ਨਵੀਂ ਦਿੱਲੀ (ਸਮਾਜ ਵੀਕਲੀ) : ਅਮਰੀਕਾ ਅਧਾਰਿਤ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਮਗਰੋਂ ਪਿਛਲੇ ਕੁਝ ਦਿਨਾਂ ਵਿੱਚ ਅਡਾਨੀ ਗਰੁੱਪ ਦੀ ਕੀਮਤ ਲਗਪਗ ਅੱੱਧੀ ਰਹਿ ਗਈ, ਪਰ ਦੋ ਆਲਮੀ ਰੇਟਿੰਗ ਏਜੰਸੀਆਂ (ਫਿਚ ਰੇਟਿੰਗਜ਼ ਤੇ ਐੱਸ ਐਂਡ ਪੀ ਰੇਟਿੰਗਜ਼) ਵੱਲੋਂ ਅਡਾਨੀ ਸਮੂਹ ਦੇ ਕਰੈਡਿਟ ਪ੍ਰੋਫਾਈਲ ਨੂੰ ਲੈ ਕੇ ਕੀਤੀ ਪੇਸ਼ੀਨਗੋਈ ਅਤੇ ਸਮੂਹ ਦੇ ਫਰੈਂਚ ਭਾਈਵਾਲ ਵੱਲੋਂ ਅਡਾਨੀ ਦੀਆਂ ਫਰਮਾਂ ਵਿੱਚ ਕੀਤੇ ਨਿਵੇਸ਼ ਦੀ ਹਮਾਇਤ ਨਾਲ ਗੌਤਮ ਅਡਾਨੀ ’ਤੇ ਬਣਿਆ ਦਬਾਅ ਕੁਝ ਹੱਦ ਤੱਕ ਘਟਿਆ ਹੈ। 24 ਜਨਵਰੀ ਮਗਰੋਂ ਪਹਿਲੀ ਵਾਰ ਹੈ ਜਦੋਂ ਗਰੁੱਪ ਦੀ ਫਲੈਗਸ਼ਿਪ ਫਰਮ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਡਿੱਗਣ ਦੇ ਰੁਝਾਨ ਨੂੰ ਠੱਲ ਪਈ ਹੈ। ਲੰਘੇ ਦਿਨੀਂ ਫਰਮ ਦੇ ਸ਼ੇਅਰਾਂ ਨੂੰ 35 ਫੀਸਦ ਦਾ ਖੋਰਾ ਲੱਗਾ ਸੀ। ਅਡਾਨੀ ਪੋਰਟਸ ਤੇ ਵਿਸ਼ੇਸ਼ ਆਰਥਿਕ ਜ਼ੋਨ ਦੇੇ ਸ਼ੇਅਰਾਂ ਵਿੱਚ 8 ਫੀਸਦ ਦਾ ਉਛਾਲ ਵੇਖਣ ਨੂੰ ਮਿਲਿਆ। ਹਾਲਾਂਕਿ ਅਡਾਨੀ ਗਰੁੱਪ ਦੀਆਂ ਛੋ ਹੋਰਨਾਂ ਫਰਮਾਂ ਦੇ ਸ਼ੇਅਰ ਹੇਠਲੇ ਪੱਧਰ ’ਤੇ ਬੰਦ ਹੋਏ।
ਉਧਰ ਸਰਕਾਰ ਨੇ ਵਿਵਸਥਿਤ ਨਕਾਮੀ ਨਾਲ ਜੁੜੇ ਫਿਕਰਾਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਉਸ ਦੀ ਤਰਫ਼ੋਂ ਅਜਿਹਾ ਕੁਝ ਨਹੀਂ ਹੋਇਆ। ਇਸ ਦੌਰਾਨ ਆਰਬੀਆਈ ਨੇ ਦਾਅਵਾ ਕੀਤਾ ਕਿ ਦੇਸ਼ ਦਾ ਬੈਂਕਿੰਗ ਸੈਕਟਰ ਲਚਕਦਾਰ ਤੇ ਸਥਿਰ ਹੈ ਤੇ ਉਸ ਵੱਲੋਂ ਕਰਜ਼ ਦੇਣ ਵਾਲੇ ਬੈਂਕਾਂ ’ਤੇ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਅਡਾਨੀ ਸਮੂਹ ਦੀਆਂ ਕੰਪਨੀਆਂ ’ਚ ਨਿਵੇਸ਼ ਕਰਨ ਵਾਲੇ ਬੈਂਕਾਂ ਤੇ ਆਮ ਲੋਕਾਂ ਦੇ ਫ਼ਿਕਰਾਂ ਦਰਮਿਆਨ ਆਰਬੀਆਈ ਵੱਲੋਂ ਜਾਰੀ ਬਿਆਨ ਵਿੱਚ ਹਾਲਾਂਕਿ ਅਡਾਨੀ ਗਰੁੱਪ ਦਾ ਸਿੱਧੇ ਤੌਰ ’ਤੇ ਨਾਂ ਨਹੀਂ ਲਿਆ ਗਿਆ। ਆਰਬੀਆਈ ਨੇ ਕਿਹਾ ਕਿ ਮੌਜੂਦਾ ਸਮੀਖਿਆ ਮੁਤਾਬਕ, ‘‘ਬੈਂਕਿੰਗ ਸੈਕਟਰ ਲਚਕਦਾਰ ਤੇ ਸਥਿਰ ਹੈ। ਅਸਾਸਿਆਂ ਦੇ ਮਿਆਰ, ਤਰਲਤਾ, ਵਿਵਸਥਾ ਕਵਰੇਜ, ਮੁਨਾਫ਼ਾ ਤੇ ਪੂੰਜੀ ਸਮਰੱਥਾ ਨਾਲ ਜੁੜੇ ਵੱਖ ਵੱਖ ਮਾਪਦੰਡ ਸਹੀ ਹਨ।’’ ਉਧਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ਅਡਾਨੀ ਸਮੂਹ ਨੂੰ ਦਰਪੇਸ਼ ਸੰਕਟ ਭਾਰਤੀ ਰੈਗੂਲੇਟਰੀ ਪ੍ਰਬੰਧ ਦਾ ਸੂਚਕ ਨਹੀਂ ਹੈ ਤੇ ਵਿੱਤੀ ਬਾਜ਼ਾਰਾਂ ’ਤੇ ਸਰਕਾਰ ਦਾ ਪੂਰਾ ਕੰਟਰੋਲ ਹੈ ਤੇ ਉਹ ਚੰਗੀ ਹਾਲਤ ਵਿੱਚ ਹਨ।
ਉਨ੍ਹਾਂ ਕਿਹਾ ਕਿ ਭਾਰਤ ਦਾ ਸਰਕਾਰੀ ਵਿੱਤੀ ਪ੍ਰਬੰਧ ਬਹੁਤ ਮਜ਼ਬੂਤ ਹੈ। ਕਾਬਿਲੇਗੌਰ ਹੈ ਕਿ ਫਿਚ ਰੇਟਿੰਗਜ਼ ਨੇ ਦਾਅਵਾ ਕੀਤਾ ਸੀ ਕਿ ਹਿੰਡਨਬਰਗ ਦੀ ਰਿਪੋਰਟ ਦਾ ਅਡਾਨੀ ਦੀਆਂ ਕੰਪਨੀਆਂ ਦੇ ਕਰੈਡਿਟ ਪ੍ਰੋਫਾਈਲ ’ਤੇ ਫੌਰੀ ਕੋਈ ਅਸਰ ਨਹੀਂ ਪਏਗਾ ਤੇ ਉਸ ਨੂੰ ਨਗ਼ਦੀ ਦੇ ਵਹਾਅ ਨਾਲ ਜੁੜੀ ਭਵਿੱਖਬਾਣੀ ’ਚ ਫੇਰਬਦਲ ਹੋਣ ਦੀ ਕੋਈ ਆਸ ਨਹੀਂ ਹੈ। ਉਧਰ ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਆਪਣੀ ਸੱਜਰੀ ਪੇਸ਼ੀਨਗੋਈ ਵਿੱਚ ਅਡਾਨੀ ਪੋਰਟਸ ਤੇ ਅਡਾਨੀ ਇਲੈਕਟ੍ਰੀਸਿਟੀ ਨੂੰ ਨਕਾਰਾਤਮਕ ਤੋਂ ਕੱਢ ਕੇ ਸਥਿਰ ਵਾਲੇ ਵਰਗ ਵਿੱਚ ਰੱਖਿਆ ਹੈ। ਅਡਾਨੀ ਗਰੁੱਪ ਦੇ ਫਰੈਂਚ ਭਾਈਵਾਲ ਟੋਟਲਐਨਰਜੀਜ਼ ਐੱਸਈ ਨੇ ਵੀ ਸਮੂਹ ’ਤੇ ਭਰੋਸਾ ਜ਼ਾਹਿਰ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਦਸੰਬਰ ਦੇ ਅਖੀਰ ਵਿੱਚ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ 3.1 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ।