ਔਰਤ ਦੀ ਕਵਿਤਾ ਹੁਣ ਰੁਦਨ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਹੈ…

ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ 

(ਸਮਾਜ ਵੀਕਲੀ’) ਪੰਜਾਬ ਸਾਹਿਤ ਅਕਾਦਮੀ ਵੱਲੋਂ ਨਾਰੀ ਸਸ਼ਕਤੀਕਰਨ ਦੀ ਮੁਹਿੰਮ ਦੇ ਤਹਿਤ ‘ ਨਾਰੀ ਸਾਹਿਤ : ਬਦਲਦੇ ਸੰਦਰਭ ‘ ਵਿਸ਼ੇ ਤੇ ਕੌਮਾਂਤਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ।ਸੈਮੀਨਾਰ ਦੀ ਪ੍ਰਧਾਨਗੀ ਡਾ. ਰਜਿੰਦਰਪਾਲ ਸਿੰਘ ਬਰਾੜ ਅਤੇ ਸੁਰਜੀਤ ਕੌਰ ਸੈਕਰਾਮੈਂਟੋ ਨੇ ਕੀਤੀ ਅਤੇ ਕਵੀ ਦਰਬਾਰ ਦੀ ਪ੍ਰਧਾਨਗੀ ਸ਼ਾਇਰਾ ਪਾਲ ਕੌਰ ਅਤੇ ਅਰਤਿੰਦਰ ਸੰਧੂ ਨੇ ਕੀਤੀ।ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੇ ਸੁਆਗਤ ਕਰਦਿਆਂ ਔਰਤ ਅਸਤਿਤਵ ਦੇ ਵਰਤਮਾਨ ਪਹਿਲੂਆਂ ਦੀ ਪਛਾਣ ਤੇ ਜੋਰ ਦਿੱਤਾ।  ਸੰਵਾਦ ਦਾ ਆਗਾਜ਼ ਕਰਦਿਆਂ ਪ੍ਰੋ. ਯੋਗਰਾਜ ਨੇ ਕਿਹਾ ਕਿ ਬਿਨਾ ਸ਼ੱਕ ਪੰਜਾਬੀ ਵਿਚ ਬਹੁਤ ਸਾਰੀਆਂ ਕੁੜੀਆਂ ਕਵਿਤਾ ਲਿਖ ਰਹੀਆਂ ਹਨ, ਪਰ ਜਿੰਨੀ ਦੇਰ ਤਕ ਔਰਤ ਸਮਾਜਿਕ ਰਾਜਨੀਤਕ ਸੰਘਰਸ਼ਾਂ ਵਿਚ ਸਰਗਰਮ ਭੂਮਿਕਾ ਨਹੀਂ ਨਿਭਾਉਂਦੀ, ਉੱਨੀ ਦੇਰ ਤਕ ਕਵਿਤਾ ਵਿਚ ਗਹਿਰਾਈ ਨਹੀਂ ਆਉਂਦੀ। ਜਿੰਨੀ ਦੇਰ ਤੱਕ ਅਸੀਂ ਦੁਨੀਆ ਭਰ ਦਾ ਚਿੰਤਨ ਨਹੀਂ ਪੜ੍ਹਦੇ, ਉੱਨੀ ਦੇਰ ਤਕ ਅਸੀਂ ਜੀਵਨ ਦੀ ਜਟਿਲਤਾ ਨੂੰ ਸਮਝਣ ਦੇ ਸਮਰਥ ਨਹੀਂ ਹੋ ਸਕਦੇ।ਇਸ ਤੋਂ ਬਾਅਦ ਗਲਪ ਵਿਚ ਔਰਤ ਪਾਤਰਾਂ ਦੀ ਪੇਸ਼ਕਾਰੀ ਵਿਸ਼ੇ ਤੇ ਬੋਲਦਿਆਂ ਡਾ. ਜੇ ਬੀ ਸੇਖੋਂ ਅਤੇ ਡਾ. ਪਰਮਜੀਤ ਕੌਰ ਨੇ ਕਿਹਾ ਕਿ ਭਾਵੇਂ ਹੁਣ ਤਕ ਕਹਾਣੀ ਅਤੇ ਨਾਵਲ ਵਿਚ ਬਹੁਤ ਸਾਰੇ ਔਰਤ ਪਾਤਰ ਆਏ ਹਨ, ਪਰ ਔਰਤ ਨੇ ਅਜੇ ਸਮਾਜ ਦੀਆਂ ਜਟਿਲਤਾਵਾਂ ਨਾਲ ਭਰੇ ਅਮਰ ਇਸਤਰੀ ਪਾਤਰਾਂ ਦੀ ਸਿਰਜਣਾ ਕਰਨੀ ਹੈ। ਨਾਟਕ ਬਾਰੇ ਬੋਲਦਿਆਂ ਡਾ. ਰਵਿੰਦਰ ਕੌਰ ਨੇ ਦੁਲਹਨ ਤੋਂ ਲੈਕੇ ਨਵੇਂ ਨਾਟਕਾਂ ਵਿਚ ਔਰਤ ਦੀ ਪੇਸ਼ਕਾਰੀ ਤੇ ਚਰਚਾ ਕੀਤੀ। ਰੰਗਮੰਚ ਦੀ ਗੱਲ ਕਰਦਿਆਂ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪੰਜਾਬੀ ਰੰਗਮੰਚ ਨੇ 1939 ਵਿਚ ਊਮਾ ਗੁਰਬਖਸ਼ ਸਿੰਘ, ਧਰਮ ਕੌਰ ਅਤੇ ਸ਼ੀਲਾ ਭਾਟੀਆ ਤੋਂ ਤੁਰਿਆ ਰੰਗਮੰਚ ਦਾ ਕਾਫ਼ਲਾ ਹੁਣ ਔਰਤ ਦੁਆਰਾ ਸੁਤੰਤਰ ਨਿਰਦੇਸ਼ਨ, ਸੁਤੰਤਰ ਨਾਟਕਕਾਰੀ ਅਤੇ ਸੋਲੋ ਨਾਟਕਾਂ ਦੇ ਰੂਪ ਵਿਚ ਮੁਕੰਮਲ ਅਦਾਕਾਰੀ ਤਕ ਦਾ ਸਫ਼ਰ ਤੈਅ ਕੀਤਾ ਹੈ। ਪੰਜਾਬੀ ਨਾਰੀ ਕਵਿਤਾ ਤੇ ਗੱਲ ਕਰਦਿਆਂ ਡਾ. ਅਰਵਿੰਦਰ ਕਾਕੜਾ ਅਤੇ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਵਿਚ ਹੁਣ ਬਹੁਤ ਵਧੀਆ ਕਵਿਤਾ ਲਿਖੀ ਜਾ ਰਹੀ ਹੈ, ਫਿਰ ਵੀ ਨਾਰੀ ਕਵੀ ਨੂੰ ਜਗੀਰੂ ਦਾਬੇ, ਸੁੰਦਰਤਾ ਦੇ ਅਰਥ ਅਤੇ ਫੇਸਬੁੱਕੀ ਚਕਚੌਂਧ ਤੋਂ ਸੁਚੇਤ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਜ਼ਰੂਰੀ ਨਹੀਂ ਹਰ ਕਵਿਤਾ ਵਿਚ ਅਨੁਭਵ ਹੀ ਹੋਵੇ, ਸ਼ਿਵ ਦੀ ਲੂਣਾ ਵਰਗੀ ਕਵਿਤਾ ਅਜੇ ਨਾਰੀ ਕਵੀਆਂ ਦੁਆਰਾ ਲਿਖੀ ਜਾਣੀ ਬਾਕੀ ਹੈ। ਡਾ. ਗੁਰਮਿੰਦਰ ਸਿੱਧੂ ਅਤੇ ਡਾ. ਅਰਵਿੰਦਰ ਢਿੱਲੋਂ ਨੇ ਪਰਵਾਸ ਵਿਚ ਲਿਖੇ ਜਾ ਰਹੇ ਨਾਰੀ ਸਾਹਿਤ ਦੀਆਂ ਅਨੇਕ ਸੂਖਮ ਪਰਤਾਂ ਤੇ ਚਰਚਾ ਕੀਤੀ। ਬੀਬੀ ਸੁਰਜੀਤ ਕੌਰ ਨੇ ਸਿੱਖ ਧਰਮ ਵਿੱਚ ਪਹਿਲੇ ਹੈੱਡ ਗ੍ਰੰਥੀ ਬਣਨ ਤੋਂ ਬਾਅਦ 20 ਸਾਲ ਕੀਤੇ ਸੰਘਰਸ਼ ਦਾ ਜ਼ਿਕਰ ਕੀਤਾ। ਉਹਨਾਂ ਬੁਲੰਦ ਆਵਾਜ਼ ਵਿਚ ਰੁਬਾਈਆਂ ਪੇਸ਼ ਕੀਤੀਆਂ। ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਔਰਤ ਨੂੰ ਵਿਆਹ ਵਰਗੀਆਂ ਸੰਸਥਾਵਾਂ ਅਤੇ ਹੋਰ ਨੈਤਿਕ ਮੁੱਲ ਵਿਧਾਨ ਦੇ ਓਹਲੇ ਵਿਚ ਲਿਪਟੇ ਗੁਲਾਮ ਅਹਿਸਾਸਾਂ ਨੂੰ ਚੁਣੌਤੀ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਿਗਿਆਨ ਅਤੇ ਤਕਨੀਕ ਨੇ ਔਰਤ ਦੀ ਜ਼ਿੰਦਗੀ ਵਿਚ ਵੱਡੇ ਪਰਿਵਰਤਨ ਲਿਆਂਦੇ। ਇਹਨਾਂ ਪਰਿਵਰਤਨਾਂ ਦੀ ਨਿਰੰਤਰਤਾ ਦੀ ਜ਼ਰੂਰਤ ਹੈ। ਬਲਕਾਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਪ੍ਰੋਗਰਾਮ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ।

ਨਾਰੀ ਕਵੀ ਦਰਬਾਰ ਦੇ ਦੌਰਾਨ  ਖੁੱਲ੍ਹੀ ਕਵਿਤਾ, ਗ਼ਜ਼ਲ, ਗੀਤ ਅਤੇ ਰੁਬਾਈ ਦਾ ਲੰਬਾ ਸਿਲਸਿਲਾ ਚਲਿਆ। ਕਵੀ ਦਰਬਾਰ ਵਿਚ ਇਕ ਪਾਸੇ ਚਰਨਜੀਤ ਜੋਤ, ਗੁਰਪ੍ਰੀਤ ਕੌਰ, ਰੂਹੀ ਸਿੰਘ, ਮੀਨਾ ਮਹਿਰੋਕ, ਜੋਗਿੰਦਰ ਨੂਰਮੀਤ,ਪਰਜਿੰਦਰ ਕਲੇਰ, ਮਨਦੀਪ ਭਦੌੜ, ਅੰਜਨਾ ਮੈਨਨ, ਹਰਪ੍ਰੀਤ ਸੰਧੂ, ਮਨ ਮਾਨ ਅਤੇ ਕੁਲਵਿੰਦਰ ਚਾਵਲਾ ਨੇ ਬਹੁਤ ਹੀ ਉਮਦਾ ਅਤੇ ਨਵੇਂ ਵਿਸ਼ਿਆਂ ਤੇ ਲਿਖੀਆਂ ਕਵਿਤਾਵਾਂ ਪੇਸ਼ ਕੀਤੀਆਂ, ਉਥੇ ਸਥਾਪਤ ਕਵੀਆਂ ਵਿਚੋਂ ਰਮਨਦੀਪ ਵਿਰਕ, ਰਾਜਵਿੰਦਰ ਜਟਾਣਾ,ਸੰਦੀਪ ਜਸਵਾਲ, ਦੀਪ ਇੰਦਰ ਅਤੇ ਨਰਿੰਦਰਪਾਲ ਕੌਰ ਨੇ ਡੂੰਘੇ ਅਹਿਸਾਸ ਵਾਲਿਆਂ ਕਵਿਤਾਵਾਂ ਪੇਸ਼ ਕੀਤੀਆਂ।
ਇਹਨਾਂ ਕਵਿਤਾਵਾਂ ਵਿਚ ਪਰਵਾਸ, ਪਰਵਾਸ ਤੋਂ ਬਾਅਦ ਦੀ ਇਕੱਲਤਾ, ਜਗੀਰੂ ਦਾਬੇ ਅਤੇ ਆਪਣੇ ਅਸਤਿੱਤਵ ਦੀਆਂ ਚੁਣੌਤੀਆਂ ਵਰਗੇ ਵਿਸ਼ੇ ਪੇਸ਼ ਕੀਤੇ ਗਏ। ਪਾਲ ਕੌਰ ਨੇ ਕਿਹਾ ਕਿ ਹੁਣ ਅਸੀਂ ਨਾਰੀਵਾਦ ਤੋਂ ਅੱਗੇ ਲੰਘ ਕੇ ਨਾਰੀ ਚਿੰਤਨ ਦੇ ਦੌਰ ਵਿੱਚ ਹਾਂ। ਹੁਣ ਔਰਤ ਦੀ ਕਵਿਤਾ ਰੁਦਨ ਦੀ ਕਵਿਤਾ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਵੀ ਹੈ। ਇਸ ਸੈਸ਼ਨ ਦਾ ਮੰਚ ਸੰਚਾਲਨ ਸ਼ਾਇਰਾ ਦੀਪਇੰਦਰ ਅਤੇ ਰੂਹੀ ਸਿੰਘ ਨੇ ਕੀਤਾ।
ਸਮਾਗਮ ਵਿੱਚ ਰਮਿੰਦਰ ਰੰਮੀ ( ਰਮਿੰਦਰ ਵਾਲੀਆ )  ਦੀ ਇਕ ਕਾਵਿ ਪੁਸਤਕ ( ਤੇਰੀ ਚਾਹਤ ) ਅਤੇ ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਦੋ ਕਿਤਾਬਾਂ ਲੋਕ ਅਰਪਿਤ ਕੀਤੀਆਂ।ਇਸ ਸਮਾਗਮ ਵਿਚ ਸੁਖਜੀਵਨ, ਲਾਭ ਸਿੰਘ ਖੀਵਾ, ਹਰਜਾਪ ਔਜਲਾ, ਸੁਰਜੀਤ ਸਿੰਘ ਧੀਰ, ਅਜਾਇਬ ਸਿੰਘ ਚੱਠਾ, ਡਾ. ਗੁਰਮੇਲ ਸਿੰਘ, ਸੁਰਿੰਦਰ ਗਿੱਲ, ਜਸਪਾਲ ਸਿੰਘ ਦੇਸੂਵੀ , ਸੰਜੀਵਨ ਸਿੰਘ, ਡਾ. ਕੰਵਲਜੀਤ ਕੌਰ, ਪ੍ਰੋ ਗੁਰਦੀਪ ਗੁਲ, ਗੁਰਦਰਸ਼ਨ ਮਾਵੀ, ਸਰਦਾਰਾ ਸਿੰਘ ਚੀਮਾ, ਦਵਿੰਦਰ ਕੌਰ ਢਿੱਲੋਂ, ਸੁਖਵਿੰਦਰ ਕੌਰ, ਨਗੇਸ਼, ਬਲਦੇਵ ਸਿੰਘ, ਦੀਪਕ ਚਨਾਰਥਲ, ਪਰਮਜੀਤ ਸਿੰਘ ਮਾਨ, ਦਿਲਬਾਗ ਸਿੰਘ ਅਤੇ ਚੰਡੀਗੜ੍ਹ ਦੇ ਹੋਰ ਬਹੁਤ ਸਾਰੇ ਪਤਵੰਤਿਆਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਹ ਨਿਊਜ਼ ਡਾ ਕੁਲਦੀਪ ਸਿੰਘ ਦੀਪ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਵਾਲੀਆ ਅਸੋਸੀਏਟ ਮੈਂਬਰ ,
                       ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਹਿਲਾ ਟਰਾਲੀ ਲੋੜ ਅਨਲੋਡ ਮੁਕਾਬਲਾ 19 ਫਰਵਰੀ ਨੂੰ ਘੱਗਾ ਵਿਖੇ ਹੋਵੇਗਾ – ਅਮਨ ਘੱਗਾ
Next articleਕੋਪਲ ਕੰਪਨੀ ਨੇ ਹਮੇਸ਼ਾ ਵਧੀਆ ਉਤਪਾਦ ਦੇ ਕੇ  ਕਿਸਾਨੀ ਹਿੱਤ ਨੂੰ ਪਹਿਲ ਦਿੱਤੀ ਹੈ : ਕਰਮਜੀਤ ਅਨਮੋਲ