ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਸੈਮੀਨਾਰ ਦੌਰਾਨ ਡਿਪਟੀ ਸਮੂਹ ਸਿਖਿਆ ਅਤੇ ਸੂਚਨਾ ਅਫਸਰ ਤਰਸੇਮ ਲਾਲ ਵੱਲੋਂ ਰਾਸ਼ਟਰੀ ਸਿਹਤ ਪ੍ਰੋਗਰਾਮ ਅਧੀਨ ਰੇਬੀਜ , ਮਲੇਰੀਆ ਅਤੇ ਨਸ਼ੇ ਦੇ ਵਿਰੁੱਧ ਕੇਂਦਰ ਵਿਖੇ ਦਾਖ਼ਲ ਮਰੀਜਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ। ਇਸ ਮੌਕੇ ਤਰਸੇਮ ਲਾਲ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਉਨ੍ਹਾਂ ਤੋਂ ਬਚਾਅ ਲਈ ,ਕੁੱਤੇ ਦੇ ਕੱਟਣ, ਸੱਪ ਦੇ ਕੱਟਣ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਵਿਸਥਾਰ ਪੂਰਵਕ ਦੱਸਿਆ ਕਿ ਕੁੱਤੇ ਦੇ ਕੱਟਣ ਨਾਲ ਵਿਅਕਤੀ ਨੂੰ ਰੇਬੀਜ ਨਾਮ ਦੀ ਬਿਮਾਰੀ ਹੋ ਸਕਦੀ ਹੈ। ਇਸ ਤੋਂ ਬਚਾਅ ਲਈ ਵਿਅਕਤੀ ਸਰਕਾਰੀ ਹਸਪਤਾਲ ਵਿਖੇ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ, ਜਿਸ ਨਾਲ ਰੇਬੀਜ ਦੀ ਬਿਮਾਰੀ ਤੋਂ ਬੱਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਆ, ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਕਿ ਪ੍ਰੋਟੋਜੋਆਨ ਪਰਜੀਵੀਆਂ ਦੁਆਰਾ ਫੈਲਦਾ ਹੈ। ਮਲੇਰੀਆ ਪਰਜੀਵੀ ਦਾ ਵਾਹਕ ਮਾਦਾ ਐਨੋਫਿਲੀਜ਼ ਮੱਛਰ ਹੈ। ਉਨ੍ਹਾਂ ਕਿਹਾ ਕਿ “ਪਾਣੀ ਖੜੇਗਾ ਜਿੱਥੇ, ਮਲੇਰੀਆ ਅਤੇ ਡੇਗੂ ਫੈਲਾਉਣ ਵਾਲਾ ਮੱਛਰ ਪਲੇਗਾ ਉੱਥੇ” ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ‘ਤੇ ਮਲੇਰੀਆ ਦੇ ਪਰਜੀਵੀ ਲਾਲ ਖੂਨ ਦੇ ਸੈੱਲਾਂ ਵਿਚ ਦਾਖ਼ਲ ਹੋ ਜਾਂਦੇ ਹਨ, ਜਿਸ ਨਾਲ ਅਨੀਮੀਆ (ਚੱਕਰ ਆਉਣਾ, ਸਾਹ ਚੜ੍ਹਨਾ, ਧੜਕਣ, ਆਦਿ) ਦੇ ਲੱਛਣ ਹੁੰਦੇ ਹਨ। ਇਸ ਤੋਂ ਇਲਾਵਾ ਕਾਂਬੇ ਨਾਲ਼ ਬੁਖ਼ਾਰ, ਜ਼ੁਕਾਮ ਵਰਗੇ ਲੱਛਣ ਵੀ ਦੇਖੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਲੇਰੀਆ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਸਾਰੇ ਉਪਾਅ ਕੀਤੇ ਜਾ ਸਕਦੇ ਹਨ। ਮੱਛਰਦਾਨੀ ਅਤੇ ਕੀਟ ਭਜਾਉਣ ਵਾਲੀਆਂ ਦਵਾਈਆਂ ਆਦਿ ਮੱਛਰ ਦੇ ਕੱਟਣ ਨੂੰ ਰੋਕਦੇ ਹਨ, ਇਸ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਅਤੇ ਖੜ੍ਹੇ ਪਾਣੀ (ਜਿਸ ਉੱਤੇ ਮੱਛਰ ਆਪਣੇ ਅੰਡੇ ਦਿੰਦੇ ਹਨ) ਦਾ ਨਿਕਾਸ ਕਰਨ ਨਾਲ ਮੱਛਰਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਤੋਂ ਬਚਾਅ ਲਈ ਨੇੜੇ ਦੇ ਸਿਹਤ ਕੇਂਦਰ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਦੀ ਵੀ ਜਾਣਕਾਰੀ ਦਿੱਤੀ ਅਤੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਤੇ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਵੀ ਮਰੀਜਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਕੁੱਤੇ, ਸੱਪ ਦੇ ਕੱਟਣ ਤੇ ਸਭ ਤੋਂ ਪਹਿਲਾ ਸਰਕਾਰੀ ਹਸਪਤਾਲ ਵਿਚ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਸਰਕਾਰ ਵੱਲੋਂ ਪੂਰਾ ਇਲਾਜ ਮੁਫ਼ਤ ਵਿਚ ਮਹੁੱਈਆ ਕਰਵਾਇਆ ਜਾਦਾ ਹੈ। ਉਨ੍ਹਾਂ ਕਿਹਾ ਕਿ ਨਸੇ਼ ਦੇ ਆਦੀ ਵਿਅਕਤੀ ਮਾਨਸਿਕ ਅਤੇ ਸਰੀਰਕ ਰੋਗੀ ਹੋ ਜਾਦੇ ਹਨ। ਇਸ ਕਰਕੇ ਸਾਨੂੰ ਨਸ਼ੇ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਜਸਵਿੰਦਰ ਕੌਰ, ਕਮਲਜੀਤ ਕੌਰ, ਦਿਨੇਸ਼ ਕੁਮਾਰ, ਮਨਜੀਤ ਸਿੰਘ, ਪਰਵੀਨ ਕੁਮਾਰੀ, ਕਮਲਾ ਰਾਣੀ, ਮਨਜੋਤ, ਪਰਵੇਸ਼ ਕੁਮਾਰ , ਕਮਲਾ ਰਾਣੀ, ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj