ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਆਸਟ੍ਰੇਲੀਆ — ਭਾਈਚਾਰੇ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿ ਰਹੀ ਸੰਸਥਾ ਐਡੀਲੇਡ ਸੰਗਤ ਵੱਲੋਂ ਸਥਾਨਕ ਓਮਨੀ ਹਾਲ ਵਿਚ ‘ਫੰਡਰੇਜ਼ਿੰਗ ਡਿਨਰ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਭਾਈਚਾਰੇ ਵਿਚ ਚੱਲ ਰਹੀਆਂ ਸੇਵਾਵਾਂ ਲਈ ਅਰਥਕ ਮਦਦ ਇਕੱਠੀ ਕਰਨੀ ਸੀ। ਇਸ ਸਮਾਗਮ ਵਿਚ ਚਾਈਲਡ ਪ੍ਰੋਟੈਕਸ਼ਨ ਵਿਭਾਗ ਤੋਂ ਨਾਗੀਤਾ ਕਾਗਵਾ, ਪੀਟਰ ਐਲਬਰਗ਼ ਫ਼ਿਊਨਰਲਜ਼ ਤੋਂ ਡੋਨਾਟਾ ਕਲੀਮੇਟੀਅਨੋਜ਼, ਮਲਟੀਕਮਿਸ਼ਨ ਚੇਅਰਪਰਸਨ ਲੁਈਸਾ ਗ੍ਰੀਕੋ, ਸੂਬੇ ਦੇ ਸੰਸਦ ਮੈਂਬਰ ਮਾਈਕਲ ਬਰਾਊਨ, ਡਾ. ਤੇਜਿੰਦਰ ਸਿੰਘ, ਰਿਵਰਲੈਂਡ ਤੋਂ ਰਵਿੰਦਰ ਸਿੰਘ ਅਤੇ ਮਿੰਟੂ ਬਰਾੜ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਇਸ ਦੌਰਾਨ ਮੰਚ ਸਚਾਲਨ ਸੋਫ਼ੀਆ ਅਨੇਜਾ ਅਤੇ ਸਤਵੰਤ ਸਿੰਘ ਵੱਲੋਂ ਦੋ ਭਾਸ਼ਾਵਾਂ—ਅੰਗਰੇਜ਼ੀ ਅਤੇ ਪੰਜਾਬੀ ਵਿੱਚ—ਕੀਤਾ ਗਿਆ। ਸੰਸਥਾ ਦੇ ਨੁਮਾਇੰਦੇ ਸੁਚੇਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਆਉਣ ਲਈ ਧੰਨਵਾਦ ਪ੍ਰਗਟਾਇਆ।ਰਿਸ਼ੀ ਗੁਲਾਟੀ ਨੇ ਐਡੀਲੇਡ ਸੰਗਤ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਨੇ 32 ਤੋਂ ਵੱਧ ਅੰਤਿਮ ਸੰਸਕਾਰਾਂ ਦੀ ਸੇਵਾ ਨਿਭਾਈ ਹੈ, ਜਿਸ ਵਿੱਚ ਇਕ ਵਿਅਕਤੀ ਦੀ ਦੇਹ ਵੀ ਪੰਜਾਬ ਭੇਜੀ ਗਈ। ਇਨ੍ਹਾਂ ਸੇਵਾਵਾਂ ਵਿੱਚ ਕਾਗ਼ਜ਼ੀ ਕਾਰਵਾਈ ਤੋਂ ਲੈ ਕੇ ਭਾਵਨਾਤਮਕ ਅਤੇ ਆਰਥਿਕ ਮਦਦ ਵੀ ਸ਼ਾਮਲ ਹੈ।ਇਸ ਤੋਂ ਇਲਾਵਾ, ਸੰਸਥਾ ਵੱਲੋਂ ਕੈਂਸਰ ਪੀੜਤਾਂ ਲਈ ਰਾਸ਼ਨ ਅਤੇ ਦਵਾਈਆਂ, ਘਰੇਲੂ ਹਿੰਸਾ ਦੇ ਸ਼ਿਕਾਰ ਪਰਿਵਾਰਾਂ ਲਈ ਕੌਂਸਲਿੰਗ, ਅਤੇ ਜਾਗਰੂਕਤਾ ਪ੍ਰੋਗਰਾਮ ਜਿਵੇਂ “ਖੁਸ਼ੀਆਂ ਦਾ ਕੋਰਸ” ਤੇ “ਜ਼ਿੰਦਗੀ ਅਜੇ ਬਾਕੀ ਹੈ” ਆਯੋਜਿਤ ਕੀਤੇ ਗਏ।