HOME ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਵੱਲੋਂ ਏਡਜ਼ ਅਤੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ...

ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਵੱਲੋਂ ਏਡਜ਼ ਅਤੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

1

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਖੰਨਾ ਵਿੱਚ ਚੱਲ ਰਹੇ ਟੀ ਪ੍ਰੋਜੈਕਟ ਫਾਰ ਕੰਪੋਜ਼ਿਟ ਤਹਿਤ ਡਾ: ਕੋਟਨਿਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਵੱਲੋਂ ਐਚ.ਆਈ.ਵੀ./ਏਡਜ਼ ਅਤੇ ਨਸ਼ਿਆਂ ਦੇ ਵਿਰੁੱਧ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਸਾਬਕਾ ਕੈਬਿਨੇਟ ਮੰਤਰੀ ਸ੍ਰ: ਗੁਰਕੀਰਤ ਸਿੰਘ ਕੋਟਲੀ, ਸ੍ਰ: ਜਸਵੰਤ ਸਿੰਘ ਛਾਪਾ (ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ, ਲੁਧਿਆਣਾ) ਅਤੇ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਢੀੰਗਰਾ ਨੇ ਕੀਤੀ। ਇਸ ਮੌਕੇ ਸ੍ਰ: ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਭਗਤ ਸਿੰਘ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਕਰਵਾਇਆ ਗਿਆ ਇਹ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਚੰਗਲ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਵੱਲ ਇੱਕ ਸਰਾਹਣਯੋਗ ਕਦਮ ਹੈ ਅਤੇ ਉਹ ਸੰਸਥਾ ਦੀ ਦਿਲੋਂ ਪ੍ਰਸੰਸਾ ਕਰਦੇ ਹਨ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਦੇ ਸਾਰੇ ਵਰਗ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰਨ ਤਾਂ ਨਸ਼ਾ ਮੁਕਤ ਸਮਾਜ ਦਾ ਲਕਸ਼ ਅਵੱਸ਼ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਨੂੰ ਇੱਕੋ ਸਿਰਿੰਜ ਦੇ ਇਸਤੇਮਾਲ ਨਾਲ ਫੈਲਣ ਵਾਲੀ ਏਡਜ਼ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਨਿਰਧਾਰਿਤ ਕੇਂਦਰਾਂ ’ਤੇ ਸਿਰਿੰਜ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸੰਕਰਮਣ ਦਾ ਖਤਰਾ ਘਟਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅਜੇਹੇ ਸਰਕਾਰੀ ਪ੍ਰੋਜੈਕਟ ਕਈ ਵਾਰ ਲੰਮੇ ਸਮੇਂ ਤੱਕ ਨਹੀਂ ਚੱਲਦੇ, ਇਸ ਲਈ ਪੀੜਤਾਂ ਨੂੰ ਖੁਦ ਹੌਲੀ-ਹੌਲੀ ਨਸ਼ਾ ਮੁਕਤੀ ਵੱਲ ਵਧਣਾ ਚਾਹੀਦਾ ਹੈ ਅਤੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਤੈਨਾਤ ਕਾਉਂਸਲਰਾਂ ਦੀ ਸਲਾਹ ਨੂੰ ਧਿਆਨ ਨਾਲ ਸੁਣ ਕੇ ਉਸ ’ਤੇ ਅਮਲ ਕਰਨਾ ਚਾਹੀਦਾ ਹੈ, ਜਿਸ ਨਾਲ ਵਿਅਕਤੀ ਨਸ਼ਿਆਂ ਦੀ ਦਲਦਲ ਤੋਂ ਬਾਹਰ ਨਿਕਲ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰ: ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਮਾਤਾ-ਪਿਤਾ, ਅਧਿਆਪਕਾਂ, ਪੁਲਿਸ ਪ੍ਰਸ਼ਾਸਨ, ਆਮ ਪ੍ਰਸ਼ਾਸਨ ਅਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਮਿਲ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਭਗਤ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਗਗਨ ਭਾਟੀਆ (ਸੀ.ਪੀ.ਐਲ.ਆਈ. ਕੋਆਰਡੀਨੇਟਰ) ਨੇ ਸਭ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਪਥ ਦਿਵਾਈ, ਜਿਸ ਵਿੱਚ ਇਹ ਸੰਕਲਪ ਲਿਆ ਗਿਆ ਕਿ ਉਹ ਖੁਦ ਵੀ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਕਿਸੇ ਨਵੇਂ ਵਿਅਕਤੀ ਨੂੰ ਨਸ਼ਿਆਂ ਵੱਲ ਨਹੀਂ ਲੈ ਜਾਣਗੇ। ਇਸ ਦੌਰਾਨ ਮੌਜੂਦ ਲੋਕਾਂ ਨੂੰ ਐਚ.ਆਈ.ਵੀ./ਏਡਜ਼ ਤੋਂ ਬਚਾਅ ਦੇ ਤਰੀਕਿਆਂ, ਸੁਰੱਖਿਅਤ ਜੀਵਨਸ਼ੈਲੀ, ਨਿਯਮਿਤ ਜਾਂਚ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜੇਹੇ ਜਨਹਿਤ ਕਾਰਜ ਕਰਦੇ ਰਹਿਣ ਦਾ ਸੰਕਲਪ ਲਿਆ ਗਿਆ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਬਣਾਇਆ ਜਾ ਸਕੇ। ਪ੍ਰੋਗਰਾਮ ਵਿੱਚ ਪ੍ਰੋਜੈਕਟ ਮੈਨੇਜਰ ਮਨਪ੍ਰੀਤ ਸਿੰਘ, ਮੈਡੀਕਲ ਅਫਸਰ ਡਾ: ਕੇ. ਐਲ. ਪ੍ਰਣਾਮੀ, ਮਨਪ੍ਰੀਤ ਕਪਿਲੇਸ਼, ਗਗਨਦੀਪ ਸ਼ਰਮਾ, ਰਵਦੀਪ ਕੌਰ, ਤਰਸੇਮ ਲਾਲ, ਇੰਦਰਜੀਤ ਕੌਰ, ਅਲੀਸ਼ਾ, ਦਲਜੀਤ ਸਿੰਘ, ਕਮਲਜੀਤ ਸਿੰਘ ਲੱਦਰ (ਪ੍ਰਧਾਨ ਖੰਨਾ ਨਿਗਮ), ਹਰਜਿੰਦਰ ਸਿੰਘ ਅਕਲਾਹਾ ਅਤੇ ਲਕਸ਼ਮਣ ਸਿੰਘ ਗਰੇਵਾਲ ਸਮੇਤ ਹੋਰ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੱਧ ਪੂਰਬ ਵਿੱਚ ਹਿੰਸਾ ਦੀ ਭਾਰੀ ਕੀਮਤ ਬੱਚੇ ਅਦਾ ਕਰ ਰਹੇ ਹਨ, ਇਸ ਸੰਘਰਸ਼ ਵਿੱਚ 2,100 ਤੋਂ ਵੱਧ ਮੌਤਾਂ ਹੋਈਆਂ ਹਨ; ਸੰਯੁਕਤ ਰਾਸ਼ਟਰ ਨੇ ਚਿੰਤਾ ਪ੍ਰਗਟ ਕੀਤੀ ਹੈ
Next articleਕਿਸਾਨ ਮੇਲੇ ਤੇ ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮਖੂ ਨੇ ਖੂਨਦਾਨ ਕਰਕੇ ਕੈਂਪ ਦੀ ਆਰੰਭਤਾ ਕੀਤੀ