ਐਬਟਸਫ਼ੋਰਡ ਦੇ ਗੁਰੂ ਘਰ ਤੋਂ ਨਗਰ ਕੀਰਤਨ 1 ਸਤੰਬਰ ਨੂੰ ਸਜਾਇਆ ਜਾਵੇਗਾ, ਸੰਗਤਾਂ ’ਚ ਭਾਰੀ ਉਤਸ਼ਾਹ

ਗੁ: ਸਾਹਿਬ ਕਲਗੀਧਰ ਦਰਬਾਰ ਜੀ ਦਾ ਬਾਹਰੀ ਦ੍ਰਿਸ਼।

ਐਬਟਸਫ਼ੋਰਡ ਦੇ ਗੁਰੂ ਘਰ ਤੋਂ ਨਗਰ ਕੀਰਤਨ 1 ਸਤੰਬਰ ਨੂੰ ਸਜਾਇਆ ਜਾਵੇਗਾ, ਸੰਗਤਾਂ ’ਚ ਭਾਰੀ ਉਤਸ਼ਾਹ

ਤਿਆਰੀਆਂ ਮੁਕੰਮਲ, ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਸਮੇਤ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਭਰਨਗੇ ਹਾਜ਼ਰੀ

ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)—ਵੈਨਕੂਵਰ ਤੋਂ ਚੜ੍ਹਦੇ ਪਾਸੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਐਬਟਸਫ਼ੋਰਡ ਸ਼ਹਿਰ ’ਚ ਸਥਿਤ ਗੁ: ਸਾਹਿਬ ਕਲਗੀਧਰ ਦਰਬਾਰ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਮਹਾਨ ਨਗਰ ਕੀਰਤਨ 1 ਸਤੰਬਰ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਭਾਈ ਗੁਰਜੀਤ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਬੰਧ ’ਚ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ 30640 ਬਲਿਊਰਿਜ਼ ਡਰਾਈਵ, ਐਬਟਸਫ਼ੋਰਡ ਸਥਿਤ ਉਕਤ ਗੁਰੂ ਘਰ ਦੀ ਮੁੱਖ ਇਮਾਰਤ ਤੋਂ ਇਹ ਨਗਰ ਕੀਰਤਨ ਸਵੇਰੇ 11 ਵਜੇ ਆਰੰਭ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛੱਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਸਜਾਏ ਜਾਣ ਵਾਲੇ ਇਸ ਮਹਾਨ ਨਗਰ ਕੀਰਤਨ ’ਚ ਸ਼ਾਮਿਲ ਹੋਣ ਲਈ ਸੰਗਤਾਂ ’ਚ ਭਾਰੀ ਉਤਸ਼ਾਹ ਨਜ਼ਰੀ ਆ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ’ਚ ਨਿਰਧਾਰਿਤ ਕੀਤੇ ਤਹਿਸ਼ੁਦਾ ਰੂਟਾਂ ਰਾਹੀਂ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਨੂੰ ਉਕਤ ਗੁਰੂ ਘਰ ਵਿਖੇ ਸਮਾਪਤ ਹੋਵੇਗਾ।
ਇਸ ਸਬੰਧ ’ਚ 31 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ। ਅਖ਼ੀਰ ’ਚ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧ ’ਚ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਕੈਨੇਡਾ ਪੁੱਜੇ ਬਾਬਾ ਦਲੇਰ ਸਿੰਘ ਖੇੜੀ ਵਾਲੇ 26 ਅਗਸਤ ਤੋਂ 1 ਸਤੰਬਰ ਤੀਕ ਸ਼ਾਮ ਦੇ ਦੀਵਾਨਾਂ ’ਚ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ ਭਾਈ ਮੋਹਨ ਸਿੰਘ (ਗੁਰਦਾਸਪੁਰ ਵਾਲੇ), ਭਾਈ ਬਲਦੇਵ ਸਿੰਘ (ਬਲੰਦਪੁਰ ਵਾਲੇ), ਭਾਈ ਸੁਰਿੰਦਰਪਾਲ ਸਿੰਘ (ਹੁਸ਼ਿਆਰਪੁਰ ਵਾਲੇ), ਭਾਈ ਸੁਖਦੇਵ ਸਿੰਘ (ਨਵਾਂ ਸ਼ਹਿਰ ਵਾਲੇ), ਕਥਾਵਾਚਕ ਭਾਈ ਸਨਮੁੱਖ ਸਿੰਘ (ਪਠਾਨਕੋਟ ਵਾਲੇ), ਢਾਡੀ ਸੁਰਜੀਤ ਸਿੰਘ ਵਾਰਿਸ ਅਤੇ ਭਾਈ ਮੰਗਲ ਸਿੰਘ ਮਹਿਰਮ ਆਦਿ ਜਥੇ ਪੜ੍ਹਾਅਵਾਰ ਹਾਜ਼ਰੀ ਭਰ ਕੇ ਸੰਗਤਾਂ ਦੇ ਦਰਸ਼ਨ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰਤਾਪ ਸਿੰਘ ਬਾਜਵਾ ਕੈਨੇਡਾ ਫ਼ੇਰੀ ਦੌਰਾਨ ਵੈਨਕੂਵਰ ਪੁੱਜੇ ਦੋਸਤਾਂ ਅਤੇ ਸਮਰਥਕਾਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ
Next articleਬਸਪਾ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਕਮੇਟੀ ਦਾ ਗਠਨ ਕੈਪਟਨ ਕਰਮਜੀਤ ਸਿੰਘ ਲੋਹਾਰੀ ਹਲਕਾ ਪ੍ਰਧਾਨ ਨਿਯੁਕਤ:ਗੋਲਡੀ ਪੁਰਖਾਲੀ