(ਸਮਾਜ ਵੀਕਲੀ)
ਜਦੋਂ ਅਸੀਂ ਕਿਸੇ ਗੱਲ / ਘਟਨਾ ਨੂੰ ਬਿਨਾਂ,ਸੋਚੇ,ਸਮਝੇ ,ਵਿਚਾਰੇ ,ਪਰਖੇ ,ਪੜਤਾਲੇ ਸੱਚ ਮੰਨ ਲੈਂਦੇ ਹਾਂ ਤਾਂ ਇਸ ਨੂੰ ਅੱਗੇ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਸਮੇਂ ਅਸੀਂ ਅੰਧ ਵਿਸ਼ਵਾਸ ਤੋਂ ਕੰਮ ਲੈ ਰਹੇ ਹੁੰਦੇ ਹਾਂ ਪਰ ਜਦ ਅਸੀਂ ਕੋਈ ਗਲ ਸੋਚ ਰਹੇ ਹੁੰਦੇ ਹਾਂ ਕਿ ਇਹ ਗਲ ਹੋ ਸਕਦੀ ਹੈ ਨਹੀਂ ਭਾਵ ਅਸੀਂ ਆਪਣੀ ਬੁੱਧੀ ਦੀ ਵਰਤੋਂ ਕਰਕੇ ਕੋਈ ਗਲ ਮੰਨਦੇ ਹਾਂ ਜਾਂ ਨਕਾਰਦੇ ਹਾਂ ਉਸ ਸਮੇਂ ਅਸੀਂ ਵਿਗਿਆਨਕ ਦ੍ਰਿਸ਼ਟੀ ਅਪਣਾ ਰਹੇ ਹੁੰਦੇ ਹਾਂ।
ਘਰਾਂ ਵਿੱਚ ਕਈ ਵਾਰੀ ਰਹੱਸਮਈ ਘਟਨਾਵਾਂ ਵਾਪਰਨ ਲੱਗ ਜਾਂਦੀਆਂ ਹਨ ਜਿਵੇਂ ਆਪਣੇ ਆਪ ਇੱਟਾਂ ਵੱਟੇ ਰੋੜੇ ਡਿੱਗਣੇ ਜਾਂ ਬੰਦ ਪੇਟੀ ਵਿੱਚ ਪਏ ਕੱਪੜਿਆਂ ਨੂੰ ਅੱਗ ਲੱਗਣੀ , ਆਟੇ ਵਿਚ ਖੂਨ ਦੇ ਛਿੱਟੇ ਆਉਣਾ ,ਅੰਧਵਿਸ਼ਵਾਸੀ ਲੋਕ ਇਸ ਨੂੰ ਕਾਰਵਾਈ ਨੂੰ ਭੂਤ ਪ੍ਰੇਤਾਂ ਦੀਆਂ ਕਾਰਵਾਈ ਸਮਝਦੇ ਹਨ ਤੇ ਇਹ ਅਖੌਤੀ ਸਿਆਣਿਆਂ ਤੋਂ ਲੁੱਟ ਕਰਵਾਉਂਦੇ ਹਨ । ਕਈ ਵਾਰੀ ਘਰ ਦਾ ਮੈਂਬਰ ਗੁੰਮ ਸੁੰਮ ਹੋ ਜਾਂਦਾ ਹੈ ਜਾਂ ਸਿਰ ਮਾਰਨ ਲੱਗ ਜਾਂਦਾ ਹੈ ਉਸ ਸਮੇਂ ਵੀ ਇਹ ਪਿਛਾਂਹ ਖਿੱਚੂ ਨਾ ਸਮਝ ਲੋਕ ਓਪਰੀ ਕਸਰ ਦਾ ਅਸਰ ਸਮਝਦੇ ਹਨ।ਪਰ ਵਿਗਿਆਨਕ ਵਿਚਾਰਧਾਰਾ ਵਾਲੇ ਲੋਕ ਇਸ ਨੂੰ ਕਿਸੇ ਪਰਿਵਾਰਕ ਮੈਂਬਰ ਦੀ ਸਮੱਸਿਆ ਸਮਝਦੇ ਹਨ ।ਮਾਨਸਿਕ ਰੋਗ ਮਾਹਰ ਡਾਕਟਰਾਂ, ਮਨੋਵਿਗਿਆਨੀਆਂ ਤੋਂ ਇਲਾਜ ਕਰਵਾਉਂਦੇ ਹਨ।
ਇਸ ਤਰ੍ਹਾਂ ਕੁਝ ਬੇਅਰਥ ,ਵੇਲਾ ਵਿਹਾਅ ਚੁੱਕੀਆਂ ਰਸਮਾਂ ਜਾਂ ਵਹਿਮ ਪੀੜ੍ਹੀ ਦਰ ਪੀੜ੍ਹੀ ਤੁਰਦੇ ਆ ਰਹੇ ਹਨ। ਜਿਵੇਂ ਤੁਰਨ ਲੱਗਿਆਂ ਛਿੱਕ ਵੱਜਣ ਨੂੰ ਬੇ ਸ਼ਗਨੀ ਸਮਝਣਾ, ਬਿੱਲੀ ਦੇ ਰਸਤਾ ਕੱਟਣ ਨੂੰ ਬੁਰਾ ਸਮਝਣਾ,ਇਸੇ ਤਰਾਂ ਨਵੀਂ ਬਣੀ ਇਮਾਰਤ , ਨਵੇਂ ਖਰੀਦੇ ਕਾਰ ,ਸਕੂਟਰ ਜਾਂ ਸੋਹਣੇ ਬੱਚੇ ਜਾਂ ਪਸ਼ੂ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੇ ਟੂਣੇ ਟਾਮਣ ਕਰਨਾ ।ਨਜ਼ਰ ਵੱਟੂ ,ਟੁੱਟਿਆ ਛਿੱਤਰ ਟੰਗਣਾ ਜਾਂ ਕਾਲਾ ਟਿੱਕਾ ਲਾਉਣਾ ਕੁੱਝ ਉਦਾਹਰਣਾਂ ਹਨ।
ਪਰ ਅਗਾਂਹਵਧੂ ਤੇ ਵਿਗਿਆਨਕ ਵਿਚਾਰਾਂ ਦੇ ਧਾਰਨੀ ਲੋਕ ਇਨ੍ਹਾਂ ਸਾਰੀਆਂ ਗੱਲਾਂ ਦੇ ਵਿਗਿਆਨਕ ਕਾਰਨ ਜਾਣਦੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਛਿੱਕ ਉਦੋਂ ਵੱਜਦੀ ਹੈ ਜਦੋਂ ਸਾਹ ਨਾਲੀ ਵਿੱਚ ਵਾਧੂ ਧੂੜ ਕਣ ਆ ਜਾਂਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਬਿੱਲੀ ਦੇ ਸਰੀਰ ਵਿਚੋਂ ਕਿਸੇ ਕਿਸਮ ਦੀਆਂ ਵਿਕਿਰਣਾ ਂ ਨਹੀਂ ਨਿਕਲਦੀਆਂ। ਵਿਗਿਆਨ ਇਹ ਗੱਲ ਵੀ ਸਪੱਸ਼ਟ ਕਰ ਚੁੱਕਾ ਹੈ ਕਿ ਮਨੁੱਖ ਦੀਆਂ ਅੱਖਾਂ ਵਿੱਚੋਂ ਅਜਿਹੀ ਕੋਈ ਤਰੰਗ ਨਹੀਂ ਨਿਕਲਦੀ ਕਿਹੜੀ ਕਿਸੇ ਜਾਨਦਾਰ ਜਾਂ ਬੇਜਾਨ ਚੀਜ਼ ਤੇ ਅਸਰ ਪਾਉਂਦੀ ਹੋਵੇ।
ਸੋ ਸੁਚੇਤ ਲੋਕ ਲੋਕ ਇਨ੍ਹਾਂ ਫੋਕੇ ਵਹਿਮਾਂ ਭਰਮਾਂ ਤੋਂ ਆਜ਼ਾਦ ਹਨ ,ਅੰਧਵਿਸ਼ਵਾਸੀ ਲੋਕ ਤਾਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਵੀ ਧਾਗੇ ਤਵੀਤਾਂ ਦਾ ਆਸਰਾ ਲੈਂਦੇ ਹਨ ,ਜਦ ਕਿ ਮੈਡੀਕਲ ਸਾਇੰਸ ਨੇ ਹਰ ਬੀਮਾਰੀ ਦੇ ਕਾਰਨ ਜਾਣ ਲਏ ਹਨ ।ਬਹੁਤ ਸਾਰੀਆਂ ਬਿਮਾਰੀਆਂ ਪਾਣੀ ਤੇ ਹਵਾ ਰਾਹੀਂ ਆਏ ਵਿਸ਼ਾਣੂਆਂ ਜਾਂ ਜੀਵਾਣੂਆਂ ਰਾਹੀਂ ਲੱਗਦੀਆਂ ਹਨ । ਇਸ ਲਈ ਸ਼ੁੱਧ ਵਾਤਾਵਰਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਉਸ ਸਮੇਂ ਮਨ ਬੜਾ ਦੁਖੀ ਹੁੰਦਾ ਹੈ ਜਦੋਂ ਜਦ ਇਹ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਕੁੱਝ ਲੋਕ ਪਸ਼ੂ ,ਪੰਛੀਆਂ ਜਾਂ ਬੱਚਿਆਂ ਦੀਆਂ ਬਲੀਆਂ ਦੇ ਕੇ ਗੰਭੀਰ ਸਰੀਰਕ ਮਾਨਸਿਕ ਬਿਮਾਰੀਆਂ ਅਤੇ ਘਰੇਲੂ ਦੁੱਖਾਂ ਤਕਲੀਫ਼ਾਂ ਤੋਂ ਨਿਜਾਤ ਮਿਲਣ ਵਿੱਚ ਵਿਸਵਾਸ਼ ਕਰਦੇ ਹਨ।ਨੌਕਰੀ, ਧਨ ਆਦਿ ਦੀ ਪਰਾਪਤੀ ਲਈ ਜਦੋਂ ਆਪਣੇ ਆਪਣਿਆਂ ਦੀ ਬਲੀ ਦੇਣ ਤੋਂ ਨਹੀਂ ਝਿਜਕਦੇ ਤਾਂ ਉਸ ਸਮੇਂ ਮਨੁੱਖਤਾ ਸ਼ਰਮਸਾਰ ਹੋ ਰਹੀ ਹੁੰਦੀ ਹੈ। ਇਹ ਲੋਕ ਮਨ ਦੀ ਖ਼ੁਸ਼ੀ ਅਤੇ ਘਰੇਲੂ ਖ਼ੁਸ਼ਹਾਲੀ ਦੀ ਪ੍ਰਾਪਤੀ ਲਈ ਜਾਗਰੂਕ ਹੋਣ ਤੇ ਦ੍ਰਿੜ ਇਰਾਦਾ ਰੱਖਣ ਦੀ ਥਾਂ ਅਖੌਤੀ ਕਰਮਕਾਂਡ ਰਾਹੀਂ ਝੂਠੇ ਚਮਤਕਾਰ ਦੀ ਆਸ ਵਿੱਚ ਰਹਿੰਦੇ ਹਨ ।
ਸਾਡੇ ਭਾਰਤ ਵਿੱਚ ਪੜ੍ਹੇ ਲਿਖੇ ਵੀ ਓਨੇ ਹੀ ਅੰਧਵਿਸ਼ਵਾਸੀ ਹਨ ਜਿਨ੍ਹਾਂ ਅਨਪੜ੍ਹ । ਕਈ ਵਾਰ ਤਾਂ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਇਕ ਸਾਇੰਸ ਅਧਿਆਪਕ ਬੱਚਿਆਂ ਨੂੰ ਸੂਰਜ ਅਤੇ ਚੰਦ ਗ੍ਰਹਿਣ ਲੱਗਣ ਦੇ ਵਿਗਿਆਨਕ ਕਾਰਨਾਂ ਨੂੰ ਵਿਸਥਾਰ ਸਹਿਤ ਸਮਝਾਉਂਦਾਹੈ ਪਰ ਉਸ ਦੀ ਕਰੋਪੀ ਦੇ ਅਸਰ ਤੋਂ ਬਚਣ ਲਈ ਧਾਰਮਿਕ ਦਰਿਆ ਵਿਚ ਇਸ਼ਨਾਨ ਵੀ ਕਰਦਾ ਹੈ। ਇਸ ਤਰ੍ਹਾਂ ਅਨਪੜ੍ਹ ਤੇ ਗ਼ਰੀਬ ਲੋਕ ਪੜ੍ਹੇ ਲਿਖੇ ਅਮੀਰ ਲੋਕਾਂ ਦੀ ਰੀਸੋ ਰੀਸ ਅੰਧ ਵਿਸ਼ਵਾਸ਼ਾਂ ਦੀ ਡੂੰਘੀ ਖਾਈ ਵਿੱਚ ਗਿਰਦੇ ਜਾ ਰਹੇ ਹਨ।
ਟੀਵੀ ਤੇ ਹੋਰ ਇਲੈਕਟ੍ਰਾਨਿਕ ਮੀਡੀਆ ਲੋਕਾਂ ਨੂੰ ਗਿਆਨਵਾਨ ਬਣਾਉਣ ਜਾਗਰੂਕ ਕਰਨ, ਅੰਧਵਿਸ਼ਵਾਸ ਦੀ ਦਲਦਲ ਚੋਂ ਕੱਢਣ ਦੀ ਥਾਂ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਕੇ ਲੋਕਾਂ ਦੀ ਸੋਚ ਨੂੰ ਖੁੰਢੀ ਕਰਨ ਚ ਲੱਗੇ ਹੋਏ ਹਨ। ਬਹੁਤ ਸਾਰੇ ਅੰਧ ਵਿਸਵਾਸ਼ੀ ,ਗੈਰ ਵਿਗਿਆਨਕ ਤੇ ਕਾਮ ਉਕਸਾਊ ਸੀਰੀਅਲ ਦਿਖਾ ਕੇ ਬੱਚਿਆਂ ਦੀ ਮਨੋਦਸ਼ਾ ਵਿਗਾੜੀ ਜਾ ਰਹੀ।
ਜਿੰਨ, ਚੁੜੇਲਾਂ ਭੂਤ ਪ੍ਰੇਤਾਂ ਦੀ ਹੋਂਦ ਨੂੰ ਸੱਚਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਅੱਜ ਦਾ ਯੁੱਗ ਕੰਪਿਊਟਰ ਯੁੱਗ ਹੈ ,ਵਿਗਿਆਨੀਆਂ ਨੇ ਕੁਦਰਤ ਦੇ ਬਹੁਤ ਸਾਰੇ ਰਹੱਸ ਜਾਣ ਲਏ ਹਨ, ਰਹਿੰਦਿਆਂ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਹੈ। ਸੋ ਸਾਨੂੰ ਪੁਰਾਣੀਆਂ ਅਰਥਹੀਣ ਮਾਨਤਾਵਾਂ, ਤਰਕਹੀਣ ਵਿਚਾਰਾਂ ਨੂੰ ਤਿਆਗ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣਾ ਚਾਹੀਦਾ ਹੈ ਅਤੇ ਇਸ ਦੇਸ਼ ਦੇ ਭਵਿੱਖ ਬੱਚਿਆਂ ਨੂੰ ਵਿਗਿਆਨਕ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦ ਧਾਰਨੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ ।
ਵਿਗਿਆਨ ਦੀ ਮਹੱਤਵਪੂਰਨ ਖੋਜ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਇਸ ਵਿੱਚ ਵਡਮੁੱਲਾ ਯੋਗਦਾਨ ਪਾ ਸਕਦਾ ਹੈ ।ਸੋ ਇਨ੍ਹਾਂ ਨੂੰ ਆਪਣੇ ਫ਼ਰਜ਼ ਪਛਾਣਨੇ ਚਾਹੀਦੇ ਹਨ ।ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਹਰ ਬੁੱਧੀਜੀਵੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਇਹੀ ਸਮੇਂ ਦੀ ਮੰਗ।
ਮਾਸਟਰ ਪਰਮ ਵੇਦ
ਅਫਸਰ ਕਲੋਨੀ ਸੰਗਰੂਰ
9417422349
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly