ਨਵੀਂ ਦਿੱਲੀ (ਸਮਾਜ ਵੀਕਲੀ): ‘ਸਿੱਖਸ ਫਾਰ ਜਸਟਿਸ’ ਨੇ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਮਾਇਤ ਲਈ ਕੋਈ ਪੱਤਰ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਭਾਜਪਾ ਨੇ ਕਿਹਾ ਹੈ ਕਿ ‘ਆਪ’ ਸੱਤਾ ਲਈ ਪੰਜਾਬ ਨੂੰ ਅੱਗ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਕ ਚਿੱਠੀ ਨਸ਼ਰ ਹੋ ਰਹੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ‘ਆਪ’ ਨੂੰ ਹਮਾਇਤ ਦਿੱਤੀ ਹੈ।
ਇਹ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਪੰਨੂ ਨੇ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਚਿੱਠੀ ਫਰਜ਼ੀ ਹੈ ਅਤੇ ਉਸ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਦੇ ਸੂਚਨਾ ਅਤੇ ਤਕਨਾਲੋਜੀ ਵਿਭਾਗ ਦੇ ਕੌਮੀ ਇੰਚਾਰਜ ਅਮਿਤ ਮਾਲਵੀਆ ਨੇ ਕਿਹਾ ਹੈ,‘‘ਆਮ ਆਦਮੀ ਪਾਰਟੀ ਹੁਣ ਹੋਰ ਹੇਠਾਂ ਡਿੱਗ ਗਈ ਹੈ। ਅਮਰੀਕਾ ਆਧਾਰਿਤ ਕੱਟੜ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਹਮਾਇਤ ਦੀ ਕੋਈ ਚਿੱਠੀ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ। ‘ਆਪ’, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਹਮਾਇਤ ਦੀ ਫਰਜ਼ੀ ਚਿੱਠੀ ਜਾਰੀ ਕੀਤੀ ਹੈ।
‘ਆਪ’ ਸੱਤਾ ਲਈ ਪੰਜਾਬ ਨੂੰ ਅੱਗ ਦੇ ਹਵਾਲੇ ਕਰਨਾ ਚਾਹੁੰਦੀ ਹੈ।’’ ਕੁਮਾਰ ਵਿਸ਼ਵਾਸ ਦੀ ਖਾਮੋਸ਼ੀ ’ਤੇ ਸਵਾਲ ਉਠਾਏ ਜਾਣ ਲਈ ‘ਆਪ’ ’ਤੇ ਵਰ੍ਹਦਿਆਂ ਮਾਲਵੀਆ ਨੇ ਟਵੀਟ ਕੀਤਾ ਕਿ ‘ਆਪ’ ਕੁਮਾਰ ਵਿਸ਼ਵਾਸ ਵੱਲੋਂ ਪਹਿਲਾਂ ਨਾ ਬੋਲਣ ਦਾ ਲਾਭ ਉਠਾਉਣਾ ਚਾਹੁੰਦੀ ਹੈ ਪਰ ਉਸ ਨੇ ਜਨਵਰੀ 2020 ’ਚ ਇਕ ਇੰਟਰਵਿਊ ਦੌਰਾਨ ਅਰਵਿੰਦ ਕੇਜਰੀਵਾਲ ਦੇ ਮਨਸੂਬਿਆਂ ਦਾ ਪਰਦਾਫ਼ਾਸ਼ ਕੀਤਾ ਸੀ। ਉਸ ਨੇ ਕਿਹਾ ਕਿ ਕੇਜਰੀਵਾਲ ਨੂੰ ਕੁਮਾਰ ਵਿਸ਼ਵਾਸ ਦੇ ਬਿਆਨ ’ਤੇ ਸਫ਼ਾਈ ਦੇਣੀ ਚਾਹੀਦੀ ਹੈ। ਮਾਲਵੀਆ ਨੇ ਇਕ ਹੋਰ ਟਵੀਟ ’ਚ ਕਿਹਾ,‘‘ਨਾ ਸਿਰਫ਼ ਕੁਮਾਰ ਵਿਸ਼ਵਾਸ ਸਗੋਂ ਗੁਲ ਪਨਾਗ ਨੇ ਵੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਨੂੰ ਪੰਜਾਬ ’ਚ 2017 ਦੀਆਂ ਚੋਣਾਂ ਸਮੇਂ ਧਾਰਮਿਕ ਕੱਟੜਪੰਥੀਆਂ ਅਤੇ ਵੱਖਵਾਦੀ ਅਨਸਰਾਂ ਨਾਲ ਸਬੰਧਾਂ ਤੋਂ ਵਰਜਿਆ ਸੀ। ਪਰ ਕੇਜਰੀਵਾਲ ਨੇ ਸੱਤਾ ਦੀ ਭੁੱਖ ਕਾਰਨ ਤਬਾਹੀ ਦਾ ਰਾਹ ਚੁਣਿਆ ਹੋਇਆ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly