ਹਾਸਿਲ ਕਰੋ ਜੀਵਨ ਦੇ ਟੀਚੇ ਨੂੰ, ਮਿਹਨਤ ਨਾਲ

ਸੰਜੀਵ ਸਿੰਘ ਸੈਣੀ,   

(ਸਮਾਜ ਵੀਕਲੀ)

ਜਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਜ਼ਿੰਦਗੀ ਇੱਕ ਕਲਾ ਹੈ। ਹਰ ਕੰਮ ਨੂੰ ਕਰਨ ਲਈ ਕੁਝ ਨਾ ਕੁਝ ਕੀਮਤ ਚੁਕਾਉਣੀ ਪੈਂਦੀ ਹੈ, ਹਰ ਟੀਚੇ ਤੇ ਪਹੁੰਚਣ ਲਈ ਮਿਹਨਤ ਕਰਨੀ ਪੈਂਦੀ ਹੈ। ਬਹੁਤ ਹੀ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਸਾਨੂੰ ਆਪਣੇ ਟੀਚੇ ਦੇ ਮੁਤਾਬਿਕ ਹੀ ਮਿਹਨਤ ਕਰਨੀ ਪੈਂਦੀ ਹੈ। ਜਿਨ੍ਹਾਂ ਜ਼ਿਆਦਾ ਸਾਡਾ ਉਦੇਸ਼ ਵੱਡਾ ਹੋਵੇਗਾ ,ਸਾਨੂੰ ਓਸੇ ਤਰ੍ਹਾਂ ਹੀ ਮਿਹਨਤ ਕਰਨੀ ਪੈਂਦੀ ਹੈ । ਜੋ ਬੱਚੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਹਨ ,ਉਨ੍ਹਾਂ ਨੂੰ ਬਾਰਾਂ ਤੋਂ ਪੰਦਰਾਂ ਘੰਟੇ ਰੋਜ਼ਾਨਾ ਮਿਹਨਤ ਕਰਨੀ ਪੈਂਦੀ ਹੈ। ਹਰ ਬੱਚੇ ਦਾ ਜਿੰਦਗੀ ਵਿੱਚ ਵੱਖ-ਵੱਖ ਉਦੇਸ਼ ਹੁੰਦਾ ਹੈ। ਕਿਸੇ ਨੇ ਡਾਕਟਰ ਬਣਨਾ ਹੁੰਦਾ ਹੈ ,ਕਿਸੇ ਨੇ ਇੰਜੀਨੀਅਰ ,ਪਾਇਲਟ ,ਆਰਮੀ , ਏਅਰ ਫੋਰਸ ਵਿੱਚ ਜਾਣਾ ਹੁੰਦਾ ਹੈ।

ਤਾਂ ਫਿਰ ਬੱਚਾ ਉਸੇ ਟੀਚੇ ਦੇ ਮੁਤਾਬਿਕ ਆਪਣੀ ਤਿਆਰੀ ਵਿੱਚ ਲੱਗ ਜਾਂਦਾ ਹੈ ।ਵੱਖ-ਵੱਖ ਮਾਹਿਰਾਂ ਕੋਲ ਜਾਂਦਾ ਹੈ , ਤਰ੍ਹਾਂ-ਤਰ੍ਹਾਂ ਦੇ ਕੋਚਿੰਗ ਸੈਂਟਰ ਜੁਆਇੰਨ ਕਰਦਾ ਹੈ। ਮਾਂ ਬਾਪ ਦਾ ਵੀ ਸੁਪਨਾ ਹੁੰਦਾ ਹੈ ਕਿ ਕੱਲ੍ਹ ਨੂੰ ਸਾਡਾ ਬੱਚਾ ਆਪਣੇ ਉਦੇਸ਼ ਵਿਚ ਕਾਮਯਾਬ ਹੋਵੇ।ਜੇ ਸਾਡਾ ਟੀਚਾ ਵਧੀਆ ਹੋਵੇਗਾ ਤਾਂ ਅਸੀਂ ਮੰਜ਼ਿਲ ਸਰ ਕਰ ਸਕਦੇ ਹਨ । ਹਰ ਦਿਨ ਕੁੱਝ ਨਾ ਕੁੱਝ ਸੇਧ ਦੇਣ ਵਾਲਾ ਹੁੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਝ ਨਾ ਕੁੱਝ ਸਿੱਖਣ ਨੂੰ ਹੀ ਮਿਲਦਾ ਹੈ। ਸਾਨੂੰ ਇੱਕ ਡਾਇਰੀ ਲਗਾਉਣੀ ਚਾਹੀਦੀ ਹੈ। ਜਦੋਂ ਅਸੀਂ ਰਾਤ ਨੂੰ ਬਿਸਤਰ ਤੇ ਜਾਂਦੇ ਹਨ ,ਤਾਂ ਸਾਨੂੰ ਪੂਰੇ ਦਿਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਅਸੀਂ ਅੱਜ ਦੇ ਦਿਨ ਕੀ ਸਿੱਖਿਆ ਹੈ , ਕਿੰਨਾ ਸਮਾਂ ਅਸੀਂ ਪੜਾਈ ਲਿਖਾਈ ਤੇ ਲਗਾਇਆ ਹੈ। ਕਿੰਨਾ ਝੂਠ ਬੋਲਿਆ ਹੈ, ਕਿੰਨਾ ਸਮਾਂ ਬਰਬਾਦ ਕੀਤਾ ਹੈ।

ਹਰ ਨਵੀਂ ਸਵੇਰ ਉਮੀਦ ਲੈ ਕੇ ਆਉਂਦੀ ਹੈ। ਜ਼ਿੰਦਗੀ ਵਿੱਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ । ਜੇ ਅਸਫ਼ਲ ਹੋਏ ਵੀ ਹੋ, ਤਾਂ ਉਸਦਾ ਕਾਰਣ ਲੱਭੋ। ਕੋਈ ਗਲਤ ਕਦਮ ਨਾ ਚੁੱਕੋ, ਜਿਸ ਕਾਰਨ ਸਾਰੀ ਜ਼ਿੰਦਗੀ ਵਿਚ ਮਾਂ-ਬਾਪ ਨੂੰ ਪਛਤਾਵਾ ਹੋਣਾ ਪਵੇ। ਜਿੰਦਗੀ ਸਾਨੂੰ ਹੋਰ ਨਵੇਂ ਮੌਕੇ ਦਿੰਦੀ ਹੈ। ਜਿਵੇਂ ਇੱਕ ਰਸਤਾ ਬੰਦ ਹੁੰਦਾ ਹੈ ,ਤਾਂ ਆਸ ਦੀ ਦੂਜੀ ਕਿਰਨ ਕਿਥੋ ਨਾ ਕਿਥੋ ਜਾਗ ਜਾਂਦੀ ਹੈ। ਜਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ।ਸੰਘਰਸ਼ ਕਰਨਾ ਹੀ ਜ਼ਿੰਦਗੀ ਹੁੰਦਾ ਹੈ । ਸਿਵਲ ਸਰਵਿਸਿਜ਼ ਦੀ ਤਿਆਰੀ ਦੌਰਾਨ ਬੱਚਿਆਂ ਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਕਿਉਂਕਿ ਇਹ ਪ੍ਰੀਖਿਆ ਤਿੰਨ ਪੜਾਵਾਂ ਵਿੱਚ ਹੁੰਦੀ ਹੈ। ਕਈ ਵਾਰ ਬੱਚੇ ਇੰਟਰਵਿਊ ਵਿਚ ਰਹਿ ਜਾਂਦੇ ਹਨ।

ਅਕਸਰ ਸਾਨੂੰ ਪਤਾ ਹੀ ਹੁੰਦਾ ਹੈ ਕਿ ਜੋ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਹੈ ਇਹ ਦੇਸ਼ ਦਾ ਸਭ ਤੋਂ ਔਖਾ ਟੈਸਟ ਹੁੰਦਾ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਕਈ ਵਾਰ ਤਾਲਾ ਆਖਰੀ ਚਾਬੀ ਨਾਲ ਹੀ ਖੁੱਲਦਾ ਹੈ। ਜ਼ਿਆਦਾਤਰ ਬੱਚੇ ਜਦੋਂ ਸਿਵਲ ਸਰਵਸਿਸ ਦੇ ਨਤੀਜੇ ਘੋਸ਼ਿਤ ਹੁੰਦੇ ਹਨ ਤਾਂ ਦੱਸਦੇ ਹਨ ਕਿ ਉਹਨਾਂ ਦਾ ਇਹ ਆਖਰੀ ਚਾਂਸ ਸੀ । ਇਸੇ ਤਰ੍ਹਾਂ ਜੋ ਬੱਚੇ ਜੱਜ ਬਣਦੇ ਹਨ ,ਉਨ੍ਹਾਂ ਨੂੰ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਹਨਾਂ ਨੇ ਆਪਣਾ ਟੀਚਾ ਪਹਿਲੇ ਹੀ ਮਿਥ ਕੇ ਤਿਆਰੀ ਸ਼ੁਰੂ ਕਰ ਦਿੰਦੇ ਹਨ। ਸਮਾਂ ਸਾਰਨੀ ਬਣਾ ਲੈਂਦੇ ਹਨ। ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਕਦੇ ਵੀ ਬਿਨਾਂ ਮਿਹਨਤ ਕਰੇ ਸਰ ਨਹੀਂ ਕੀਤਾ ਜਾ ਸਕਦਾ। ਸਮਾਂ ਸਾਰਣੀ ਬਣਾਕੇ ਹੀ ਹਰ ਵਿਸ਼ੇ ਨੂੰ ਬਰਾਬਰ ਸਮਾਂ ਦਿੱਤਾ ਜਾਂਦਾ ਹੈ।

ਅਸਫ਼ਲ ਹੋਣ ਤੇ ਕਦੇ ਨਾ ਉਦਾਸ ਨਾ ਹੋਵੋ। ਸੋਚੋ ਕਿ ਸਫ਼ਲਤਾ ਸਾਨੂੰ ਕਿਉਂ ਨਹੀਂ ਮਿਲੀ। ਸਾਡੀ ਕਿਹੜੀ ਅਜਿਹੀ ਗਲਤੀ ਸੀ, ਜਿਹੜੀ ਸਾਨੂੰ ਆਪਣੇ ਟੀਚੇ ਤੇ ਨਹੀਂ ਪਹੁੰਚਾ ਸਕੀ ।ਫਿਰ ਸੰਘਰਸ਼ ਕਰੋ।ਮਿਹਨਤ ਕਰਦੇ ਰਹੋ, ਫਲ ਦੀ ਇੱਛਾ ਨਾ ਕਰੋ। ਕਦੇ ਵੀ ਨਾ ਘਬਰਾਓ । ਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਸਫ਼ਲ ਲੋਕਾਂ ਨੂੰ ਕੋਈ ਵੀ ਕੰਮ ਕਰਨਾ ਹੈ ਤਾਂ ਉਹ ਹਰ ਹਾਲ ਵਿੱਚ ਕਰ ਕੇ ਹੀ ਸਾਹ ਲੈਂਦੇ ਹਨ ।ਇਹ ਮੰਨ ਕੇ ਚੱਲੋ , ਜੇ ਕੋਈ ਮੁਸੀਬਤ ਪੈਦਾ ਹੋਈ ਹੈ ਤਾਂ ਉਸ ਦਾ ਹੱਲ ਵੀ ਹੈ ।ਕਈ ਵਾਰ ਸਖ਼ਤ ਮਿਹਨਤ ਨਾਲ ਵੀ ਮਨ ਚਾਹਿਆ ਟੀਚਾ ਨਹੀਂ ਮਿਲਦਾ ,ਪਰ ਜੋ ਲਗਾਤਾਰ ਮਿਹਨਤ ਕਰਦਾ ਹੈ ਤੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਦਾ ਹੈ ,ਸਫਲਤਾ ਉਸ ਦੇ ਪੈਰ ਚੁੰਮਦੀ ਹੈ ।ਦਰੱਖਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪੱਤਝੜ ਵਿੱਚ ਉਨ੍ਹਾਂ ਦੇ ਪੱਤੇ ਝੜ ਜਾਂਦੇ ਹਨ ।ਅਤੇ ਰੁੱਖ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ ।ਤਾਂ ਜੋ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ । ਹਮੇਸ਼ਾ ਵਧੀਆ ਸੋਚੋ, ਵਧੀਆ ਲੇਖਕਾਂ ਦੀਆਂ ਕਿਤਾਬਾਂ ਪੜ੍ਹੋ। ਯੂ ਟਿਊਬ ਉੱਪਰ ਜੋ ਵਧੀਆ ਮਾਹਿਰ ਹੁੰਦੇ ਹਨ, ਉਨ੍ਹਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣੋ। ਤੁਹਾਡੇ ਅੰਦਰ ਹੋਰ ਵੀ ਜ਼ਿਆਦਾ ਜੋਸ਼ ਆ ਜਾਵੇਗਾ। ਫਿਰ ਤੁਸੀਂ ਹੋਰ ਮਿਹਨਤ ਕਰੋਗੇ।

ਸਾਨੂੰ ਸਿਰਫ ਮਹਾਨ ਵਿਅਕਤੀਆਂ ਨੂੰ ਨਹੀਂ ਦੇਖਣਾ ਚਾਹੀਦਾ ,ਸਗੋਂ ਉਨ੍ਹਾਂ ਦੇ ਕੰਮ ਦੇ ਤਰੀਕੇ ਨੂੰ ਵੀ ਦੇਖਣਾ ਚਾਹੀਦਾ ਹੈ। ਨਾਲ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਵਿੱਚ ਆਖਿਰ ਕੀ ਗੁਣ ਸੀ, ਉਨ੍ਹਾਂ ਨੇ ਇਸ ਮੰਜ਼ਿਲ ਨੂੰ ਸਰ ਕਿਵੇਂ ਕੀਤਾ ।ਕੋਈ ਵੀ ਇਨਸਾਨ ਜਨਮ ਤੋਂ ਸਫ਼ਲਤਾ ਦੀ ਗਾਰੰਟੀ ਲੈ ਕੇ ਪੈਦਾ ਨਹੀਂ ਹੁੰਦਾ, ਸਗੋਂ ਆਪਣੇ ਕੰਮ ਨੂੰ ਬਿਹਤਰੀਨ ਢੰਗ ਨਾਲ ਕਰਕੇ ਸਿਖਰ ਤੇ ਪੁੱਜਦੇ ਹਨ ।ਲੋਕਾਂ ਦੀ ਕਦੇ ਵੀ ਪ੍ਰਵਾਹ ਨਾ ਕਰੋ। ਗਲਤੀਆਂ ਤੋਂ ਸਿੱਖੋ ।ਗਲਤੀਆਂ ਦੁਬਾਰਾ ਨਾ ਕਰੋ ।ਸਾਨੂੰ ਆਪਣੀ ਕਾਬਲੀਅਤ ਦਾ ਪੂਰਾ ਪ੍ਰਯੋਗ ਕਰਨਾ ਚਾਹੀਦਾ ਹੈ ।ਚਾਹੇ ਉਹ ਸ਼ੌਕ ਕੋਈ ਵੀ ਖੇਤਰ ਦਾ ਹੋਵੇ ।ਸਾਨੂੰ ਸਮਾਜ ਵਿੱਚ ਅਜਿਹੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਕੋਲ ਜ਼ਿਆਦਾ ਸਰੋਤ ਨਾ ਹੋਣ ਕਰਕੇ ਵੀ ਮੰਜ਼ਿਲਾਂ ਨੂੰ ਸਰ ਕੀਤਾ ।

ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਅਜਿਹੇ ਉਮੀਦਵਾਰ ਵੀ ਹੁੰਦੇ ਹਨ ,ਜਿਨ੍ਹਾਂ ਕੋਲ ਜ਼ਿਆਦਾ ਸਰੋਤ ਨਾ ਹੋਣ ਕਰਕੇ ਵੀ ਉਹ ਇਹ ਪ੍ਰੀਖਿਆ ਪਾਸ ਕਰ ਲੈਂਦੇ ਹਨ। ਇਨ੍ਹਾਂ ਵਿਚੋ ਹੀ ਅਜਿਹੇ ਵਿਦਿਆਰਥੀ ਸਿਖਰਲੀਆਂ ਪੁਜੀਸ਼ਨ ਵੀ ਹਾਸਲ ਕਰ ਲੈਂਦੇ ਹਨ ।ਅਬਰਾਹਿਮ ਲਿੰਕਨ ਜਿਸ ਦਾ ਬਚਪਨ ਗਰੀਬੀ ਵਿੱਚ ਵਿੱਚ ਬੀਤਿਆ ਸੀ , ਕਿਸ ਤਰ੍ਹਾਂ ਰਾਸ਼ਟਰਪਤੀ ਦਾ ਤਾਜ ਉਸ ਦੇ ਸਿਰ ਤੇ ਸੱਜਿਆ ਸੀ। ਜੇ ਮਹਾਨ ਬਣਨਾ ਚਾਹੁੰਦੇ ਹਾਂ ਤਾਂ ਆਪਣੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਤੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਨਾ ਪਵੇਗਾ, ਤਾਂ ਹੀ ਸਫਲਤਾ ਦੀ ਮੰਜ਼ਿਲ ਤੇ ਪੁੱਜ ਸਕਾਂਗੇ । ਝੂਠ ਦਾ ਕਦੇ ਵੀ ਸਹਾਰਾ ਨਾ ਲਵੋ ।ਹੌਂਸਲੇ ਨੂੰ ਆਪਣੇ ਢੇਰੀ ਨਾ ਹੋਣ ਦੇਵੋ।

ਵਧੀਆ ਦੋਸਤਾਂ ਨਾਲ ਤਾਲਮੇਲ ਬਣਾ ਕੇ ਰੱਖੋ, ਜੋ ਤੁਹਾਨੂੰ ਅਸਫਲਤਾਵਾਂ ਦੇ ਦੌਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨ। ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਹਨ ।ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਜੋ ਲੋਕ ਸਮੁੰਦਰ ਵਿੱਚੋਂ ਹੀਰੇ ਮੋਤੀ ਚੁਣਦੇ ਹਨ, ਉਹ ਸਫਲਤਾ ਨੂੰ ਇੱਕ ਦਿਨ ਪ੍ਰਾਪਤ ਕਰਦੇ ਹਨ। ਦਾਤੇ, ਵਾਹਿਗੁਰੂ ਦਾ ਹਮੇਸ਼ਾਂ ਸ਼ੁਕਰ ਕਰੋ। ਜੇ ਅਸੀਂ ਆਪਣੀ ਸਕਾਰਾਤਮਕ ਸੋਚ ਰੱਖਾਂਗੇ, ਵਧੀਆ ਦੋਸਤਾਂ ਸੰਗ ਦੋਸਤੀ ਕਰਾਂਗੇ ,ਵਧੀਆ ਮਾਹਿਰਾਂ ਦੇ ਸੁਝਾਅ ਲਵਾਂਗੇ ਤਾਂ ਇੱਕ ਦਿਨ ਅਸੀਂ ਆਪਣੇ ਟੀਚੇ ਵਿੱਚ ਜਰੂਰ ਸਫਲ ਹੋ ਜਾਵਾਂਗੇ।

ਸੰਜੀਵ ਸਿੰਘ ਸੈਣੀ, ਮੋਹਾਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFirst batch of evacuees from Ukraine reaches Romania: MEA
Next articleRajasthan students stuck in Ukraine seek govt support