ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਪੂਰਨ ਬਹੁਮਤ ਮਿਲਣ ਤੋਂ ਬਾਅਦ ਨਵੀਂ ਸਰਕਾਰ ਦੇ ਮੰਤਰੀ-ਮੰਡਲ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਪੁਰਾਣੇ ਅਤੇ ਨਵੇਂ ਵਿਧਾਇਕ ਜੋੜ-ਤੋੜ ਵਿੱਚ ਲੱਗ ਗਏ ਹਨ। ਪਾਰਟੀ ਦੂਜੀ ਵਾਰ ਜਿੱਤਣ ਵਾਲੇ ਵਿਧਾਇਕਾਂ ਬਾਰੇ ਚਰਚਾ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਡੇ ਸਿਆਸੀ ਥੰਮ੍ਹਾਂ ਨੂੰ ਡੇਗਣ ਵਾਲੇ ਆਗੂਆਂ ਲਈ ਵੀ ਰਣਨੀਤੀ ਤਿਆਰ ਕਰਨ ਲੱਗੀ ਹੋਈ ਹੈ।
ਸੂਤਰਾਂ ਜਾਣਕਾਰੀ ਅਨੁਸਾਰ ਨਵੇਂ ਮੰਤਰੀ ਮੰਡਲ ਵਿੱਚ ਦੂਜੀ ਵਾਰ ਜਿੱਤਣ ਵਾਲੇ 10 ਵਿਧਾਇਕਾਂ ਵਿੱਚੋਂ ਅੱਧਿਆਂ ਨੂੰ ਹੀ ਥਾਂ ਮਿਲ ਸਕਦੀ ਹੈ, ਜਿਨ੍ਹਾਂ ’ਚ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ ਅਤੇ ਬਲਜਿੰਦਰ ਕੌਰ ਸ਼ਾਮਲ ਹੋ ਸਕਦੇ ਹਨ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ ਤੇ ਰਾਜਿੰਦਰ ਕੌਰ ਭੱਠਲ ਸਣੇ ਹੋਰਨਾਂ ਆਗੂਆਂ ਨੂੰ ਹਰਾਉਣ ਵਾਲਿਆਂ ਨੂੰ ਥਾਂ ਦੇਣ ਬਾਰੇ ਵੀ ਗੱਲਬਾਤ ਹੋ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਜਿੱਤਣ ਵਾਲੇ ਨੌਜਵਾਨਾਂ ਨੂੰ ਵੀ ਪਾਰਟੀ ਪੰਜਾਬ ਦੀ ਨਵੀਂ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ। ਸੂਤਰਾਂ ਅਨੁਸਾਰ ਮੰਤਰੀ ਮੰਡਲ ਬਾਰੇ ਫ਼ੈਸਲਾ ਦਿੱਲੀ ’ਚ ਹੋਵੇਗਾ। ‘ਆਪ’ ਦੀ ਕੌਮੀ ਲੀਡਰਸ਼ਿਪ ਨੇ ਸਾਰੇ ਅਧਿਕਾਰ ਆਪਣੇ ਹੱਥਾਂ ਵਿਚ ਰੱਖੇ ਹਨ ਤਾਂ ਕਿ ਸੂਬਾਈ ਲੀਡਰਸ਼ਿਪ ਉਨ੍ਹਾਂ ’ਤੇ ਹਾਵੀ ਨਾ ਹੋ ਸਕੇ।
‘ਆਪ’ ਦੇ 92 ਸੀਟਾਂ ’ਤੇ ਜਿੱਤ ਹਾਸਲ ਕਰਨ ਤੋਂ ਬਾਅਦ ਮੰਤਰੀ ਮੰਡਲ ਲਈ ਸੋਸ਼ਲ ਮੀਡੀਆ ’ਤੇ ਨਿੱਤ ਨਵੀਆਂ-ਨਵੀਆਂ ਸੂਚੀਆਂ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਇਕ ਸੂਚੀ ਤਾਂ ‘ਆਪ’ ਦੇ ਲੈਟਰ ਪੈਡ ’ਤੇ ਅਰਵਿਦ ਕੇਜਰੀਵਾਲ ਦੇ ਦਸਤਖ਼ਤ ਹੇਠ ਤੱਕ ਜਾਰੀ ਹੋ ਚੁੱਕੀ ਹੈ। ਜਦਕਿ ‘ਆਪ’ ਨੇ ਹਾਲੇ ਤੱਕ ਮੰਤਰੀ ਮੰਡਲ ਦਾ ਐਲਾਨ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ 16 ਮਾਰਚ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ ਨਾਲ ਹੀ ਅੱਧਾ ਦਰਜਨ ਤੋਂ ਵੱਧ ਹੋਰ ਮੰਤਰੀ ਵੀ ਸਹੁੰ ਚੁੱਕ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly