ਕਪੂਰਥਲਾ (ਕੌੜਾ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਐਵਾਰਡੀ ਸ੍ਰ. ਸੱਜਣ ਸਿੰਘ ਨੇ ਪਾਰਟੀ ਹਾਈਕਮਾਂਡ ਵੱਲੋਂ ਟਿਕਟ ਦਾ ਐਲਾਨ ਕਰਨ ਉਪਰੰਤ ਅੱਜ ਆਪਣੇ ਹਲਕੇ ਦੇ ਸਮੂਹ ਆਪ ਵਲੰਟੀਅਰਾਂ ਤੇ ਸਾਥੀਆਂ ਸਮੇਤ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਪੁੱਜ ਕੇ ਮੱਥਾ ਟੇਕਿਆ ਅਤੇ ਕੜਾਹ ਪ੍ਰਸ਼ਾਦਿ ਦੀ ਦੇਗ ਚੜ੍ਹਾ ਕੇ ਅਕਾਲ ਪੁਰਖ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ੁਕਰਾਨਾ ਕੀਤਾ । ਇਸਤੋਂ ਪਹਿਲਾਂ ਅੱਜ ਸਵੇਰੇ ਤਲਵੰਡੀ ਰੋਡ ਵਿਖੇ ਆਪ ਦੇ ਦਫਤਰ ‘ਚ ਸਮੂਹ ਆਪ ਆਗੂ ਤੇ ਵਲੰਟੀਅਰ ਇੱਕਠੇ ਹੋਏ , ਜਿੱਥੋਂ ਵਾਹਿਗੁਰੂ ਸਿਮਰਨ ਕਰਦੇ ਹੋਏ ਸ਼ਰਧਾ ਭਾਵ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇ ਤੇ ਮੱਥਾ ਟੇਕਣ ਉਪਰੰਤ ਸਾਰਿਆਂ ਮਿਲ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਤੇ ਹੋਰ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੂੰ ਸ਼ਰਧਾ ਭੇਂਟ ਕਰਦੇ ਹੋਏ ਮੂਲ ਮੰਤਰ ਦਾ ਜਾਪ ਕੀਤਾ ਅਤੇ ਉਪਰੰਤ ਸਰਬੱਤ ਦੇ ਭਲੇ ਤੇ ਆਪ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ।
ਇਸ ਉਪਰੰਤ ਸਮੂਹ ਆਪ ਆਗੂਆਂ ਸਮੇਤ ਸਾਂਝੀ ਤਸਵੀਰ ਖਿਚਵਾਉਣ ਸਮੇ ਆਪ ਦੇ ਉਮੀਦਵਾਰ ਸੱਜਣ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕਰਾਂਗੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀ ਲੁੱਟ ਖਸੁੱਟ ਨੂੰ ਬੰਦ ਕਰਵਾਉਣ ਲਈ ਆਪ ਦੀ ਸਰਕਾਰ ਨੂੰ ਲਿਆਉਣਾ ਹੋਵੇਗਾ ।ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀਆਂ ਤੇ ਹੁਣ ਕਾਂਗਰਸ ਦੀ ਸਰਕਾਰ ਨੇ ਪੰਜਾਬ ਤੇ ਲੋਕਾਂ ਨੂੰ ਬਹੁਤ ਲੁੱਟਿਆ ਹੈ ।
ਸੇਵਾ ਮੁਕਤ ਐਸ.ਐਸ.ਪੀ. ਸੱਜਣ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਦੀਆਂ ਚੋਣਾਂ ‘ਚ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਲੰਬੇ ਸਮੇਂ ਤੋਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਰਾਹੀਂ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ ਨੇ ਲੁੱਟਿਆ ਹੈ। ਕਾਂਗਰਸ ਸਰਕਾਰ ਉਸ ਮਾਫੀਆ ਨਾਲ ਮਿਲ ਕੇ ਲੁੱਟ ਕਰ ਰਹੀ ਹੈ ਤੇ ਹਲਕਾ ਸੁਲਤਾਨਪੁਰ ਲੋਧੀ ‘ਚ ਪਿਛਲੇ ਪੌਣੇ 5 ਸਾਲਾਂ ਤੋਂ ਰੇਤ ਮਾਫੀਆ ਵਿਧਾਇਕ ਦੀ ਸਰਪ੍ਰਸਤੀ ਹੇਠਾਂ ਲੁੱਟ ਕੇ ਘਰ ਭਰ ਰਿਹਾ ਹੈ ।
ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਲੋਚਨਾ ਕਰਦੇ ਕਿਹਾ ਕਿ ਕਾਂਗਰਸ ਦਾ ਨਵਾਂ ਮੁੱਖ ਮੰਤਰੀ ਦੋ ਮਹੀਨਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਧੋਖਾ ਦੇ ਰਿਹਾ ਹੈ ਤੇ ਲਗਾਤਾਰ ਵੱਡੇ ਵੱਡੇ ਹਜਾਰਾਂ ਕਰੋੜ ਰੁਪਏ ਦੇ ਐਲਾਨ ਕਰ ਰਿਹਾ ਹੈ , ਜਦਕਿ ਕਾਂਗਰਸ ਦੀ ਸਰਕਾਰ ਕੁਝ ਘੰਟਿਆਂ ਦੀ ਮਹਿਮਾਨ ਹੈ । ਉਨ੍ਹਾਂ ਕਿਹਾ ਸਰਕਾਰ ਵੱਲੋਂ ਐਲਾਨ ਹੀ ਹੋ ਰਹੇ ਹਨ ਜਦਕਿ ਅਸਲ ਵਿਚ ਕੁਝ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀ ਕਾਰਜਸ਼ੈਲੀ ਅਸੀਂ ਸਾਰੇ ਦੇਖ ਰਹੇ ਹਾਂ। ਪੰਜਾਬ ਨੇ ਤਰੱਕੀ ਨਹੀਂ ਕੀਤੀ । ਜੇਕਰ ਸਾਡੇ ਸਿਆਸੀ ਆਗੂ ਸੁਹਿਰਦ ਤੇ ਇਮਾਨਦਾਰ ਹੁੰਦੇ ਤਾਂ ਹੁਣ ਤੱਕ ਸੂਬਾ ਤੇ ਸੂਬੇ ਦੇ ਲੋਕ ਖੁਸ਼ਹਾਲ ਹੁੰਦੇ । ਅੱਜ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਬਹੁਤ ਹੀ ਤਰਸਯੋਗ ਹਾਲਤ ਵਿਚੋਂ ਲੰਘ ਰਹੀ ਹੈ। ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਰਹਿ ਕੇ ਆਪਣਾ ਭਵਿੱਖ ਧੁੰਦਲਾ ਦੇਖ ਰਹੇ ਹਨ ਅਤੇ ਬੱਚਿਆਂ ਦੇ ਮਾਪੇ ਜਾਇਦਾਦਾਂ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਮੈ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਦੀ ਗੱਲ ਹਮੇਸ਼ਾ ਕੀਤੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰਾਂ੍ਹ ਸਮਿਝਆ ਹੈ । ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੀ ਨੀਤੀ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਉਹ ਰਿਵਾਇਤੀ ਪਾਰਟੀ ਵਿਚ ਰਹਿ ਕੇ ਘੁਟਣ ਮਹਿਸੂਸ ਕਰ ਰਹੇ ਸਨ ਕਿਉਂਕਿ ਅੱਜ ਕਾਂਗਰਸ ਪਾਰਟੀ ਆਪਣੇ ਰਵਾਇਤੀ ਭਾਅ ਤੋਂ ਦੂਰ ਹੋ ਗਈ ਹੈ। ਉਨਾਂ ਕਿਹਾ ਕਿ ਉਹ ਜਾਤੀ ਆਧਾਰ ‘ਤੇ ਕਿਸੇ ਦੇ ਖਿਲਾਫ ਨਹੀਂ ਹੈ , ਪਰ ਬੇਈਮਾਨ ਹਾਕਮਾਂ ਤੋਂ ਕੀਤੇ ਘਪਲਿਆਂ ਦਾ ਹਿਸਾਬ ਜਰੂਰ ਲਿਆ ਜਾਵੇਗਾ । ਇਸ ਲਈ ਅੱਜ ਸਾਰੇ ਰਲ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਰਵਿੰਦ ਕੇਜਰੀਵਾਲ ਦੀ ਅਗਾਂਹਵਧੂ ਸੋਚ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਉੱਜਵਲ ਭਵਿੱਖ, ਆਪਣੇ ਬੱਚਿਆਂ ਦੇ ਭਵਿੱਖ ਅਤੇ ਖੁਸ਼ੀਆਂ ਨੂੰ ਲੈ ਕੇ ਸਰਬਪੱਖੀ ਵਿਕਾਸ ਵੱਲ ਵਧਣ ਅਤੇ ਪੰਜਾਬ ਨੂੰ ਨਸ਼ਾਮੁਕਤ ਕਰਨ। ਕੇਜਰੀਵਾਲ ਦੀ ਸੋਚ ਸਦਕਾ ਹੀ ਪੰਜਾਬ ਤਰੱਕੀ ਕਰੇਗਾ ਅਤੇ ਹਰ ਇੱਕ ਦੇ ਬੱਚਿਆਂ ਦਾ ਭਵਿੱਖ ਸੁਨਹਿਰਾ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly