ਰਿਟਾ. ਡੀਐਸਪੀ, ਬੈਂਕ ਮੈਨੇਜਰ ਸਮੇਤ ਕਈ ਸਖਸ਼ੀਅਤਾਂ ਬਸਪਾ ‘ਚ ਸ਼ਾਮਲ ਹੋਈਆਂ
ਗੁਰਦਾਸਪੁਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਅੱਜ ਡਾ. ਅੰਬੇਡਕਰ ਭਵਨ ਗੁਰਦਾਸਪੁਰ ਵਿਖੇ ਹੋਈ। ਇਸ ਮੌਕੇ ਜ਼ਿਲ੍ਹੇ ਦੇ ਪਾਰਟੀ ਅਹੁਦੇਦਾਰਾਂ-ਵਰਕਰਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਗੁਰਦਾਸਪੁਰ ਪਹੁੰਚਣ ‘ਤੇ ਸਾਬਕਾ ਸਾਂਸਦ ਡਾ. ਕਰੀਮਪੁਰੀ ਦਾ ਭਰਵਾਂ ਸਵਾਗਤ ਕੀਤਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਇਸ ਦੌਰਾਨ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦਾ 15 ਜਨਵਰੀ ਨੂੰ ਜਨਮਦਿਨ ਜ਼ਿਲ੍ਹਾ ਪੱਧਰ ‘ਤੇ ਮਨਾਉਣ ਦਾ ਫੈਸਲਾ ਵੀ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਅੱਜ ਤੱਕ ਦੀਆਂ ਸਰਕਾਰਾਂ ਨੇ ਸੂਬੇ ਨੂੰ ਹਰ ਖੇਤਰ ‘ਚ ਬਰਬਾਦ ਕਰਕੇ ਰੱਖ ਦਿੱਤਾ। ਸਾਰੀਆਂ ਸਰਕਾਰਾਂ ਦਾ ਕਿਰਦਾਰ, ਉਨ੍ਹਾਂ ਦੀ ਨੀਅਤ-ਨੀਤੀ ਤੇ ਕੰਮ ਕਰਨ ਦਾ ਢੰਗ ਹਮੇਸ਼ਾ ਦਲਿਤ-ਪੱਛੜੇ ਵਰਗਾਂ ਦਾ ਵਿਰੋਧੀ ਰਿਹਾ। ਡਾ. ਕਰੀਮਪੁਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਹੁਣ ਪੰਜ ਕਾਰਪੋਰੇਸ਼ਨ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ ਦੇ ਮੇਅਰ ਦੀ ਚੋਣ ‘ਚ ਰਾਖਵੇਂਕਰਨ ਦੀ ਨੀਤੀ ਨੂੰ ਖਤਮ ਕਰਕੇ ਇੱਕ ਵੀ ਮੇਅਰ ਦੀ ਸੀਟ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਨਹੀਂ ਰੱਖੀ, ਜਦਕਿ ਆਬਾਦੀ ਦੇ ਲਿਹਾਜ ਨਾਲ ਘੱਟੋ ਘੱਟ ਮੇਅਰ ਦੀਆਂ ਦੋ ਸੀਟਾਂ ਰਾਖਵੀਆਂ ਰੱਖਣੀਆਂ ਬਣਦੀਆਂ ਸਨ। ਇਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੀ ਨੀਅਤ ਤੇ ਨੀਤੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਕੰਮ ਕਰਨ ਦੀ ਹੈ। ਆਮ ਆਦਮੀ ਪਾਰਟੀ ਨੇ ਦਲਿਤਾਂ-ਪੱਛੜੇ ਵਰਗਾਂ ਦਾ ਰਾਜਨੀਤਿਕ ਕਤਲ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਸੱਤ ਰਾਜ ਸਭਾ ਦੇ ਮੈਂਬਰ ਪੰਜਾਬ ‘ਚੋਂ ਚੁਣ ਕੇ ਭੇਜੇ। ਉਨ੍ਹਾਂ ‘ਚ ਵੀ ਦਲਿਤਾਂ ਦੀ ਨੁਮਾਇੰਦਗੀ ਜ਼ੀਰੋ ਰਹੀ। ਪੰਜਾਬ ਦੇ ਅੰਦਰ ਐਸਸੀ ਕਮਿਸ਼ਨ ਦਾ ਚੇਅਰਮੈਨ ਗੈਰ ਦਲਿਤ ਨੂੰ ਲਗਾਇਆ ਗਿਆ। ਸੂਬੇ ‘ਚ ਜਿੰਨੇ ਵੀ ਪੁਲਿਸ ਕਮਿਸ਼ਨਰ ਜ਼ਿਲ੍ਹੇ ਹਨ, ਉਨ੍ਹਾਂ ਸਾਰੇ ਜ਼ਿਲ੍ਹਿਆਂ ‘ਚ ਕਿਤੇ ਵੀ ਅਨੁਸੂਚਿਤ ਜਾਤੀ ਵਰਗ ਦਾ ਅਧਿਕਾਰੀ ਉੱਚ ਅਹੁਦੇ ‘ਤੇ ਨਹੀਂ ਲਗਾਇਆ ਗਿਆ। ਇਸੇ ਤਰ੍ਹਾਂ ਰਾਖਵਾਂਕਰਨ ਦੇਣ ਦੀ ਬਜਾਏ ਆਪ ਸਰਕਾਰ ਨੇ ਲਾਅ ਅਫਸਰਾਂ ਦੀ ਨਿਯੁਕਤੀ ਵੇਲੇ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਦਲਿਤਾਂ ‘ਚ ਕੋਈ ਵੀ ਲਾਇਕ ਲਾਅ ਅਫਸਰ ਨਹੀਂ ਹੈ। ਇਸ ਤਰ੍ਹਾਂ ਆਪ ਸਰਕਾਰ ਨੇ ਲਾਅ ਅਫਸਰਾਂ ਦੀਆਂ ਪੋਸਟਾਂ ‘ਚ ਅਨੁਸੂਚਿਤ ਜਾਤੀਆਂ ਨੂੰ ਰਾਖਵਾਂਕਰਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਪ ਸਰਕਾਰ ਦੀ ਨੀਅਤ ਤੇ ਨੀਤੀ ਨੀਅਤ ਵੀ ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਾਂਗ ਦਲਿਤ-ਪੱਛੜੇ ਵਰਗਾਂ ਨੂੰ ਦਰਕਿਨਾਰ ਕਰਨ ਦੀ ਹੈ। ਬਹੁਜਨ ਸਮਾਜ ਪਾਰਟੀ ਆਪ ਸਰਕਾਰ ਦੇ ਇਸ ਵਤੀਰੇ ਖਿਲਾਫ ਜਨਤਕ ਲਾਮਬੰਦੀ ਕਰੇਗੀ। ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ‘ਚ ਪੰਜਾਬ ਦੀ ਆਪ ਸਰਕਾਰ ਨੂੰ ਗੰਭੀਰ ਰਾਜਨੀਤਕ ਸਿੱਟੇ ਭੁਗਤਣੇ ਪੈਣਗੇ। ਇਸ ਮੌਕੇ ਰਿਟਾਇਰਡ ਅਧਿਕਾਰੀਆਂ ਨੇ ਅਣਖ ਤੇ ਸਵੈਮਾਣ ਦੇ ਅੰਦੋਲਨ ‘ਚ ਬਹੁਜਨ ਸਮਾਜ ਪਾਰਟੀ ਜੁਆਇਨ ਕਰਨ ਦਾ ਐਲਾਨ ਕੀਤਾ। ਰਿਟਾਇਰਡ ਡੀਐਸਪੀ ਵਿਜੇ ਕੁਮਾਰ, ਬੈਂਕ ਮੈਨੇਜਰ ਅਸ਼ੋਕ ਕੁਮਾਰ ਅਤੇ ਉਨ੍ਹਾਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਬਸਪਾ ‘ਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਭਗਵਾਨ ਸਿੰਘ ਚੌਹਾਨ, ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ, ਜ਼ਿਲ੍ਹੇ ਦੇ ਪ੍ਰਧਾਨ ਜੇਪੀ ਭਗਤ, ਮੇਜਰ ਸੋਮਨਾਥ, ਰਾਜ ਹੰਸ, ਅਸ਼ੋਕ, ਸੁਰਿੰਦਰ ਚੌਧਰੀ ਅਤੇ ਹੋਰ ਵੀ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj