ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਅੱਜ ਜਲੌਅ ਕੁੱਝ ਵੱਖਰਾ ਸੀ। ‘ਆਪ’ ਨਵੇਂ ਵਿਧਾਇਕ ਨਵੇਂ ਰੰਗ ’ਚ ਦਿਖੇ। ਇਨ੍ਹਾਂ ਵਿਧਾਇਕਾਂ ਦੇ ਚਿਹਰੇ ਖਿੜੇ ਹੋਏ ਸਨ। ਨਵੇਂ ਚਿਹਰੇ ਸਦਨ ’ਚ ਦਿਲਾਂ ਦੇ ਵਲਵਲੇ ਸੰਭਾਲੀ ਬੈਠੇ ਸਨ। ‘ਆਪ’ ਸਰਕਾਰ ਦੇ ਪਹਿਲੇ ਸੈਸ਼ਨ ’ਚ ਨਵੇਂ ਵਿਧਾਇਕਾਂ ਨੇ ਸਹੁੰ ਚੁੱਕੀ ਸੀ ਅਤੇ ਅੱਜ ਵਿਸ਼ੇਸ਼ ਇਜਲਾਸ ’ਚ ਪੰਜਾਬ ਦੇ ਹੱਕਾਂ ਲਈ ਕੇਂਦਰ ਖ਼ਿਲਾਫ਼ ਮਤੇ ’ਤੇ ਬਹਿਸ ਸੀ। ‘ਆਪ’ ਦੇ 92 ਵਿਧਾਇਕਾਂ ’ਚੋਂ ਮਸਾਂ ਤਿੰਨ ਚਾਰ ਹੀ ਗ਼ੈਰਹਾਜ਼ਰ ਸਨ।
ਵੇਰਵਿਆਂ ਅਨੁਸਾਰ ‘ਆਪ’ ਦੇ ਕਰੀਬ ਡੇਢ ਦਰਜਨ ਨਵੇਂ ਵਿਧਾਇਕਾਂ ਨੂੰ ਬਹਿਸ ’ਤੇ ਬੋਲਣ ਦਾ ਚਾਅ ਸੀ। ਭਾਵੇਂ ਉਨ੍ਹਾਂ ਨੂੰ ‘ਆਪ’ ਵੱਲੋਂ ਸਦਨ ’ਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਪਰ ਇਹ ਵਿਧਾਇਕ ਪੂਰੀ ਤਿਆਰੀ ਨਾਲ ਆਏ ਹੋਏ ਸਨ। ਕਈ ਨਵੇਂ ਵਿਧਾਇਕਾਂ ਨੂੰ ਬਹਿਸ ’ਤੇ ਬੋਲਣ ਦਾ ਇੰਨਾ ਚਾਅ ਸੀ ਕਿ ਉਹ ਸਪੀਕਰ ਤੱਕ ਪਹੁੰਚ ਕਰਦੇ ਨਜ਼ਰ ਆਏ। ‘ਆਪ’ ਵੱਲੋਂ ਤੈਅ ਫ਼ੈਸਲੇ ਅਨੁਸਾਰ ਨਵੇਂ ਚਿਹਰਿਆਂ ’ਚੋਂ ਵਿਧਾਇਕਾ ਜੀਵਨਜੋਤ ਕੌਰ ਨੂੰ ਹੀ ਬੋਲਣ ਦਾ ਮੌਕਾ ਮਿਲਿਆ।
ਆਜ਼ਾਦ ਤੌਰ ’ਤੇ ਜਿੱਤੇ ਨਵੇਂ ਚਿਹਰੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਪੀਕਰ ਨੇ ਬੋਲਣ ਦਾ ਸਮਾਂ ਦਿੱਤਾ ਪਰ ਉਹ ਮੌਕਾ ਸੰਭਾਲ ਨਾ ਸਕੇ। ਇਸ ਆਜ਼ਾਦ ਵਿਧਾਇਕ ਨੂੰ ਪਹਿਲੇ ਦਿਨ ਹੀ ਸਦਨ ’ਚੋਂ ਬਾਹਰ ਹੋਣਾ ਪਿਆ। ‘ਆਪ’ ਦੇ ਨਵੇਂ ਵਿਧਾਇਕਾਂ ਲਈ 17 ਮਾਰਚ ਵਾਲਾ ਸੈਸ਼ਨ ਨਵਾਂ ਸੀ, ਨਵਾਂ ਤਜਰਬਾ ਸੀ ਤੇ ਉਦੋਂ ਉਨ੍ਹਾਂ ’ਤੇ ਝਿਜਕ ਭਾਰੂ ਸੀ। ਅੱਜ ਨਵੇਂ ਵਿਧਾਇਕ ਸਵੈ ਭਰੋਸੇ ’ਚ ਗੜੁੱਚ ਨਜ਼ਰ ਆਏ। 16ਵੀਂ ਵਿਧਾਨ ਸਭਾ ਵਿਚ ਸਾਰੇ 86 ਨਵੇਂ ਚਿਹਰੇ ਵਿਧਾਇਕ ਬਣੇ ਹਨ। ‘ਆਪ’ ਵਿਧਾਇਕਾਂ ’ਚ ਮੇਲ-ਜੋਲ ਵੀ ਜ਼ਿਆਦਾ ਦਿਖਿਆ।
ਅੱਜ ਹਾਕਮ ਧਿਰ ਦੇ ਬੈਂਚਾਂ ’ਤੇ ਸਿਆਸੀ ਰੰਗਰੂਟ ਸਨ ਜਦੋਂ ਕਿ ਉਨ੍ਹਾਂ ਦੇ ਸਾਹਮਣੇ ਵਿਰੋਧੀ ਧਿਰ ਦੇ ਬੈਂਚਾਂ ’ਤੇ ਪੁਰਾਣੇ ਸਿਆਸੀ ਖਿਡਾਰੀ ਸਨ। ‘ਆਪ’ ਵਿਧਾਇਕਾਂ ’ਚੋਂ ਜਸਵੰਤ ਸਿੰਘ ਗੱਜਣਮਾਜਰਾ, ਅਨਮੋਲ ਗਗਨ ਮਾਨ , ਰੁਪਿੰਦਰ ਹੈਪੀ, ਦਿਨੇਸ਼ ਚੱਢਾ, ਇੰਦਰਜੀਤ ਕੌਰ ਮਾਨ ਆਦਿ ਬਹਿਸ ’ਤੇ ਬੋਲਣਾ ਚਾਹੁੰਦੇ ਸਨ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਦਾ ਕਹਿਣਾ ਸੀ ਕਿ ਉਹ ਬਹਿਸ ਵਿਚ ਬੋਲਣ ਲਈ ਪੂਰੀ ਤਿਆਰੀ ਨਾਲ ਆਏ ਸਨ ਪਰ ਸਮਾਂ ਨਹੀਂ ਮਿਲ ਸਕਿਆ। ਜੀਵਨਜੋਤ ਕੌਰ ਪਹਿਲੀ ਦਫ਼ਾ ਸਦਨ ’ਚ ਬੋਲੇ, ਜਿਨ੍ਹਾਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ।
ਕਾਂਗਰਸ ਦੇ ਨਵੇਂ ਚਿਹਰੇ ਸੰਦੀਪ ਜਾਖੜ ਨੇ ਅੱਜ ਮਤੇ ’ਤੇ ਹੋਈ ਬਹਿਸ ਵਿਚ ਹਿੱਸਾ ਲਿਆ। ਸੰਦੀਪ ਜਾਖੜ ਦੇ ਭਾਸ਼ਨ ’ਚ ਪਰਿਵਾਰ ਦੀ ਵਿਰਾਸਤੀ ਝਲਕ ਨਜ਼ਰ ਆਈ। ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਨਵੇਂ ਵਿਧਾਇਕਾਂ ਨੇ ਅੱਜ ਸੰਜੀਦਗੀ ਨਾਲ ਬਹਿਸ ਸੁਣੀ ਅਤੇ ਸਭ ਇੰਨੇ ਅਨੁਸ਼ਾਸਨ ’ਚ ਬੱਝੇ ਹੋਏ ਸਨ ਕਿ ਪੁਰਾਣਿਆਂ ਲਈ ਮਿਸਾਲ ਪੇਸ਼ ਕਰ ਰਹੇ ਸਨ। ਦੇਖਿਆ ਗਿਆ ਕਿ ਨਵੇਂ ਵਿਧਾਇਕਾਂ ਦੇ ਅੱਜ ਬੋਲਣ ਦੇ ਲਹਿਜ਼ੇ ਵੀ ਬਦਲੇ ਹੋਏ ਸਨ ਅਤੇ ਪਰਪੱਕਤਾ ਵੀ ਝਲਕ ਰਹੀ ਸੀ।
ਪੰਜਾਬ ਵਿਧਾਨ ਸਭਾ ਦੀ ਦਰਸ਼ਕ ਗੈਲਰੀ ’ਚ ਵੀ ਭੀੜ ਜੁੜਨ ਲੱਗੀ ਹੈ। ਨਵੇਂ ਵਿਧਾਇਕਾਂ ਵਰਗੀ ਹੀ ਉਤਸੁਕਤਾ ਗੈਲਰੀ ਦੇ ਦਰਸ਼ਕਾਂ ’ਚ ਸੀ। ਵਿਨੀਪੈਗ ਤੋਂ ਸਿਟੀ ਕੌਂਸਲ ਦੀ ਮਹਿਲਾ ਸਪੀਕਰ ਦੇਵੀ ਸ਼ਰਮਾ ਅੱਜ ਉਚੇਚੇ ਤੌਰ ’ਤੇ ਦਰਸ਼ਕ ਗੈਲਰੀ ਵਿਚ ਬੈਠੇ ਸਨ, ਜਿਨ੍ਹਾਂ ਦਾ ਸਦਨ ’ਚ ਵਿਸ਼ੇਸ਼ ਸਵਾਗਤ ਕੀਤਾ ਗਿਆ। ਟੋਰਾਂਟੋ ਤੋਂ ਵਿਧਾਨ ਸਭਾ ਸੈਸ਼ਨ ਦੇਖਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਕਮਲਜੀਤ ਸਿੰਘ ਸਿੱਧੂ (ਰਾਈਆ) ਵੀ ਦਰਸ਼ਕ ਗੈਲਰੀ ਵਿਚ ਹਾਜ਼ਰ ਸਨ।
ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਨੇ ਵੀ ਬਹਿਸ ਵਿਚ ਹਿੱਸਾ ਲਿਆ। ਇਨ੍ਹਾਂ ਆਗੂਆਂ ਨੇ ਕੇਂਦਰ ਖ਼ਿਲਾਫ਼ ਲੜਾਈ ਲੜਨ ਦਾ ਭਰੋਸਾ ਦਿੱਤਾ। ਵਿਧਾਇਕ ਜੈ ਕਿਸ਼ਨ ਰੋੜੀ ਨੇ ਬਹਿਸ ਦੌਰਾਨ ‘ਰਾਜੇ ਰਾਣੇ’ ਸ਼ਬਦ ਦੀ ਵਰਤੋਂ ਕੀਤੀ, ਜਿਸ ’ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਤਰਾਜ਼ ਕੀਤਾ। ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਖ਼ਿਲਾਫ਼ ਮਤਾ ਪਾਸ ਕਰਨ ਲਈ ਸਰਕਾਰ ਵੱਲੋਂ ‘ਅਪਰੈਲ ਡੇਅ’ ਚੁਣਨ ’ਤੇ ਗਿਲਾ ਕੀਤਾ।
ਭਗਵੰਤ ਮਾਨ ਦਾ ਹਮਲਾਵਰ ਅੰਦਾਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਦਨ ਵਿਚ ਭਾਰੂ ਰਹੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਹਮਲਾਵਰ ਅੰਦਾਜ਼ ਵਿਚ ਦਿੱਖੇ। ਉਹ ਵਿਰੋਧੀ ਧਿਰ ’ਤੇ ਵੀ ਵਿਅੰਗ ਕੱਸਦੇ ਨਜ਼ਰ ਆਏ। ਉਨ੍ਹਾਂ ਅੱਜ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਪਹਿਲੇ ਸੈਸ਼ਨ ਨਾਲੋਂ ਅੱਜ ਵਿਸ਼ੇਸ਼ ਇਜਲਾਸ ਵਿਚ ਮੁੱਖ ਮੰਤਰੀ ਮਾਨ ਖੁੱਲ੍ਹ ਕੇ ਬੋਲੇ। ਮਾਨ ਨੇ ਕੇਂਦਰ ਸਰਕਾਰ ਖ਼ਿਲਾਫ਼ ਅੱਜ ਸਿੱਧੀ ਲਾਈਨ ਖਿੱਚੀ। ਵਿਰੋਧੀ ਧਿਰ ਕਾਂਗਰਸ ਦੇ ਸੀਨੀਅਰ ਵਿਧਾਇਕਾਂ ਨੇ ‘ਆਪ’ ਸਰਕਾਰ ਨਾਲ ਪੰਜਾਬ ਦੇ ਹਿਤਾਂ ’ਤੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਗੱਲ ਕੀਤੀ। ਨਾਲ ਹੀ ਕਾਂਗਰਸੀ ਵਿਧਾਇਕਾਂ ਨੇ ‘ਆਪ’ ਸਰਕਾਰ ਪ੍ਰਤੀ ਨਸੀਹਤੀ ਰੁਖ ਵੀ ਰੱਖਿਆ ਅਤੇ ਕਿਤੇ-ਕਿਤੇ ਹਾਕਮ ਧਿਰ ’ਤੇ ਵੀ ਵਿਅੰਗ ਕੱਸੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly