ਗਿਰਵੀ ਸ਼ੇਅਰ ਛੁਡਾਉਣ ਲਈ ਅਗਾਊਂ ਭੁਗਤਾਨ ਕਰੇਗਾ ਅਡਾਨੀ ਗਰੁੱਪ

ਨਵੀਂ ਦਿੱਲੀ (ਸਮਾਜ ਵੀਕਲੀ):ਅਡਾਨੀ ਗਰੁੱਪ ਨੇ ਅੱਜ ਕਿਹਾ ਕਿ ਉਹ ਕਰਜ਼ਦਾਤਾਵਾਂ ਕੋਲ ਗਿਰਵੀ ਰੱਖੇ ਸ਼ੇਅਰਾਂ ਦੀ ਮੈਚੁਅਰਿਟੀ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਛੁਡਾਉਣ ਲਈ 111.4 ਕਰੋੜ ਡਾਲਰ ਦਾ ਭੁਗਤਾਨ ਕਰੇਗਾ। ਹਾਲਾਂਕਿ ਇਨ੍ਹਾਂ ਦੀ ਮਿਆਦ ਅਗਲੇ ਸਾਲ ਸਤੰਬਰ ਵਿਚ ਪੂਰੀ ਹੋਣੀ ਹੈ। ਗਰੁੱਪ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਗਿਰਵੀ ਰੱਖੇ ਇਹ ਸ਼ੇਅਰ ਅਡਾਨੀ ਪੋਰਟਸ ਤੇ ਵਿਸ਼ੇਸ਼ ਆਰਥਿਕ ਜ਼ੋਨ, ਅਡਾਨੀ ਗਰੀਨ ਐਨਰਜੀ ਤੇ ਟਰਾਂਸਮਿਸ਼ਨ ਨਾਲ ਸਬੰਧਤ ਹਨ। ਬਿਆਨ ਮੁਤਾਬਕ, ‘ਇਹ ਕਦਮ ਸ਼ੇਅਰਾਂ ਨੂੰ ਗਿਰਵੀ ਰੱਖ ਕੇ ਫੰਡਿੰਗ ਦਾ ਪ੍ਰਬੰਧ ਕਰਨ ਵਾਲੇ ਸਾਰੇ ਮਾਮਲਿਆਂ ’ਚ ਸਮੇਂ ਤੋਂ ਪਹਿਲਾਂ ਭੁਗਤਾਨ ਦੇ ਪ੍ਰਮੋਟਰਾਂ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਕ ਚੁੱਕਿਆ ਜਾ ਰਿਹਾ ਹੈ।’ ਬਿਆਨ ਅਨੁਸਾਰ, ‘ਹਾਲ ਹੀ ਵਿਚ ਬਾਜ਼ਾਰ ਵਿਚ ਆਏ ਉਤਰਾਅ-ਚੜ੍ਹਾਅ ਤੇ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਬਦਲੇ ਲਏ ਗਏ ਕਰਜ਼ੇ ਨੂੰ ਘੱਟ ਕਰਨ ਦੀ ਪ੍ਰਮੋਟਰਾਂ ਦੀ ਵਚਨਬੱਧਤਾ ਦੇ ਸੰਦਰਭ ਵਿਚ ਇਹ ਸੂਚਨਾ ਜਾਰੀ ਕੀਤੀ ਗਈ ਹੈ।’ ਇਸ ਭੁਗਤਾਨ ਨਾਲ ਅਡਾਨੀ ਪੋਰਟਸ ਦੇ 16.827 ਕਰੋੜ ਸ਼ੇਅਰ ਵਾਪਸ ਆਉਣਗੇ ਜੋ ਪ੍ਰਮੋਟਰਾਂ ਦੀ 12 ਪ੍ਰਤੀਸ਼ਤ ਹਿੱਸੇਦਾਰੀ ਦੇ ਬਰਾਬਰ ਹੈ। ਅਡਾਨੀ ਗਰੀਨ ਮਾਮਲੇ ਵਿਚ 2.756 ਕਰੋੜ ਸ਼ੇਅਰ ਜਾਂ ਪ੍ਰਮੋਟਰਾਂ ਦੀ ਤਿੰਨ ਪ੍ਰਤੀਸ਼ਤ ਹਿੱਸੇਦਾਰੀ ਜਾਰੀ ਹੋਵੇਗੀ। ਅਡਾਨੀ ਟਰਾਂਸਮਿਸ਼ਨ ਦੇ 1.177 ਕਰੋੜ ਸ਼ੇਅਰ ਜਾਰੀ ਹੋਣਗੇ। ਇਹ 1.4 ਪ੍ਰਤੀਸ਼ਤ ਹਿੱਸੇਦਾਰੀ ਦੇ ਬਰਾਬਰ ਹੈ।

 

Previous articleਸਰਕਾਰ ਵੱਲੋਂ ਸੰਸਦ ਚਲਾਉਣ ਲਈ ਵਿਰੋਧੀ ਧਿਰ ਤੱਕ ਪਹੁੰਚ
Next articleਤੁਰਕੀ ਤੇ ਸੀਰੀਆ ਵਿੱਚ ਭੂਚਾਲ; 2600 ਤੋਂ ਵੱਧ ਮੌਤਾਂ