ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਨੇਮਾ ਘਰਾਂ ‘ਚ ਦਸਤਕ ਦੇਣ ਜਾ ਰਹੀ ਬੇਹੱਦ ਸੰਜੀਦਾ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੀ ਟੀਮ ਫ਼ਿਲਮ ਦੇ ਮੁੱਖ ਅਦਾਕਾਰਾਂ ਸਮੇਤ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪਹੁੰਚੀ।ਇਸ ਟੀਮ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਅਦਾਕਾਰ ਮਲਕੀਤ ਸਿੰਘ ਰੌਣੀ,ਮੈਡਮ ਸੀਮਾ ਕੌਸ਼ਲ ਤੇ ਰਵਨੀਤ ਨੂੰ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨਾਲ ਅਦਾਕਾਰਾਂ ਨੂੰ ਰੂ-ਬ-ਰੂ ਕਰਵਾਉਂਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਬਹੁਤ ਮਾਣ ਦੀ ਗੱਲ ਹੈ ਕਿ ਇਨ੍ਹਾਂ ਕਲਾਕਾਰਾਂ ਵੱਲੋਂ ਇੱਕੋ ਲੜੀ ਵਿੱਚ ਅਰਦਾਸ ਵਰਗੀਆਂ ਤਿੰਨ ਫ਼ਿਲਮਾਂ ਬਣਾ ਕੇ ਪੰਜਾਬ ਦੀ ਜਵਾਨੀ ਦੀ ਸੋਚ ਨੂੰ ਹਲੂਣਾ ਦਿੱਤਾ ਹੈ।ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮਲਕੀਤ ਰੌਣੀ ਨੇ ਜਿੱਥੇ ਫ਼ਿਲਮ ਦੇ ਵਿੱਚ ਛੋਹੇ ਵੱਖ-ਵੱਖ ਵਿਸ਼ਿਆਂ ਤੇ ਪੰਛੀ ਝਾਤ ਪਾਈ ਉੱਥੇ ਸਿੱਖ ਨੈਸ਼ਨਲ ਕਾਲਜ ਨੇ ਸਿੱਖਿਆ ਜਗਤ ਵਿੱਚ ਸਥਾਪਿਤ ਕੀਤੀ ਨਿਵੇਕਲੀ ਪਛਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਬਹੁਤ ਵਾਰ ਇਸ ਕਾਲਜ ਅੱਗੋਂ ਲੰਘਿਆ ਪਰ ਅੱਜ ਅਰਦਾਸ ਫ਼ਿਲਮ ਨੇ ਹੀ ਮੇਰੇ ਇਸ ਕਾਲਜ ਆਉਣ ਦੇ ਭਾਗ ਜਗਾਏ ਹਨ। ਮੈਡਮ ਸੀਮਾ ਕੌਸ਼ਲ ਨੇ ਕਿਹਾ ਕਿ ਅੱਜ ਦੇ ਦੌਰ ‘ਚ ਆਮ ਇਨਸਾਨਾਂ ਦੀ ਜ਼ਿੰਦਗੀ ‘ਚੋਂ ਮਨਫ਼ੀ ਹੋ ਰਹੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਇਹ ਫ਼ਿਲਮ ਉਤਸ਼ਾਹਿਤ ਕਰੇਗੀ।ਇਸ ਮੌਕੇ ਪ੍ਰੋ. ਗੁਰਪ੍ਰੀਤ ਸਿੰਘ ਨੇ ਅਦਾਕਾਰਾਂ ਨੂੰ ਫ਼ਿਲਮ ਲਈ ਸ਼ੁੱਭ-ਇਛਾਵਾਂ ਭੇਟ ਕਰਦਿਆਂ ਕਿਹਾ ਕਿ ਅਰਦਾਸ ਫ਼ਿਲਮ ਦਰਸ਼ਕਾਂ ਨੂੰ ਜ਼ਿੰਦਗੀ ਦਾ ਇੱਕ ਨਵਾਂ ਸਬਕ ਸਿਖਾਉਂਦਿਆਂ ਇੱਕ ਵੱਖਰੇ ਦਿਸਹੱਦੇ ਕਾਇਮ ਕਰੇਗੀ। ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਸਮੁੱਚੀ ਟੀਮ ਨੂੰ ਇਸ ਫ਼ਿਲਮ ਲਈ ਭਰਵਾਂ ਹੁੰਗਾਰਾ ਦੇਣ ਦਾ ਵਾਅਦਾ ਕੀਤਾ ਤੇ ਬੇਹੱਦ ਸ਼ੌਕ ਨਾਲ ਫ਼ੋਟੋਆਂ ਖਿਚਵਾਈਆਂ।ਇਸ ਮੌਕੇ ਡਾ. ਇੰਦੂ ਰੱਤੀ, ਡਾ. ਕਮਲਦੀਪ ਕੌਰ, ਪਰਮਜੀਤ ਸਿੰਘ ਸਮੇਤ ਕਾਲਜ ਦਾ ਸਮੁੱਚਾ ਸਟਾਫ਼ ਤੇ ਭਰਵੀਂ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly