ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਵਿੱਚ ਉਪਰ ਤੋਂ ਹੇਠਾਂ ਤੱਕ ਜਥੇਬੰਦਕ ਜਵਾਬਦੇਹੀ ਨਿਰਧਾਰਿਤ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਆਗੂਆਂ ਨੂੰ ਆਪਣੇ ਸਾਥੀਆਂ ਲਈ ਰਾਹ ਪੱਧਰਾ ਕਰਨਾ ਹੋਵੇਗਾ। ਖੜਗੇ ਆਪਣੇ ਵੱਲੋਂ ਗਠਿਤ ਕਾਂਗਰਸ ਸੰਚਾਲਨ ਕਮੇਟੀ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰ ਰਹੇੇ ਸਨ।
ਉਨ੍ਹਾਂ ਪਾਰਟੀ ਦੇ ਸੂਬਾਈ ਇੰਚਾਰਜਾਂ ਨੂੰ ਕਿਹਾ ਕਿ ਉਹ ਇਕ ਤੋਂ ਤਿੰਨ ਮਹੀਨੇ (30 ਤੋਂ 90 ਦਿਨਾਂ) ਦੇ ਅਰਸੇ ਲਈ ਲੋਕ ਮੁੱਦਿਆਂ ਬਾਰੇ ਵੱਡੇ ਅੰਦੋਲਨ ਸ਼ੁਰੂ ਕਰਨ ਨੂੰ ਲੈ ਕੇ ਖਰੜਾ ਜਮ੍ਹਾਂ ਕਰਵਾਉਣ। ਖੜਗੇ ਨੇ ਸੱਦਾ ਦਿੱਤਾ ਕਿ ਸਾਲ 2024 ਤੋਂ ਪਹਿਲਾਂ ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹਨ, ਉਨ੍ਹਾਂ ਲਈ ਤਜਵੀਜ਼ਤ ਯੋਜਨਾਵਾਂ ਤਿਆਰ ਰੱਖਣ। ਮੀਟਿੰਗ ਵਿੱਚ ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ, ਜਨਰਲ ਸਕੱਤਰ ਇੰਚਾਰਜ ਕੇ.ਸੀ.ਵੇਣੂਗੋਪਾਲ, ਸੀਨੀਅਰ ਆਗੂ ਪੀ.ਚਿਦੰਬਰਮ, ਆਨੰਦ ਸ਼ਰਮਾ, ਮੀਰਾ ਕੁਮਾਰ ਤੇ ਅੰਬਿਕਾ ਸੋਨੀ ਵੀ ਮੌਜੂਦ ਸਨ।
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਪਾਰਟੀ ਤੇ ਦੇਸ਼ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਵੱਡਾ ਹਿੱਸਾ- ਸਿਖਰ ਤੋਂ ਲੈ ਕੇ ਹੇਠਾਂ ਤੱਕ ਜਵਾਬਦੇਹੀ ਨਿਰਧਾਰਿਤ ਕਰਨਾ ਹੈ। ਕਾਂਗਰਸ ਜਥੇਬੰਦੀ ਜੇਕਰ ਮਜ਼ਬੂਤ ਤੇ ਜਵਾਬਦੇਹ ਹੈ, ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰੀ ਉੱਤਰਦੀ ਹੈ, ਤਾਂ ਹੀ ਅਸੀਂ ਚੋਣਾਂ ਜਿੱਤਣ ਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੇ ਸਮਰੱਥ ਹੋਵਾਂਗੇ।’’ ਖੜਗੇ ਨੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਸਖ਼ਤ ਸੁਨੇਹੇ ਵਿੱਚ ਕਿਹਾ ਕਿ ਪਾਰਟੀ ਵਿੱਚ ਬਹੁਤੇ ਜ਼ਿੰਮੇਵਾਰ ਲੋਕ ਹਨ, ਜੋ ਆਪਣਾ ਫ਼ਰਜ਼ ਨਿਭਾ ਰਹੇ ਹਨ, ਜਦੋਂਕਿ ਕੁਝ ਲੋਕਾਂ ਨੂੰ ਲਗਦਾ ਹੈ ਕਿ ਜ਼ਿੰਮੇਵਾਰੀ ਦੀ ਘਾਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ, ‘‘ਇਹ ਨਾ ਸਹੀ ਤੇ ਨਾ ਹੀ ਸਵੀਕਾਰਨਯੋਗ ਹੈ। ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹਨ, ਉਨ੍ਹਾਂ ਨੂੰ ਆਪਣੇ ਸਾਥੀਆਂ ਲਈ ਥਾਂ ਬਣਾਉਣੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਜਦੋਂ ਤੱਕ ਜਨਰਲ ਸਕੱਤਰ ਤੇ ਇੰਚਾਰਜ, ਉਨ੍ਹਾਂ ਦੇ ਸਕੱਤਰ, ਸੂਬਾਈ ਕਾਂਗਰਸ ਪ੍ਰਧਾਨ, ਪਾਰਟੀ ਵਿਧਾਇਕ ਤੇ ਸੰਸਦ ਮੈਂਬਰ ਜ਼ਮੀਨੀ ਪੱਧਰ ’ਤੇ ਕਾਰਵਾਈ ਲਈ ਖਾਕਾ ਤਿਆਰ ਨਹੀਂ ਕਰਦੇ, ਸਾਡੀਆਂ ਜ਼ਿੰਮੇਵਾਰੀਆਂ ਪੂਰੀ ਨਹੀਂ ਹੋ ਸਕਦੀਆਂ। ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ’ ਯਾਤਰਾ ਨੇ ਕੌਮੀ ਪੱਧਰ ’ਤੇ ਵੱਡੇ ਅੰਦੋਲਨ ਦਾ ਰੂਪ ਲੈ ਲਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ, ਉਨ੍ਹਾਂ ਦੇ ਅਧਿਕਾਰਾਂ ਤੇ ਆਸਾਂ ਉਮੀਦਾਂ ਉੱਤੇ ਹਮਲੇ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਬਚਾਉਣਾ ਕਾਂਗਰਸ ਦੀ ਜ਼ਿੰਮੇਵਾਰੀ ਹੈ।
ਖੜਗੇ ਨੇ ਕਿਹਾ, ‘‘ਜਦੋਂ ਗਰੀਬ ਜਾਂ ਮੱਧ ਵਰਗ ਦਾ ਮਾਸਿਕ ਬਜਟ ਹਿੱਲ ਜਾਵੇ, ਤਾਂ ਇਹ ਉਸ ਦੀ ਜ਼ਿੰਦਗੀ ’ਤੇ ਹਮਲਾ ਹੈ। ਜਦੋਂ ਦੇਸ਼ ਦਾ ਅਰਥਚਾਰਾ ਮੂਧੇ ਮੂੰਹ ਡਿੱਗ ਪਏ, ਦੇਸ਼ ਦਾ ਰੁਪਿਆ ਸਰਕਾਰ ਦੀ ਸਾਖ਼ ਦੇ ਨਾਲ ਡਿੱਗਣ ਲੱਗੇ, ਤਾਂ ਫਿਰ ਇਹ ਦੇਸ਼ ਦੇ ਵਿਕਾਸ ਤੇ ਤਰੱਕੀ ’ਤੇ ਹਮਲਾ ਹੈ। ਜਦੋਂ ਦੇਸ਼ ਦੇ ਕਰੋੜਾਂ ਸਮਰੱਥ ਨੌਜਵਾਨਾਂ ਲਈ ਰੁਜ਼ਗਾਰ ਨਾ ਹੋਵੇ ਅਤੇ ਮੌਜੂਦਾ ਨੌਕਰੀਆਂ ਘਟਣ ਲੱਗਣ, ਤਾਂ ਇਹ ਦੇਸ਼ ਦੀ ਰੋਜ਼ੀ-ਰੋਟੀ ’ਤੇ ਹਮਲਾ ਹੈ।’’ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਘੇਰਿਆ।
ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਗਿਆ, ਅਤੇ ਐੱਮਐੱਸਪੀ ਦੀ ਗਾਰੰਟੀ ਲਈ ਉਨ੍ਹਾਂ ਨੂੰ ਆਪਣੀ ਹੀ ਸਰਕਾਰ ਨਾਲ ਲੜਨਾ ਪਿਆ, ਤਾਂ ਇਹ ‘ਅੰਨਦਾਤਾ’ ਦੀ ਜ਼ਿੰਦਗੀ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਚੀਨ ਭਾਰਤ ਦੀ ਧਰਤੀ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਨਿੱਤ ਨਵੇਂ ਫੌਜੀ ਟਿਕਾਣਿਆਂ ਦੀ ਉਸਾਰੀ ਕਰ ਰਿਹਾ ਹੈ ਤੇ ਮੋਦੀ ਸਰਕਾਰ ਖਾਮੋਸ਼ ਹੈ, ਤਾਂ ਫਿਰ ਇਹ ਦੇਸ਼ ਦੀ ਅਖੰਡਤਾ ’ਤੇ ਹਮਲਾ ਹੈ। –
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly