ਪ੍ਰਸ਼ਾਸਨ , ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਪੀੜਤਾਂ ਦੀ ਮਦਦ ਦੀ ਕੀਤੀ ਅਪੀਲ
ਕਪੂਰਥਲਾ, (ਕੌੜਾ)- ਆਰ ਸੀ ਐਫ ਦੇ ਨੇੜੇ ਭਲਾਣਾ ਪਿੰਡ ਦੇ ਸਾਹਮਣੇ ਬਣੀਆਂ ਹੋਈਆਂ ਝੁੱਗੀਆਂ ਵਿੱਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਡੇਢ ਸੌ ਚੁੱਕੀਆਂ ਸੜ ਕੇ ਸਵਾਹ ਹੋ ਗਈਆਂ, ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾ ਰਿਹਾ ਸੀ । ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਮਹਿਲਾ ਵਿੰਗ ਰਾਜਿੰਦਰ ਕੌਰ ਰਾਜ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਪੀੜਤਾਂ ਦਾ ਹਾਲ ਚਾਲ ਪੁੱਛਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਇਹ ਅੱਗ ਦੀਆਂ ਘਟਨਾਵਾਂ ਲਗਭਗ ਹਰ ਸਾਲ ਹੀ ਵਾਪਰਦੀਆਂ ਹਨ । ਜਿਸ ਵੱਲ ਪ੍ਰਸ਼ਾਸਨ ਨੂੰ ਉਚੇਚਾ ਧਿਆਨ ਦੇਣ ਦਾ ਦੀ ਜਰੂਰਤ ਹੈ । ਉਹਨਾਂ ਕਿਹਾ ਕਿ ਇਸ ਘਟਨਾ
ਨਾਲ ਜਿੱਥੇ 150 ਝੁੱਗੀਆਂ ਵਿੱਚ ਪਿਆ ਕੀਮਤੀ ਸਮਾਨ ਜੋ ਕਿ ਗਰੀਬਾਂ ਨੇ ਬੜੀ ਮਿਹਨਤ ਨਾਲ ਬਣਾਇਆ ਸੀ ਸੜ ਕੇ ਸਵਾਹ ਹੋ ਗਿਆ ਹੈ ਅਤੇ ਹੁਣ ਇਸ ਸਮੇਂ ਇੰਨਾ ਕੋਲ ਨਾ ਤਾਂ ਕੁਝ ਖਾਣ ਨੂੰ ਹੈ ਤੇ ਨਾ ਹੀ ਸਿਰ ਢੱਕਣ ਨੂੰ ਉੱਪਰ ਛੱਤ ਹੈ । ਉਹਨਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਪੀੜਤਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇ। ਕਿਉਂਕਿ ਛੋਟੇ ਛੋਟੇ ਬੱਚੇ ਭੁੱਖੇ ਬੈਠੇ ਹੋਏ ਹਨ। ਉਹਨਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਘਰ ਬਣਾਉਣ ਲਈ ਤਰਪਾਲਾਂ ਤੇ ਹੋਰ ਸਾਜੋ ਸਮਾਨ ਇਹਨਾਂ ਨੂੰ ਮਹੁੱਈਆ ਕਰਵਾਇਆ ਜਾਵੇ । ਉਹਨਾਂ ਨੇ ਕਿਹਾ ਕਿ ਇਸ ਘਟਨਾ ਦਾ ਮੈਨੂੰ ਕਾਫੀ ਅਫਸੋਸ ਹੈ ਕਿ ਕਿਉਂਕਿ ਇੱਕ ਦਿਨ ਬੀਤਣ ਤੇ ਵੀ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਇਥੇ ਨਹੀਂ ਪਹੁੰਚਿਆ। ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਨਾਲ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਵੀ ਇਸ ਘਟਨਾ ਸਥਾਨ ਤੇ ਪਹੁੰਚਣ ਦੀ ਅਪੀਲ ਕੀਤੀ ਤਾਂ ਕਿ ਜਿੱਥੋਂ ਤੱਕ ਹੋ ਸਕੇ ਇਹਨਾਂ ਪੀੜਤਾਂ ਦੀ ਮਦਦ ਕੀਤੀ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly