ਮਾਨਸਾ (ਸਮਾਜ ਵੀਕਲੀ): ਪੋਲਿਓ ਦੀ ਨਾਮੁਰਾਦ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਪੰਜਾਬ ਵੱਲੋਂ ਵਿੱਢੀ ਮੁਹਿੰਮ ਤਹਿਤ 1 ਜਨਵਰੀ 2023 ਨੂੰ ਸ਼ੁਰੂ ਕੀਤੀ ਜਾ ਰਹੀ ਤੀਸਰੀ ਖੁਰਾਕ (ਟੀਕਾਕਰਨ) ਸਬੰਧੀ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਡਾ. ਹਰਦੀਪ ਸ਼ਰਮਾ ਦੀ ਅਗਵਾਈ ਚ ਸਿਖਲਾਈ ਕੈਂਪ ਲਗਾਇਆ ਗਿਆ। ਡਾ. ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਵਾਂਢੀ ਦੇਸ਼ਾਂ ਵਿੱਚ ਇਸ ਬਿਮਾਰੀ ਦੇ ਕੇਸ ਸਾਹਮਣੇ ਆਉਣ ਦੀਆਂ ਖਬਰਾਂ ਕਾਰਨ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਇਹ ਖੁਰਾਕ ਹੁਣ 9 ਮਹੀਨੇ ਦੇ ਬੱਚਿਆਂ ਨੂੰ ਖਸਰਾ ਰੁਬੇਲਾ ਟੀਕੇ ਦੇ ਨਾਲ ਲਗਾਈ ਜਾਵੇਗੀ। ਇਸ ਟੀਕੇ ਤੋਂ ਵਾਂਝੇ ਰਹੇ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਸਰਵੇ ਕਰਵਾਇਆ ਜਾਵੇਗਾ ਤਾਂ ਜੋ ਹਰ ਬੱਚੇ ਨੂੰ ਪੋਲੀਓ ਤੋਂ ਬਚਾਅ ਲਈ ਇਹ ਖੁਰਾਕ ਦਿੱਤੀ ਜਾ ਸਕੇ। ਇਸ ਮੌਕੇ ਸਿਹਤ ਬਲਾਕ ਖਿਆਲਾ ਅਧੀਨ ਆਸ਼ਾ ਫੈਸੀਲੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ।