ਗਦਰ ਪਾਰਟੀ ਸੂਰਮਿਆਂ ਅਤੇ ਬੱਬਰ ਅਕਾਲੀ ਯੋਧਿਆਂ ਦੇ ਨਾਂ ’ਤੇ ਪੰਜਾਬ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ ਃ ਸਾਹਿਬ ਥਿੰਦ

ਦੇਸ਼ ਭਗਤ ਪਰਿਵਾਰਾਂ ਦੇ ਪ੍ਰਤੀਨਿਧ ਡਾਃ ਜਸਬੀਰ ਕੌਰ ਗਿੱਲ ਤੇ ਦਿਲਬਾਗ ਸਿੰਘ ਖਤਰਾਏ ਕਲਾਂ ਵੀ ਇਸ ਮੌਕੇ ਹਾਜਰ ਸਨ।

ਚੰਡੀਗੜ੍ਹ (ਸਮਾਜ ਵੀਕਲੀ) ਗੁਰਭਿੰਦਰ ਗੁਰੀ : -ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਗਦਰੀਆਂ ਅਤੇ ਬੱਬਰ ਦੇਸ਼ ਭਗਤਾਂ ਦੇ ਨਾਂ ’ਤੇ ਸੂਬੇ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ। ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਪ੍ਰਧਾਨ ਸਾਹਿਬ ਥਿੰਦ ਨੇ ਗਦਰੀ ਦੇਸ਼ ਭਗਤਾਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਪਰਿਵਾਰਾਂ ਵਿੱਚੋਂ ਬਾਬਾ ਬੰਤਾ ਸਿੰਘ ਸੰਘਵਾਲ(ਜਲੰਧਰ) ਦੀ ਪੋਤਰੀ ਪ੍ਰਿੰਸੀਪਲ ਡਾਃ ਜਸਬੀਰ ਕੌਰ ਗਿੱਲ ਅਤੇ ਇਨਕਲਾਬੀ ਯੋਧੇ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ (ਅੰਮ੍ਰਿਤਸਰ)ਦੇ ਪੋਤਰੇ ਸਃ ਦਿਲਬਾਗ ਸਿੰਘ ਭੱਟੀ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਜੀਵਨੀਆਂ ਦੇ ਰੂਪ ਵਿੱਚ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਮੁੱਖ ਮੰਤਰੀ ਤੋਂ ਸੂਬੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਦੇ ਨਾਮ ਵੀ ਸ਼ਹੀਦਾਂ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਰਖਿਆ ਗਿਆ। ਉਨ੍ਹਾਂ ਆਖਿਆ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੜਕਾਂ, ਇਮਾਰਤਾਂ ਆਦਿ ਅੱਜ ਵੀ ਅੰਗਰੇਜ਼ਾਂ ਦੇ ਨਾਵਾਂ ‘ਤੇ ਚੱਲ ਰਹੀਆਂ ਹਨ, ਇਨ੍ਹਾਂ ਦੇ ਨਾਂ ਬਦਲ ਕੇ ਗਦਰੀਆਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਨਾਂ ‘ਤੇ ਰੱਖੇ ਜਾਣੇ ਚਾਹੀਦੇ ਹਨ।
ਉਨ੍ਹਾਂ ਹੋਰ ਮੰਗ ਕੀਤੀ ਕਿ ਗਦਰੀ ਦੇਸ਼ ਭਗਤਾਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਸ਼ਹੀਦਾਂ ਦੇ ਘਰਾਂ, ਸੜਕਾਂ ਅਤੇ ਇਮਾਰਤਾਂ ਨੂੰ ਕੌਮੀ ਵਿਰਾਸਤ ਐਲਾਨਿਆ ਜਾਵੇ।

ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼-ਭਗਤਾਂ ਦੀ ਵਿਰਾਸਤ, ਪੰਜਾਬੀ ਸਭਿਆਚਾਰ ਤੋਂ ਮਾਂ-ਬੋਲੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਹ ਸੰਸਥਾ ਉੱਤਰੀ ਅਮਰੀਕਾ, ਯੂਰਪ ਤੇ ਦੱਖਣੀ ਏਸ਼ੀਆ ਸਮੇਤ ਕਈ ਦੇਸ਼ਾਂ ਵਿੱਚ ਸਰਗਰਮ ਹੈ। ਇਸ ਵਲੋਂ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਤੇ ਆਜ਼ਾਦੀ ਸੰਗਰਾਮ ਦੇ ਯੋਧਿਆਂ ਦੀ ਯਾਦ ਵਿੱਚ ਹਰ ਸਾਲ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਸਰੀ (ਬੀ.ਸੀ., ਕੈਨੇਡਾ) ਵਿੱਚ ਲਾਇਆ ਜਾਂਦਾ ਹੈ। ਇਹ ਸੰਸਥਾ ਬਰਤਾਨਵੀ ਸਾਮਰਾਜ ਵਲੋਂ ਕੀਤੀਆਂ ਬੇਇਨਸਾਫ਼ੀਆਂ ਦੇ ਖਿਲਾਫ਼ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਹੈ।

 

Previous articleਸੰਜੀਦਾ ਗਾਇਕੀ ਦੇ ਰੰਗ, ਪ੍ਰੋ. ਸ਼ਮਸ਼ਾਦ ਅਲੀ ਦੇ ਸੰਗ” ਸਮਾਗਮ ਸੰਪੰਨ
Next article45 fighter jets including Sukhoi, Rafale perform during R-Day parade