ਕਰਮ (ਮਿੰਨੀ ਕਹਾਣੀ)

ਮਨਪ੍ਰੀਤ ਕੌਰ
ਮਨਪ੍ਰੀਤ ਕੌਰ ਲੁਧਿਆਣਾ
(ਸਮਾਜ ਵੀਕਲੀ) ਗੀਤ ਜਦੋਂ ਨਵੀਂ ਵਿਆਹੀ ਘਰ ਆਈ ਤਾਂ ਸਭ ਨੂੰ ਆਪਣੇ ਹਾਸੇ ਖੇੜੇ ਨਾਲ ਮੋਹ ਲਿਆ ਓਸਦਾ ਇਹ ਕਹਿਣਾ ਮੈਂ ਤਾਂ ਵਿਆਹ ਹੀ ਮੰਮੀ ਪਾਪਾ ਨੂੰ ਦੇਖ ਕੇ ਕਰਵਾਇਆ ਏ ਸੱਸ ਸਹੁਰੇ ਨੂੰ ਸਕੂਨ ਨਾਲ ਭਰ ਦੇਂਦਾ ਸੀ।ਗੀਤ ਦੇ ਮਿੱਠੇ ਲਹਿਜੇ ਵਾਲੇ ਬੋਲ ਸੁਣ ਘਰਦੇ ਸਾਰੇ ਜੀਆਂ ਓਸਨੂੰ ਆਪਣਾ ਬਣਾਉਣ ਵਿੱਚ ਦੇਰ ਨਾ ਲਗਾਈ। ਹੁਣ ਸਭ ਗੱਲਾਂ ਗੀਤ ਸਾਹਮਣੇ ਹੀ ਸਾਂਝੀਆਂ ਹੁੰਦੀਆਂ। ਤੇ ਦੀਪ ਨੂੰ ਵੀ ਆਪਣੀ ਵਿਆਹ ਕੇ ਲਿਆਈ ਤੇ ਮਾਣ ਮਹਿਸੂਸ ਹੋ ਰਿਹਾ ਸੀ।ਪਰ ਇਹ ਕੋਈ ਨਹੀਂ ਸੀ ਜਾਣਦਾ ਕੇ ਇਹ ਪਿਆਰ ਸਤਿਕਾਰ ਕੇਵਲ ਕੁੱਝ ਕੁ ਦਿਨ ਦਾ ਹੀ ਛਲਾਵਾ ਸੀ।ਥੋੜ੍ਹਾ ਸਮਾਂ ਬੀਤਣ ਤੇ ਹੀ ਗੀਤ ਸੱਸ ਸਹੁਰੇ ਨੂੰ ਆਪਣੇ ਤੇ ਭਾਰ ਸਮਝਣ ਲੱਗ ਗਈ। ਉਸਦਾ ਦੀਪ ਦੇ ਨੌਕਰੀ ਜਾਣ ਬਾਅਦ ਸੱਸ ਸਹੁਰੇ ਨਾਲ ਵਰਤਾਓ ਓਹਨਾਂ ਨੂੰ ਰੋਣ ਲੱਗਾ ਦੇਂਦਾ। ਵਿਚਾਰੇ ਸਾਰੀ ਉਮਰ ਕਰਕੇ ਵੀ ਬੁਢਾਪੇ ਵਿੱਚ ਦੋ ਵਕਤ ਦੀ ਰੋਟੀ ਲਈ ਮੋਹਤਾਜ ਬਣੇ ਬੈਠੇ ਰਹਿੰਦੇ। ਤੇ ਗੀਤ ਰਸੋਈ ਦੀ ਮਾਲਕਿਨ ਖੁਦ ਨੂੰ ਬਣਾਈ ਬੈਠੀ ਸੱਸ ਨੂੰ ਕੁੱਝ ਨਾ ਸਮਝਦੀ।ਗੀਤ ਦੇ ਇਸ ਵਿਵਹਾਰ ਲਈ ਓਸਦੇ ਘਰਦਿਆਂ ਨਾਲ ਕਈ ਬੈਠਕਾਂ ਹੋਈਆਂ ਅੱਗੋਂ ਉਹਨਾਂ ਇਹੀ ਕਿਹਾ ਇਹ ਏਦਾ ਹੀ ਹੈ ਹੋਲੀ ਹੋਲੀ ਸਮਝ ਜਾਏਗੀ।ਬੱਚੀ ਹੈ ਥੋੜ੍ਹਾ ਸਮਾਂ ਦਿਓ। ਪੁੱਤਰ ਦੇ ਮੂੰਹ ਵੱਲ ਦੇਖਦੇ ਮਾਂ ਪਿਓ ਇਹੀ ਧਰਵਾਸ ਰੱਖ ਲੈਂਦੇ ਕਿ ਸ਼ਾਇਦ ਅੱਜ ਨਹੀਂ ਤੇ ਕੱਲ੍ਹ ਆਪਣੇ ਆਪ ਸੁਧਾਰ ਹੋ ਜਾਏਗਾ।ਪਰ ਗੀਤ ਦਾ ਵਿਵਹਾਰ ਕੌੜਾ ਦਾ ਕੌੜਾ ਹੀ ਰਿਹਾ ਸਮੇਂ ਨੇ ਉਸਨੂੰ ਇਸ ਵਿਵਹਾਰ ਵਿੱਚ ਹੋਰ ਵੀ ਪੱਕਾ ਕਰ ਦਿੱਤਾ। ਦੀਪ ਨੂੰ ਜਦੋਂ ਮਾਂ ਪਿਓ ਗੀਤ ਦੇ ਵਿਵਹਾਰ ਬਾਰੇ ਦੱਸਦੇ ਤਾਂ ਅੱਗੋਂ ਦੀਪ ਦਾ ਜਵਾਬ ਹੁੰਦਾ ਇਹ ਮੈਂ ਨਹੀਂ ਬਦਲ ਸਕਦਾ ਨਾਲ਼ੇ ਮੈਂ ਕਿਹੜਾ ਆਪ ਵਿਆਹ ਕੇ ਲਿਆਇਆ ਤੁਸੀਂ ਹੀ ਵਿਆਹੀ ਏ। ਏਨਾਂ ਸੁਣ ਪੁੱਤ ਕੋਲੋਂ ਕਿਹੜਾ ਮਾਂ ਪਿਓ ਦੁਬਾਰਾ ਕੁੱਝ ਕਹੇਂਗਾ।ਵਿਚਾਰੇ ਇਹੀ ਸੋਚ ਦਿਨ ਕੱਟ ਰਹੇ ਹਨ ਸ਼ਾਇਦ ਕਿਸੇ ਜਨਮ ਦਾ ਕੀਤਾ ਹੋਏਗਾ ਬੁਰਾ ਜਿਹੜਾ ਇਸ ਜਨਮ ਭੁਗਤਣਾ ਪੈ ਰਿਹਾ ਏ।ਤੇ ਗੀਤ ਇਸ ਗੱਲ ਤੋਂ ਅਣਜਾਣ ਵਿਵਹਾਰ ਕਰ ਰਹੀ ਏ ਕਿ ਆਉਣ ਵਾਲੇ ਸਮੇਂ ਵਿੱਚ ਓਸਨੂੰ ਵੀ ਭੁਗਤਣਾ ਪਏਗਾ। ਕਰਮਾਂ ਦੀ ਚੱਕੀ ਸਭ ਨੂੰ ਬਰਾਬਰ ਪੀਸਦੀ ਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿਲੇ ਸੱਜਣ
Next articleਲੋਕ ਜੀਣ ਨੀ ਦਿੰਦੇ