ਬਨੂੜ (ਸਮਾਜ ਵੀਕਲੀ) : ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਗੁੱਗਾ ਮਾੜੀ ਵਾਲੇ ਪਾਸੇ ਸਥਿਤ ਨਾਮਵਰ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਦੁਕਾਨ ਅੰਦਰ ਪਿਆ ਕੱਪੜਾ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਦੁਕਾਨਦਾਰ ਦਿਨੇਸ਼ ਕੁਮਾਰ ਤੇ ਉਸ ਦੇ ਪੁੱਤਰ ਧਰੂਵ ਨੇ ਦੱਸਿਆ ਕਿ ਐਤਵਾਰ ਦੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਗਏ। ਤੜਕਸਾਰ 3 ਵਜੇ ਦੇ ਕਰੀਬ ਦੁਕਾਨ ਨੇੜੇ ਰਹਿੰਦੇ ਸਬਜ਼ੀ ਵਿਕਰੇਤਾ, ਜੋ ਮੰਡੀ ਵਿਚ ਸਬਜ਼ੀ ਲੈਣ ਜਾ ਰਹੇ ਸਨ, ਦਾ ਫੋਨ ਆਇਆ ਕਿ ਸੋਅਰੂਮ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਫੋਨ ਸੁਣਦੇ ਹੀ ਦੁਕਾਨ ਵੱਲ ਭੱਜੇ, ਜਦੋਂ ਉਨ੍ਹਾਂ ਨੇ ਵੇਖਿਆ ਤਾਂ ਦੁਕਾਨ ਅੰਦਰ ਅੱਗ ਦੇ ਭਾਂਬੜ ਮੱਚ ਰਹੇ ਸਨ। ਤੁਰੰਤ ਨੇੜੇ ਦੇ ਦੁਕਾਨਦਾਰਾਂ ਨੂੰ ਫੋਨ ਰਾਹੀ ਸੂਚਨਾ ਦਿੱਤੀ। ਦੁਕਾਨ ਅੰਦਰ ਅੱਗ ਇਸ ਕਦਰ ਲੱਗੀ ਹੋਈ ਸੀ ਕਿ ਸ਼ਟਰ ਖੋਲ੍ਹਣ ਦੀ ਕਿਸੇ ਦੀ ਹਿੰਮਤ ਨਹੀ ਪੈ ਰਹੀ ਸੀ। ਰਾਜਪੁਰਾ ਤੇ ਡੇਰਾਬਸੀ ਦੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਮੁਸ਼ਕਲ ਨਾਲ ਕਾਬੂ ਪਾਇਆ। ਪੀੜਤ ਦੁਕਾਨਦਾਰ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਦਾ ਪਤਾ ਨਹੀਂ।