(ਸਮਾਜ ਵੀਕਲੀ)
ਮੈਂ ਤੇਰੇ ਵਿਹੜੇ ਦੀ ਰੌਣਕ ਬਾਬਲਾ,
ਮੈਂ ਤੇਰੇ ਖੇਤਾਂ ‘ਚੋਂ ਦਾਣੇ ਚੁੱਗਦੀ ਚਿੜੀ ਬਾਬਲਾ,
ਮੈਂ ਨੱਚਦੀ ,ਟੱਪਦੀ,ਹੱਸਦੀ,ਗਾਉਂਦੀ,
ਤੇਰੇ ਬਾਗਾਂ ‘ਚ ਗਾਉਂਦੀ ਕੋਇਲ ਬਾਬਲਾਂ,
ਮੈਂ ਖ਼ੈਰ ਮੰਗਾਂ ਸਦਾ ਤੇਰੇ ਵੱਸਦੇ ਵਿਹੜੇ ਦੀ,
ਤੇਰੇ ਨਾਲ ਜੁੜੀ ਮੇਰੀ ਹਰ ਰੀਝ ਬਾਬਲਾ,
ਵੇ ਇੱਕ ਅਹਿਸਾਨ ਹੁਣ ਕਰੀ ਬਾਬਲਾ,
ਮੈਨੂੰ ਗੁੜ੍ਹਤੀ ਹੀ ਬਹਾਦਰੀ ਦੀ ਦੇਵੀਂ ਬਾਬਲਾ,
ਮੈਨੂੰ ਕੋਮਲ,ਨਾਜ਼ੁਕ,ਕਲੀ ਨਾ ਬਣਾਈ ਬਾਬਲਾ,
ਮੈਨੂੰ ਹਲਾਤਾ ਨਾਲ ਲੜਨ ਦੀ ਆਦਤ ਪਾਈ ਬਾਬਲਾ,
ਮੈਨੂੰ ਏਨੀ ਸਮਰੱਥ ਹੁਣ ਬਣਾਈ ਬਾਬਲਾ,
ਮੈਂ ਦੁਸ਼ਮਣ ਦਾ ਪੀਵਾ ਹੁਣ ਖ਼ੂਨ ਬਾਬਲਾ,
ਧੀਆਂ ਵਿਚਾਰੀਆਂ ਦਾ ਲੇਬਲ ਲਾਹ ਕੇ,
ਮੈਨੂੰ ‘ਮਾਈ ਭਾਗੋ’ ਵਾਂਗ ਬਣਾਈ ਬਾਬਲਾ,
ਮੇਰੀ ਆਬਰੂ ਦੇ ਵੱਲ ਅੱਖ ਗੰਦੀ ਤੱਕ ਨਾ ਸਕੇ,
ਮੇਰੇ ਬਾਜੂਆ ‘ਚ ਤਾਕਤ ਐਸੀ ਭਰੀ ਬਾਬਲਾ,
ਮੈਨੂੰ ਸਹਾਰੇ ਦੀ ਮੁਹਤਾਜ ਨਾ ਬਣਾਈ ਬਾਬਲਾ,
ਮੈਂ ਰੋ ਕੇ ਕਰਾ ਨਾ ਹਾਲਤ ਬਿਆਨ ਬਾਬਲਾ,
ਸਿਰ ਫ਼ਖਰ ਨਾਲ ਚੁੱਕ ,ਜੀ ਸਕਾ ਬਾਬਲਾ,
ਮੈਨੂੰ ਕੰਡਿਆਲੀ ਠੋਹਰ ਹੁਣ ਬਣਾਈ ਬਾਬਲਾ,
ਮੇਰਾ ਹਰ ਹਾਲ ਵਿੱਚ ਸਾਥ ਦੇਵੀਂ ਬਾਬਲਾ,
ਤੇਰੀ ਲਾਡੋ ਦੀ ਬਸ ਇਹੀ ਅਰਜ਼ੋਈ ਬਾਬਲਾ,
ਮੈਨੂੰ ਫ਼ੌਲਾਦ ਹੁਣ ਬਣਾਈ ਬਾਬਲਾ।
ਪਰਵੀਨ ਕੌਰ ‘ਸਿੱਧੂ’
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly