵੀਕਲੀ) ਲਾਈਲੱਗ ਭੋਲੀ ਭਾਲੀ ਜਨਤਾ ਨੂੰ ਲੁੱਟਣ ਵਾਲਿਆਂ ਦੀ ਇਸ ਦੇਸ਼ ਵਿੱਚ ਕੋਈ ਘਾਟ ਨਹੀਂ ।ਅਖੌਤੀ ਸਿਆਣਿਆਂ, ਬਾਬਿਆਂ, ਤਾਂਤਰਿਕ,ਡੇਰੇਦਾਰ, ਪਾਂਡੇ,ਜੋਤਸ਼ੀਆਂ ਆਦਿ ਨੇ ਲੋਕਾਂ ਨੂੰ ਲੁੱਟਣ ਲਈ ਭਰਮ ਜਾਲ ਵਿਛਾਇਆ ਹੋਇਆ ਹੈ।ਸਰਮਾਏਦਾਰੀ ਪ੍ਰਬੰਧ’ ਵਿੱਚ ਪੈਦਾ ਹੋਈਆਂ ਆਰਥਿਕ, ਸਮਾਜਿਕ, ਰਾਜਨੀਤਕ ਹਾਲਤਾਂ ਹਾਕਮਾਂ ਨੂੰ ਸਾਰਿਆਂ ਪਾਸਿਆਂ ਤੋਂ ਰਾਸ ਆ ਰਹੀਆਂ ਹਨ।ਹਾਕਮ ਚੋਣਾਂ ਵੇਲੇ ਗੁਣਾ ਘਟਾਓ ਦਾ ਹਰ ਹਰਬਾ ਵਰਤ ਕੇ ਜਿੱਤ ਹਾਸਲ ਕਰਦੇ ਹਨ। ਅਖੌਤੀ ਸਿਆਣੇ,ਵਾਸਤੂਸ਼ਾਸਤਰੀ,ਜੋਤਸ਼ੀ ਆਪਣੀ ਲੁੱਟ ਨੂੰ ਤੇਜ ਕਰਨ ਲਈ ਵਿਗਿਆਨਿਕ ਖੋਜਾਂ ,ਟੀ ਵੀ ਚੈਨਲਾ,ਕੇਬਲਾਂ,ਕੰਪਿਊਟਰਾਂ,ਮੋਬਾਇਲਾਂ ਤੇ ਪ੍ਰਿੰਟ ਮੀਡੀਆ ਦੀ ਪੂਰੀ ਪੂਰੀ ਵਰਤੋਂ ਕਰ ਰਹੇ ਹਨ।ਸਵੇਰੇ ਸਵੇਰ ਚੈਨਲਾਂ ਉਤੇ ਰਾਸ਼ੀਫਲ ਅਤੇ ਵੱਖ ਵੱਖ ਤਰ੍ਹਾਂ ਦੇ ਵਹਿਮ-ਭਰਮ ਫੈਲਾ ਕੇ ਸ਼ਨੀ,ਰਾਹੂ ਕੇਤੂ ਗ੍ਰਿਹਾਂ ਦਾ ਡਰ ਪਾਉਂਦੇ ਹੋਏ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਕਰਨ ਲਈ ਨਗ, ਮੂੰਗੇ,ਕਵਚ ਆਦਿ ਵੇਚ ਰਹੇ ਹੁੰਦੇ ਹਨ। ਬਹੁਤ ਸਾਰੇ ਅਖੌਤੀ ਸਿਆਣਿਆਂ,ਜੋਤਸ਼ੀਆਂ ਵੱਲੋਂ ਪਿੰਡ ਪਿੰਡ, ਸ਼ਹਿਰ ਸ਼ਹਿਰ  ਕੂੜ ਦੀਆਂ ਦੁਕਾਨਾਂ ਖੋਲੀਆਂ ਹਨ ,ਜਿਨਾਂ ‘ਚ ਦੁਕਾਨਾਂ ਤੇ ਆਮ ਹੀ ਪੜਦੇ ਲਾਏ ਹੁੰਦੇ ਹਨ ਤਾਂ ਕਿ ਕੋਈ ਵੇਖ ਨਾ ਸਕੇ ।ਅੰਦਰ ਕੋਲ ਕੌਣ ਬੈਠਾ ਹੈ।ਭਾਵ ਇਹ ਧੰਦਾ ਚੋਰੀ ਛੁਪੇ ਦਾ ਵੀ ਹੈ।ਵਿਦੇਸ਼ ਜਾਣ ਲਈ, ਤਲਾਕ,ਵਸ਼ੀਕਰਨ ਜਿਸ ਨੂੰ ਮਰਜੀ ਵਸ ਕਰ ਲਵੋ, ਪਿਆਰ ਵਿਆਹ ਸਫਲ ਕਰਨ, ਮੰਗਲੀਕ,ਜਨਮ ਕੁੰਡਲੀਆਂ, ਨੌਕਰੀ,ਔਲਾਦ ਤੇ ਖਾਸ ਕਰ ਪੁੱਤਰ ਦੀ ਪ੍ਰਾਪਤੀ,ਘਰੇਲੂ ਪ੍ਰੇਸ਼ਾਨੀਆਂ ਜਾਂ ਝਗੜੇ, ਬਿਮਾਰੀ ਤੋਂ ਮੁਕਤੀ,ਜਾਦੂ ਟੂਣਾ,ਕੀਤਾ ਕਰਾਇਆ, ਓਪਰੀ ਛਾਈਆ,ਕਾਲੇ ਇਲਮ ਨਾਲ ਦੁਸ਼ਮਣ ਤੇ ਜਿੱਤ ਜਾਂ ਕਿਸੇ ਨੂੰ ਵਸ ਕਰਨਾ, ਪੜ੍ਹਾਈ ਵਿੱਚ ਨੰਬਰ ਲੈਣ,ਛੁਪਿਆ ਧਨ ਲੱਭਣ ਆਦਿ ਲਈ ਜੋਤਸ਼ੀਆਂ ਵੱਲੋਂ ਗਰੰਟੀਆਂ ਨਾਲ ਇਲਾਜ/ ਉਪਾਅ ਕੀਤੇ ਜਾਂਦੇ ਹਨ।ਇਹ ਗਰੰਟੀਆਂ ਦਿੰਦੇ ਹਨ,ਕਿਸੇ ਵੀ ਸਮੱਸਿਆ ਦੇ ਹਲ ਲਈ ਹਲਫੀਆ ਬਿਆਨ ਲਵੋ,100 ਨਹੀਂ 1000 ਫੀ ਸਦੀ ਗਰੰਟੀ,ਸਮੱਸਿਆ ਹਲ ਨਾ ਹੋਣ ਤੇ ਪੈਸੇ ਵਾਪਸ, ਕੰਮ ਨੂੰ ਸਲਾਮ,ਇਕ ਫੋਨ ਤੁਹਾਡੀ ਜਿੰਦਗੀ ਬਦਲ ਸਕਦਾ ਹੈ,ਕਾਲੇ ਇਲਮ ਦਾ ਕਮਾਲ,ਸ਼ਰਤੀਆ ਇਲਾਜ,ਮਹਾਂਕਲੀ ਦੀ ਅਦਭੁੱਤ ਸ਼ਕਤੀ, ਮੁਸਲਮਾਨ ਸ਼ਕਤੀਆਂ ਦੇ ਬੇਤਾਜ ਬਾਦਸ਼ਾਹ,ਦਸ ਮਹਾਂਵਿਦਿਆ ਦੇ ਮਾਹਿਰ ਦੱਸ ਕੇ ਜਨਤਾ ਨੂੰ ਲੁੱਟ ਰਹੇ ਹਨ। ਆਪਣੇ ਜਾਲ ਵਿੱਚ ਫਸਾਉਣ ਲਈ,ਕੲਈ ਅਖੌਤੀ ਸਿਆਣੇ ਕਾਲੇ ਇਲਮ ਦੇ ਮਾਹਿਰ ਅਖਵਾਉਣ ਵਾਲੇ ਆਪਣੇ ਸਟੇਟਸ ਰਾਹੀਂ ਆਪਣੀ ਮਸ਼ਹੂਰੀ ਸਮੇਂ ਪਹਿਲਾਂ ਲੜਕੀਆਂ ਨੂੰ ਨੱਚਦੇ ਦਿਖਾਉਂਦੇ ਫਿਰ ਹੋਰ ਲੜਕੀਆਂ ਤੋਂ ਉਸ ਦਾ ਅਖੌਤੀ ਸਿਆਣੇ ਦੀ ਅਖੌਤੀ ਗੈਬੀ ਸ਼ਕਤੀਆਂ ਨਾਲ ਪਿਆਰ ਵਿਆਹ  ਸਫਲ ਹੁੰਦਾ ਅਖਵਾਉਂਦੇ  ਹਨ ।ਉਪਰੋਕਤ ਸਾਰੀ ਕਿਸਮ ਦੇ ਲੁਟੇਰਿਆਂ ਨੂੰ ਪਿਛਲੇ 40 ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਵੱਲੋਂ ਖੁੱਲੀ ਚੁਣੌਤੀ ਦਿੱਤੀ ਗਈ ਹੈ ਕਿ ਉਹ ਆਪਣੀ ਗੈਬੀ ਸ਼ਕਤੀ ਨਾਲ ਸੁਸਾਇਟੀ ਦੀਆਂ ਰੱਖੀਆਂ 23 ਸ਼ਰਤਾਂ ਵਿੱਚੋਂ ਇਕ ਵੀ ਧੋਖਾ ਰਹਿਤ ਹਾਲਤਾਂ ਵਿੱਚ ਪੂਰੀ ਕਰ ਦੇਣ ਤਾਂ ਉਨਾਂ ਨੂੰ ਪੰਜ ਲੱਖ ਰੁਪਏ ਦਿਤੇ ਜਾਣਗੇ ਤੇ ਹੋਰ ਸੁਸਾਇਟੀਆਂ ਵੱਲੋਂ ਰੱਖੇ ਇਨਾਮਾਂ ਦੀ ਰਕਮ ਜੋੜ ਕੇ ਕਰੋੜਾਂ ਵਿੱਚ ਹੈ ਪਰ ਅੱਜ ਤਕ ਕੋਈ ਵੀ ਇਹ ਸ਼ਰਤ ਨਹੀ ਜਿੱਤ ਸਕਿਆ।ਇਨਾਂ ਸ਼ਰਤਾਂ ਵਿਚ ਸੀਲਬੰਦ ਕਰੰਸੀ ਨੋਟ ਦਾ ਨੰਬਰ ਦਸਣ ਜਾਂ ਉਸਦੀ ਨਕਲ ਪੈਦਾ ਕਰਨ,ਬਲਦੀ ਅੱਗ ਵਿੱਚ ਨੰਗੇ ਪੈਰੀਂ ਤੁਰ ਸਕੇ,ਪਾਣੀ ਤੇ ਚਲ ਸਕੇ,ਅਜਿਹੀ ਵਸਤੂ ਜੋ ਅਸੀਂ ਮੰਗੀਏ ਉਹ ਹਵਾ ਵਿਚੋਂ ਪੈਦਾ ਕਰ ਸਕੇ,ਛੁਪੀ ਜਾਂ ਛੁਪਾਈ ਚੀਜ ਲਭ ਸਕੇ,ਪਾਣੀ ਨੂੰ ਸ਼ਰਾਬ ਜਾਂ ਪੈਟਰੋਲ ਵਿੱਚ ਬਦਲ ਦੇਵੇ ਜਾਂ ਸ਼ਰਾਬ ਨੂੰ ਖੂਨ ਜਾਂ ਪੈਟਰੋਲ ਵਿੱਚ ਬਦਲ ਦੇਵੇ,ਸਰੀਰ ਦੇ ਅੰਗ ਨੂੰ ਇਕ ਇੰਚ ਵਧਾ ਸਕੇ,ਭੂਤ ਪ੍ਰੇਤ ਜਾਂ ਆਤਮਾ ਦੀ ਫੋਟੋ ਖਿੱਚ ਸਕੇ ਤੇ ਫਿਰ ਅਲੋਪ ਕਰੇ ਜਾਂ ਉਸਨੂੰ ਹਾਜ਼ਰ ਕਰੇ,ਪੁਨਰ ਜਨਮ ਤੌਰ ਤੇ ਕੋਈ ਅਨੋਖੀ ਭਾਸ਼ਾ ਬੋਲ ਸਕੇ।ਆਪਣਾ ਸਰੀਰ ਇਕ ਥਾਂ ਤੋਂ ਦੂਜੀ ਥਾਂ ਬਿਨਾਂ ਛੱਡੇ ਲਿਜਾ ਸਕੇ,ਅੱਧੇ ਘੰਟੇ ਲਈ ਸਾਹ ਰੋਕ ਸਕੇ,ਘਰਾਂ ਵਿੱਚ ਖੂਨ ਦੇ ਛਿੱਟੇ,ਇੱਟਾਂ,ਰੋੜੇ ਡਿੱਗਣ ਪਿੱਛੇ ਗੈਬੀ ਸ਼ਕਤੀ ਦਾ ਹੱਥ ਸਿੱਧ ਕਰੇ ਆਦਿ।ਕੋਈ ਜੋਤਸ਼ੀ ਜਾਂ ਪਾਂਡਾ ਦਸ ਚਿੱਤਰਾਂ ਜਾਂ ਦਸ ਜਨਮ ਪੱਤਰੀਆਂ ਨੂੰ  ਵੇਖਕੇ  ਇਹ ਦਸ ਦੇਵੇ ਕਿ ਕਿਹੜੇ ਮਰਦ ਤੇ ਕਿਹੜੀਆਂ ਔਰਤਾਂ ਦੀਆਂ ਹਨ ਤੇ ਇਨਾਂ ਵਿੱਚੋਂ ਕਿੰਨੇ ਮਰੇ ਤੇ ਕਿੰਨੇ ਜੀਉਂਦੇ ਹਨ ? ਜਨਮ ਦਾ ਠੀਕ ਸਮਾਂ,ਸਥਾਨ ਦਸ ਦੇਣ ਉਹ ਇਨਾਮ ਜਿੱਤ ਸਕਦੇ ਹਨ,5% ਗਲਤੀ ਮਾਫ ਹੈ।ਅੱਜ ਤੱਕ ਜੋਤਸ਼ੀਆਂ ਨੇ ਕਦੇ ਤੂਫਾਨ,ਭੁਚਾਲ, ਰੋਜ਼ਾਨਾ ਹੋ ਰਹੇ ਕਤਲਾਂ,ਹਾਦਸਿਆਂ, ਚੋਰੀਆਂ, ਡਾਕਿਆਂ ਬਾਰੇ ਭਵਿੱਖਬਾਣੀ ਵੀ ਨਹੀਂ ਕੀਤੀ ਤੇ ਨਾ ਹੀ ਕਰ ਸਕਣਗੇ।’
ਵਹਿਮਾਂ-ਭਰਮਾਂ ਤੋਂ ਬਚ ਜਾ ਲੋਕਾ,ਜੋਤਿਸ਼ ਵਿਦਿਆ ਵੱਡਾ ਧੋਖਾ।’ ‘
ਆਖਦੇ ਜਿਹੜੇ ਕੁਝ ਨਹੀਂ ਜਾਣਾ ਨਾਲ,
‘ਸਤ ਪੀੜ੍ਹੀਆਂ ਵਾਸਤੇ ਇਕੱਠਾ ਕਰਦੇ  ਮਾਲ।’
‘ਚੰਨ ,ਸੂਰਜ, ਗ੍ਰਿਹ ਅਤੇ ਤਾਰੇ;ਚੱਕਰਾਂ ਦੇ ਵਿੱਚ ਘੁੰਮਦੇ ਸਾਰੇ;
ਇਹ ਤਾਂ ਆਪਣਾ ਪੰਧ ਨੇ ਕਰਦੇ;ਇਹ ਨਾ ਸਾਡੀ ਕਿਸਮਤ ਘੜਦੇ।’
‘ਨਾ ਕੋਈ ਭੂਤ ,ਨਾ ਪਰੇਤ,ਨਾ ਕੋਈ ਉਪਰੀ ਛਾਇਆ ; ਅਖੌਤੀ ਸਾਧਾਂ
/ਸਿਆਣਿਆਂ,ਜੋਤਸ਼ੀਆਂ ਨੇ ਹੈ ,ਚਕਰਾਂ ਵਿੱਚ ਪਾਇਆ।’
“ਉੱਠੋ,ਜਾਗੋ, ਅੱਖਾਂ ਖੋਲੋ, ਵਿਗਿਆਨਕ ਸੋਚ ਅਪਣਾਓ, ਤਾਂਤਰਿਕਾਂ ਦੇ ਭਰਮ ਜਾਲ ਤੋਂ ਬਾਹਰ ਆਓ,ਆਪਣੀ ਕਮਾਈ, ਆਪਣੇ ਪਰਿਵਾਰ ਤੇ ਲਾਓ”
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
ਅਫ਼ਸਰ ਕਲੋਨੀ ਸੰਗਰੂਰ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleMother India Savitribai Phule, and unspoken gratitude of Brahmins
Next articleਪਿੰਡ ਕਤਪਾਲੋਂ ਵਿਖੇ ਬਣਾਇਆ ਜਾਵੇ ਤਹਿਸੀਲ ਪੱਧਰੀ ਖੇਡ ਸਟੇਡੀਅਮ – ਪਰਸ਼ੋਤਮ ਫਿਲੌਰ