ਸਾਊਥ ਆਸਟ੍ਰੇਲੀਆ ਦੇ ਮਲਟੀਕਲਚਰਲ ਵਿਭਾਗ ਵੱਲੋਂ ਵੀ ਦੋ ਰਫ਼ਿਊਜੀ ਪਰਿਵਾਰਾਂ ਦੀ ਮੱਦਦ ਲਈ ਐਡੀਲੇਡ ਸੰਗਤ ਨਾਲ ਸੰਪਰਕ ਕੀਤਾ ਗਿਆ। ਇਸਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਪ੍ਰਚਾਰ-ਪਸਾਰ ਲਈ ਪੰਜਾਬੀ ਸਕੂਲਾਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਯੋਗ ਸਰੂਪਾਂ ਦੇ ਲਿਜਾਣ ਲਈ ਪਾਲਕੀ ਸਾਹਿਬ ਵੈਨ ਮੁਹੱਈਆ ਕਰਵਾਈ ਗਈ।ਪੱਛਮੀ ਆਸਟ੍ਰੇਲੀਆ ਦੀ ਪਹਿਲੀ ਪੰਜਾਬਣ ਵਿਧਾਇਕ ਡਾ. ਪਰਵਿੰਦਰ ਕੌਰ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਆਪਣਾ ਤਜਰਬਾ ਸਾਂਝਾ ਕੀਤਾ। ਰਾਜਵੀਰ ਕੌਰ ਨੂੰ “ਵਾਲੰਟੀਅਰ ਆਫ਼ ਦ ਯੀਅਰ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਮਿੰਟੂ ਬਰਾੜ ਵੱਲੋਂ ਸੰਸਥਾ ਨਾਲ ਜੁੜਨ ਅਤੇ ਅਰਥਿਕ ਸਹਿਯੋਗ ਦੀ ਅਪੀਲ ਕੀਤੀ ਗਈ, ਜਦਕਿ ਜਸਕੀਰਤ ਸਿੰਘ ਨੇ ਆਪਣੀ ਸੇਵਾ ਦੇ ਤਜਰਬੇ ਸਾਂਝੇ ਕੀਤੇ। ਆਖ਼ਰ ਵਿੱਚ ਸੰਸਥਾ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਵੱਲੋਂ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।ਇਸ ਸਮਾਗਮ ਦੀ ਸਫਲਤਾ ਵਿੱਚ ਅਜਿੰਦਰ ਸਿੰਘ, ਭੁਪਿੰਦਰਦੀਪ ਸਿੰਘ, ਹਰਿੰਦਰ ਸਿੰਘ, ਅਮਨਦੀਪ ਕੌਰ ਜੱਸੜ, ਇੰਦਰਬੀਰ ਸਿੰਘ, ਨਵਪ੍ਰੀਤ ਸਿੰਘ, ਰੁਪਿੰਦਰ ਸਿੰਘ, ਰਿਤੂ ਕੌਰ, ਸੰਜਨਾ ਅਨੇਜਾ, ਪੂਜਾ ਗੁਲਾਟੀ, ਰੀਆ ਅਨੇਜਾ ਅਤੇ ਕਰਮਜੀਤ ਸਿੰਘ ਵੱਲੋਂ ਮਹੱਤਵਪੂਰਨ ਯੋਗਦਾਨ ਪਾਉਂਦੇ ਹੋਏ ਵਡਮੁੱਲੀਆਂ ਸੇਵਾਵਾਂ ਨਿਭਾਈਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



